ਮੋਗਾ – ਇਥੇ ਲੋੜਵੰਦਾਂ ਲਈ ਸਰਕਾਰੀ ਰਾਸ਼ਨ ਰਾਜਨੀਤੀ ਦੀ ਭੇਟ ਚੜ੍ਹ ਗਿਆ ਹੈ। ਕਾਂਗਰਸ ਆਗੂ ਵੱਲੋਂ ਲਿਆਦਾਂ ਸਰਕਾਰੀ ਰਾਸ਼ਨ ਲੋੜਵੰਦਾਂ ’ਚ ਵੰਡਣ ਦੀ ਬਜਾਏ ਆਪਣੇ ਘਰ ’ਚ ਰੱਖਣ ਤੋਂ ’ਆਪ’ ਆਗੂ ਤੇ ਸਾਬਕਾ ਕੌਂਸਲਰ ਵੱਲੋਂ ਵਿਰੋਧ ਕਰਨ ’ਤੇ ਵਿਵਾਦ ਹੋ ਗਿਆ। ਸਿਟੀ ਪੁਲੀਸ ਮੌਕੇ ਉੱਤੇ ਪੁੱਜੀ ਤੇ ਮਾਮਲਾ ਥਾਣੇ ’ਚ ਆ ਗਿਆ।
ਡੀਐੱਸਪੀ ਸਿਟੀ ਪਰਮਜੀਤ ਸਿੰਘ ਸੰਧੂ ਨੇ ਝਗੜੇ ਦੀ ਪੁਸ਼ਟੀ ਕਰਦੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਥੋਂ ਦੇ ਵਾਰਡ ਨੰਬਰ-3 ਵਿਚ ਕਾਂਗਰਸੀ ਆਗੂ ਬਲਵੰਤ ਰਾਏ ਪੰਮਾ ਨੇ ਕਿਸੇ ਹੇਰਾਫੇਰੀ ਦੋਸ਼ਾਂ ਨਕਾਰਦੇ ਆਖਿਆ ਕਿ ਉਨ੍ਹਾਂ ਸਰਕਾਰੀ ਰਾਸ਼ਨ ਦੇ 50 ਬੈਗ ਲਿਆ ਕੇ ਆਪਣੇ ਘਰ ਰੱਖੇ ਸਨ ਅਤੇ ਭਲਕੇ 11 ਅਪਰੈਲ ਨੂੰ ਪਾਰਦਰਸ਼ੀ ਢੰਗ ਨਾਲ ਲੋੜਵੰਦਾਂ ਨੂੰ ਵੰਡਣੇ ਸਨ। ਉਨ੍ਹਾਂ ’ਆਪ’ ਆਗੂ ਉੱਤੇ ਉਨ੍ਹਾਂ ਦੇ ਸਾਥੀ ਦੀ ਕਥਿਤ ਕੁੱਟ ਮਾਰ ਕਰਨ ਦੇ ਦੋਸ਼ ਵੀ ਲਾਏ।
ਇਸ ਮੌਕੇ ਇਸ ਵਾਰਡ ਦੇ ਸਾਬਕਾ ਕੌਂਸਲਰ ਤੇ ’ਆਪ’ ਆਗੂ ਗੁਰਪ੍ਰੀਤ ਸਿੰਘ ਸਚਦੇਵਾ ਨੇ ਕੁੱਟਮਾਰ ਦੇ ਦੋਸ਼ਾਂ ਨੂੰ ਨਕਾਰਦੇ ਕਿਹਾ ਕਿ ਉਨ੍ਹਾਂ ਦੀ ਸਮਾਜ ਸੇਵੀ ਸੰਸਥਾਂ ਵੱਲੋਂ ਲੋੜਵੰਦਾਂ ਲਈ ਰਾਸ਼ਨ ਮੁਹੱਈਆ ਕਰਵਾਇਆ ਜਾ ਰਿਹਾ ਹੈ।
ਉਨ੍ਹਾਂ ਹਾਕਮ ਧਿਰ ਉੱਤੇ ਰਾਸ਼ਨ ਦੀ ਕਾਣੀ ਵੰਡ ਦਾ ਦੋਸ਼ ਲਗਾਉਂਦੇ ਘਰ ’ਚ ਸਰਕਾਰੀ ਰਾਸ਼ਨ ਰੱਖਣ ਦਾ ਵਿਰੋਧ ਕਰਦੇ ਕਿਹਾ ਕਿ ਕਰੋਨਾ ਸੰਕਟ ਕਾਰਨ ਤਕਰੀਬਨ 15 ਦਿਨਾਂ ਤੋਂ ਬਹੁਤੇ ਪਰਵਾਸੀ ਤੇ ਹੋਰ ਲੋੜਵੰਦ ਸਹੂਲਤ ਤੋਂ ਵਾਂਝੇ ਹਨ। ਉਨ੍ਹਾ ਇਸ ਮਾਮਲੇ ਦੀ ਜਾਚ ਦੀ ਮੰਗ ਕਰਦੇ ਕਿਹਾ ਕਿ ਉਹ ਪਹਿਲਾਂ ਹੀ ਸਰਕਾਰੀ ਰਾਸ਼ਨ ਦੀ ਕਾਣੀ ਵੰਡ ਦੀ ਡਿਪਟੀ ਕਮਿਸ਼ਨਰ ਤੇ ਹੋਰ ਅਧਿਕਾਰੀਆਂ ਨੂੰ ਵੀ ਸ਼ਿਕਾਇਤ ਕਰ ਚੁੱਕੇ ਹਨ।
ਮੌਕੇ ’ਤੇ ਪੁੱਜੇ ਥਾਣਾ ਸਿਟੀ ਮੁਖੀ ਇੰਸਪੈਕਟਰ ਗੁਰਪ੍ਰੀਤ ਸਿੰਘ ਤੇ ਸੀਆਈਏ ਸਟਾਫ਼ ਮੁਖੀ ਇੰਸਪੈਕਟਰ ਤਿਰਲੋਚਨ ਸਿੰਘ ਨੇ ਕਿਹਾ ਕਿ ਸਾਰੀ ਘਟਨਾ ਦੀ ਸੀਸੀਟੀਵੀ ਕੈਮਰੇ ਫੁਟੇਜ਼ ਹਾਸਲ ਕਰਨ ਤੋਂ ਇਲਾਵਾ ਨੇੜੇ ਰਹਿੰਦੇ ਲੋਕਾਂ ਤੋਂ ਸੱਚਾਈ ਪਤਾ ਕਰਕੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।