ਬਾਗ਼ੀ ਵਿਧਾਇਕਾਂ ਨੂੰ ਕੈਬਨਿਟ ਪੁਨਰਗਠਨ ਰਾਹੀਂ ਮਨਾਉਣ ਦੀ ਕਵਾਇਦ;
ਅਸਤੀਫ਼ੇ ਦੇਣ ਵਾਲੇ ਵਿਧਾਇਕ ਮੁੰਬਈ ਤੋਂ ਗੋਆ ਪੁੱਜੇ
ਕਰਨਾਟਕ ਦੀ 13 ਮਹੀਨੇ ਪਹਿਲਾਂ ਹੋਂਦ ’ਚ ਆਈ ਤੇ ਮੌਜੂਦਾ ਸਮੇਂ ਸਿਆਸੀ ਸੰਕਟ ਵਿਚ ਘਿਰੀ ਕਾਂਗਰਸ-ਜੇਡੀ (ਐੱਸ) ਗੱਠਜੋੜ ਸਰਕਾਰ ਨੂੰ ਬਚਾਉਣ ਦੇ ਆਖ਼ਰੀ ਹੰਭਲੇ ਤਹਿਤ ਅੱਜ ਕਾਂਗਰਸ ਤੇ ਜੇਡੀ (ਐੱਸ) ਦੇ ਸਾਰੇ ਮੰਤਰੀਆਂ ਨੇ ਅਸਤੀਫ਼ੇ ਦੇ ਦਿੱਤੇ ਹਨ ਤਾਂ ਕਿ ਕੈਬਨਿਟ ਦਾ ਪੁਨਰਗਠਨ ਕਰ ਕੇ ਬਾਗ਼ੀ ਵਿਧਾਇਕਾਂ ਲਈ ਥਾਂ ਬਣਾਈ ਜਾ ਸਕੇ। ਜ਼ਿਕਰਯੋਗ ਹੈ ਕਿ ਦਰਜਨ ਤੋਂ ਵੱਧ ਵਿਧਾਇਕਾਂ ਨੇ ਸਰਕਾਰ ਨਾਲ ਨਾਰਾਜ਼ਗੀ ਜਤਾਉਂਦਿਆਂ ਕੁਝ ਦਿਨ ਪਹਿਲਾਂ ਅਸਤੀਫ਼ੇ ਦੇ ਦਿੱਤੇ ਸਨ। ਕਾਂਗਰਸ ਦਾ ਕਹਿਣਾ ਹੈ ਕਿ ਮੰਤਰੀਆਂ ਨੇ ਮਰਜ਼ੀ ਨਾਲ ਅਸਤੀਫ਼ੇ ਦਿੱਤੇ ਹਨ। ਕਾਂਗਰਸ ਦੇ ਸਾਰੇ 21 ਤੇ ਜੇਡੀ(ਐੱਸ) ਦੇ ਸਾਰੇ ਨੌਂ ਮੰਤਰੀਆਂ ਨੇ ਅਸਤੀਫ਼ੇ ਦੇ ਦਿੱਤੇ ਹਨ। ਮੁੱਖ ਮੰਤਰੀ ਐਚ.ਡੀ. ਕੁਮਾਰਸਵਾਮੀ ਦੇ ਦਫ਼ਤਰ ਨੇ ਵੀ ਇਹੀ ਕਿਹਾ ਹੈ ਕਿ ਅਸਤੀਫ਼ੇ ਕੈਬਨਿਟ ਪੁਨਰਗਠਨ ਲਈ ਰਾਹ ਪੱਧਰਾ ਕਰਨ ਲਈ ਦਿੱਤੇ ਗਏ ਹਨ। ਦਫ਼ਤਰ ਮੁਤਾਬਕ ਕੈਬਨਿਟ ਦਾ ਪੁਨਰਗਠਨ ਛੇਤੀ ਕੀਤਾ ਜਾਵੇਗਾ। ਇਸ ਸਬੰਧੀ ਫ਼ੈਸਲਾ ਡਿਪਟੀ ਮੁੱਖ ਮੰਤਰੀ ਜੀ. ਪਰਮੇਸ਼ਵਰ ਦੀ ਰਿਹਾਇਸ਼ ’ਤੇ ਕਾਂਗਰਸੀਆਂ ਮੰਤਰੀਆਂ ਦੀ ਹੋਈ ਮੀਟਿੰਗ ਵਿਚ ਲਿਆ ਗਿਆ। ਇਸ ਮੌਕੇ ਕਾਂਗਰਸ ਵਿਧਾਇਕ ਦਲ ਦੇ ਆਗੂ ਸਿੱਧਾਰਮਈਆ ਤੇ ਕਾਂਗਰਸ ਦੇ ਕੌਮੀ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਵੀ ਹਾਜ਼ਰ ਸਨ।ਮੁੱਖ ਮੰਤਰੀ ਐਚ.