ਵਾਸ਼ਿੰਗਟਨ (ਸਮਾਜ ਵੀਕਲੀ) : ਅਮਰੀਕੀ ਰਾਸ਼ਟਰਪਤੀ ਅਹੁਦੇ ਲਈ ਡੈਮੋਕਰੈਟ ਉਮੀਦਵਾਰ ਜੋਅ ਬਾਇਡਨ ਨੇ ਕਿਹਾ ਹੈ ਕਿ ਰਾਸ਼ਟਰਪਤੀ ਡੋਨਲਡ ਟਰੰਪ ਤੇ ਉਨ੍ਹਾਂ ਦੀ ਪਤਨੀ ਦਾ ਕਰੋਨਾਵਾਇਰਸ ਦੀ ਲਪੇਟ ਵਿਚ ਆਉਣਾ ਇਹ ਚੇਤੇ ਕਰਵਾਉਂਦਾ ਹੈ ਕਿ ਵਾਇਰਸ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ। ਉਨ੍ਹਾਂ ਲੋਕਾਂ ਨੂੰ ਬੇਨਤੀ ਕੀਤੀ ਕਿ ਮਾਸਕ ਪਹਿਨਣ, ਹੱਥ ਧੋਣ ਤੇ ਫ਼ਾਸਲਾ ਬਰਕਰਾਰ ਰੱਖਣ ਦੀ ਪੂਰੀ ਕੋਸ਼ਿਸ਼ ਕਰਨ।
ਬਾਇਡਨ ਨੇ ਟਰੰਪ ਤੇ ਪ੍ਰਥਮ ਮਹਿਲਾ ਦੀ ਜਲਦੀ ਸਿਹਤਯਾਬੀ ਦੀ ਕਾਮਨਾ ਕੀਤੀ। ਉਨ੍ਹਾਂ ਕਿਹਾ ਕਿ ਇਹ ਸਿਆਸਤ ਦਾ ਮਾਮਲਾ ਨਹੀਂ ਹੈ। ਇਹ ਆਪਣੇ ਆਪ ਨਹੀਂ ਜਾਵੇਗਾ, ਸਾਨੂੰ ਵੀ ਜ਼ਿੰਮੇਵਾਰੀ ਨਿਭਾਉਣੀ ਪਵੇਗੀ। ਬਾਇਡਨ ਨੇ ਕਿਹਾ ਕਿ ਮਾਸਕ ਸਿਰਫ਼ ਤੁਹਾਨੂੰ ਹੀ ਨਹੀਂ ਬਚਾਏਗਾ, ਪਰ ਤੁਹਾਡੇ ਆਲੇ-ਦੁਆਲੇ ਦੇ ਲੋਕਾਂ ਤੇ ਪਰਿਵਾਰ ਨੂੰ ਵੀ ਬਚਾਏਗਾ। ਮੇਓ ਕਲੀਨਿਕ ’ਚ ਤਾਇਨਾਤ ਲਾਗ਼ ਦੀਆਂ ਬਿਮਾਰੀਆਂ ਦੇ ਮਾਹਿਰ ਡਾ. ਗ੍ਰੈਗਰੀ ਪੋਲੈਂਡ ਮੁਤਾਬਕ ਕੋਵਿਡ-19 ਪੀੜਤ ਟਰੰਪ ਨੂੰ ਵਡੇਰੀ ਉਮਰ, ਮੋਟਾਪੇ, ਕੋਲੈਸਟਰੋਲ ਤੇ ਪੁਰਸ਼ ਹੋਣ ਕਾਰਨ ਵਾਇਰਸ ਤੋਂ ਖ਼ਤਰਾ ਵੱਧ ਹੈ ਤੇ ਉਹ ਗੰਭੀਰ ਬਿਮਾਰ ਵੀ ਹੋ ਸਕਦੇ ਹਨ।
ਵਾਇਰਸ ਕਿਸ ਤਰ੍ਹਾਂ ਅਸਰ ਪਾਵੇਗਾ, ਹਾਲੇ ਕੁਝ ਨਹੀਂ ਕਿਹਾ ਜਾ ਸਕਦਾ। ਟਰੰਪ ਦੇ ਡਾਕਟਰ ਸ਼ੌਨ ਕੋਨਲੈ ਮੁਤਾਬਕ ਦੋਵੇਂ ਪਤੀ-ਪਤਨੀ ਅਜੇ ਠੀਕ-ਠਾਕ ਹਨ ਤੇ ਵਾਈਟ ਹਾਊਸ ਵਿਚ ਹੀ ਰਹਿ ਕੇ ਠੀਕ ਹੋਣਾ ਚਾਹੁੰਦੇ ਹਨ। ਉਨ੍ਹਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਵਾਈਟ ਹਾਊਸ ਦੇ ਅਧਿਕਾਰੀਆਂ ਮੁਤਾਬਕ ਟਰੰਪ ਨੂੰ ਹਲਕੇ ਲੱਛਣ ਹਨ।