ਪਠਾਨਕੋਟ ’ਚ ਪੀੜਤਾਂ ਦੀ ਗਿਣਤੀ 15 ਹੋਈ

ਪਠਾਨਕੋਟ (ਸਮਾਜਵੀਕਲੀ)ਜ਼ਿਲ੍ਹਾ ਪਠਾਨਕੋਟ ਅੰਦਰ ਕਰੋਨਾਵਾਇਰਸ ਪਾਜ਼ੇਟਿਵ ਕੇਸਾਂ ਦੀ ਗਿਣਤੀ 7 ਤੋਂ ਵੱਧ ਕੇ 15 ਤੱਕ ਪੁੱਜ ਗਈ ਹੈ। ਇਨ੍ਹਾਂ ਵਿੱਚ 14 ਕੇਸ ਤਾਂ ਸੁਜਾਨਪੁਰ ਵਿਚ ਕਰੋਨਾਵਾਇਰਸ ਨਾਲ ਮਰੀ 75 ਸਾਲ ਦੀ ਰਾਜ ਰਾਣੀ ਦੇ ਪਰਿਵਾਰ ਜਾਂ ਸੰਪਰਕ ਵਿੱਚ ਆਏ ਮੈਂਬਰਾਂ ਦੇ ਹਨ ਜਦਕਿ ਇੱਕ ਕੇਸ ਅੱਜ ਆਨੰਦਪੁਰ ਰੜ੍ਹਾ ਦੇ ਵਾਸੀ ਦਾ ਪਾਜ਼ੇਟਿਵ ਆਇਆ ਹੈ। ਇਸ ਦਾ ਨਾਂ ਰਾਜ ਕੁਮਾਰ ਰਾਜੂ ਦੱਸਿਆ ਜਾ ਰਿਹਾ ਹੈ।

ਡਿਪਟੀ ਕਮਿਸ਼ਨਰ ਪਠਾਨਕੋਟ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਕਰੋਨਾਵਾਇਰਸ ਨਾਲ ਪੀੜਤ ਸੁਜਾਨਪੁਰ ਦੀ ਰਾਜ ਰਾਣੀ ਦੀ ਮੌਤ ਤੋਂ ਬਾਅਦ 7 ਅਪਰੈਲ ਨੂੰ ਰਾਜ ਰਾਣੀ ਦੇ ਪਤੀ ਪ੍ਰੇਮ ਪਾਲ ਦੀ ਰਿਪੋਰਟ ਵੀ ਪਾਜ਼ੇਟਿਵ ਆਈ ਸੀ। ਇਸ ਤੋਂ ਬਾਅਦ ਉਸ ਦੇ ਪਰਿਵਾਰ ਦੇ 5 ਮੈਂਬਰ ਹੋਰ ਪਾਜ਼ੇਟਿਵ ਪਾਏ ਗਏ ਸਨ। ਅੱਜ ਜ਼ਿਲ੍ਹਾ ਪਠਾਨਕੋਟ ਵਿੱਚ 8 ਹੋਰ ਰਿਪੋਰਟਾਂ ਆਈਆਂ ਹਨ ਅਤੇ ਇਹ ਸਾਰੇ ਕਰੋਨਾ ਪਾਜ਼ੇਟਿਵ ਪਾਏ ਗਏ ਹਨ।

ਪਾਜ਼ੇਟਿਵ ਪਾਏ ਗਏ ਮੈਂਬਰਾਂ ਵਿੱਚ ਰਿਸ਼ਵ (23), ਜੋਤੀ (34), ਪਰਵੀਨ (53), ਪ੍ਰੋਮਿਲਾ ਸ਼ਰਮਾ (50) ਅਤੇ ਸੁਰੇਸ਼ (54) ਦੇ ਨਾਂ ਸ਼ਾਮਲ ਹਨ। ਜਦ ਕਿ ਅੱਜ ਆਈ ਰਿਪੋਰਟ ਵਿੱਚ ਸ਼ੇਖਾ ਮੁਹੱਲਾ ਸੁਜਾਨਪੁਰ ਨਿਵਾਸੀ ਸੁਭਾਸ਼ ਚੰਦਰ (67) ਅਤੇ ਗਨੇਸ਼ ਕੁਮਾਰ (55) ਸਾਲ ਪਾਜ਼ੇਟਿਵ ਪਾਏ ਗਏ ਹਨ। ਇਹ ਦੋਵੇਂ ਮੁਹੱਲਾ ਸ਼ੇਖਾ ਵਾਸੀ ਪ੍ਰੇਮ ਪਾਲ ਦੇ ਸੰਪਰਕ ਵਿੱਚ ਆਏ ਸਨ ਜੋ ਰਾਜ ਰਾਣੀ ਦਾ ਪਤੀ ਹੈ। ਇਸ ਤੋਂ ਇਲਾਵਾ ਮੁਹੱਲਾ ਸ਼ੇਖਾ ਸੁਜਾਨਪੁਰ ਵਾਸੀ ਕਮਲੇਸ਼ ਕੁਮਾਰੀ (57), ਹਰਸ਼ (18), ਜੋਤੀ ਗੁਪਤਾ (39), ਆਕਰਿਤੀ (15) ਅਤੇ ਰਾਮ ਪਿਆਰੀ (77) ਸਾਲ ਪਾਜ਼ੇਟਿਵ ਪਾਏ ਗਏ ਹਨ ਤੇ ਇਹ ਪੰਜੇ ਰਾਜ ਰਾਣੀ ਦੇ ਸੰਪਰਕ ਵਿੱਚ ਸਨ। ਇਨ੍ਹਾਂ ਤੋਂ ਇਲਾਵਾ ਮੁਹੱਲਾ ਆਨੰਦਪੁਰ ਰੜ੍ਹਾ ਦਾ ਰਾਜ ਕੁਮਾਰ (56) ਪਾਜ਼ੇਟਿਵ ਪਾਇਆ ਗਿਆ ਹੈ।

ਪ੍ਰਸ਼ਾਸਨ ਨੇ ਸੁਜਾਨਪੁਰ ਖੇਤਰ ਵਿੱਚ ਕਰੋਨਾ ਨੂੰ ਫੈਲਣ ਤੋਂ ਰੋਕਣ ਲਈ ਸਿੰਗਲ ਐਗਜ਼ਿਟ ਪੁਆਇੰਟ ਰੱਖਿਆ ਹੈ। ਕਮਿਊਨਿਟੀ ਹੈਲਥ ਸੈਂਟਰ ਸੁਜਾਨਪੁਰ ਦੀ ਐਸਐਮਓ ਨੀਰੂ ਸ਼ਰਮਾ ਨੇ ਦੱਸਿਆ ਕਿ ਸੁਜਾਨਪੁਰ ਦੇ 15 ਵਾਰਡਾਂ ਲਈ 15 ਟੀਮਾਂ ਦਾ ਗਠਨ ਕੀਤਾ ਗਿਆ ਹੈ ਜਿਸ ਵਿਚ ਹਰ ਟੀਮ ਵਿਚ ਚਾਰ ਮੈਂਬਰ ਹੋਣਗੇ ਜੋ ਲੋਕਾਂ ਦੇ ਘਰ-ਘਰ ਜਾ ਕੇ ਕਰੋਨਾ ਬਿਮਾਰੀ ਸਬੰਧੀ ਲੱਛਣਾਂ ਦਾ ਪਤਾ ਕਰਨਗੇ। ਇਹ ਟੀਮਾਂ ਤਿੰਨ ਦਿਨਾਂ ਵਿੱਚ ਪੂਰੇ ਸ਼ਹਿਰ ਦੇ ਸਾਰੇ ਵਾਰਡਾਂ ਦਾ ਸਰਵੇ ਕਰਨਗੀਆਂ।

Previous articleਕਰੋਨਾਵਾਇਰਸ: ਮੋਗਾ ਵਿੱਚ ਸਰਕਾਰੀ ਰਾਸ਼ਨ ਨੂੰ ਲੱਗੀ ਸਿਆਸੀ ਸੁੱਸਰੀ
Next articleਮਾਲਿਆ ਨੂੰ ਬਰਤਾਨੀਆ ਦੇ ਹਾਈ ਕੋਰਟ ਤੋਂ ਰਾਹਤ ਮਿਲੀ