ਡੀ. ਕੁਮਾਰਸਵਾਮੀ ਨੇ ਮੀਟਿੰਗ ਤੋਂ ਬਾਅਦ ਕਾਂਗਰਸੀ ਆਗੂਆਂ ਨਾਲ ਮੀਟਿੰਗ ਕੀਤੀ। ਵੇਣੂਗੋਪਾਲ ਨੇ ਕਿਹਾ ਕਿ ਪਾਰਟੀ ਦੇ ਹਿੱਤਾਂ ਨੂੰ ਧਿਆਨ ਵਿਚ ਰੱਖਦਿਆਂ ਸੀਨੀਅਰ ਆਗੂਆਂ ਤੇ ਮੰਤਰੀਆਂ ਨਾਲ ਲੰਮੀ ਵਿਚਾਰ-ਚਰਚਾ ਤੋਂ ਬਾਅਦ ਸਵੇਰੇ ਉਹ ਮੰਤਰੀਆਂ ਨੂੰ ਮਿਲੇ। ਮੌਜੂਦਾ ਸਥਿਤੀ ਨੂੰ ਧਿਆਨ ਵਿਚ ਰੱਖਦਿਆਂ ਮੰਤਰੀਆਂ ਨੇ ਖ਼ੁਦ ਹੀ ਅਸਤੀਫ਼ੇ ਸੌਂਪ ਦਿੱਤੇ। ਉਨ੍ਹਾਂ ਕਿਹਾ ਕਿ ਸੂਬਾ ਮੰਤਰੀਆਂ ਨੇ ਕੈਬਨਿਟ ਦੇ ਪੁਨਰਗਠਨ ਬਾਰੇ ਕੋਈ ਵੀ ਫ਼ੈਸਲਾ ਲੈਣ ਦਾ ਹੱਕ ਪਾਰਟੀ ਨੂੰ ਦੇ ਦਿੱਤਾ ਹੈ ਤਾਂ ਕਿ ਸੰਕਟ ਦਾ ਹੱਲ ਕੱਢਿਆ ਜਾ ਸਕੇ। ਸਿੱਧਾਰਮਈਆ ਨੇ ਵੀ ਇਸੇ ਤਰ੍ਹਾਂ ਦੇ ਵਿਚਾਰ ਪ੍ਰਗਟਾਏ। ਵੇਣੂਗੋਪਾਲ ਨੇ ਕਿਹਾ ਕਿ ਪਾਰਟੀ ਅਸਤੀਫ਼ਾ ਦੇ ਗਏ ਵਿਧਾਇਕਾਂ ਨਾਲ ਸਾਰੇ ਮੁੱਦਿਆਂ ’ਤੇ ਗੱਲਬਾਤ ਲਈ ਤਿਆਰ ਹੈ। ਅਸਤੀਫ਼ਾ ਦੇਣ ਵਾਲੇ ਕਾਂਗਰਸ ਦੇ ਦਸ, ਜੇਡੀ(ਐੱਸ) ਦੇ ਦੋ ਅਤੇ ਦੋ ਆਜ਼ਾਦ ਵਿਧਾਇਕ ਮੁੰਬਈ ਤੋਂ ਗੋਆ ਪੁੱਜ ਗਏ ਹਨ। ਉਨ੍ਹਾਂ ਸਰਕਾਰ ਦੇ ਬਰਕਰਾਰ ਰਹਿਣ ਦਾ ਭਰੋਸਾ ਜਤਾਇਆ ਤੇ ਪੈਦਾ ਹੋਏ ਸੰਕਟ ਦਾ ਭਾਂਡਾ ਭਾਜਪਾ ਸਿਰ ਭੰਨ੍ਹਿਆ। ਕੈਬਨਿਟ ਵਿਚ ਜੇਡੀ(ਐੱਸ) ਦਾ ਹਿੱਸਾ ਮੁੱਖ ਮੰਤਰੀ ਸਣੇ 12 ਹੈ ਜਦਕਿ ਕਾਂਗਰਸ ਦੇ 22 ਮੰਤਰੀ ਹਨ। ਆਜ਼ਾਦ ਵਿਧਾਇਕ ਆਰ. ਸ਼ੰਕਰ ਨੂੰ ਪਾਰਟੀ ਕੋਟੇ ਤਹਿਤ ਲੰਘੇ ਮਹੀਨੇ ਮੰਤਰੀ ਬਣਾਇਆ ਗਿਆ ਸੀ। ਕਾਂਗਰਸੀ ਆਗੂ ਅਧੀਨ ਰੰਜਨ ਚੌਧਰੀ ਨੇ ਭਾਜਪਾ ਨੂੰ ‘ਸ਼ਿਕਾਰੀਆਂ ਦੀ ਪਾਰਟੀ’ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਕਰਨਾਟਕ ਵਿਚ ਬਣੀ ਸਥਿਤੀ ਨੂੰ ਸੰਸਦ ਵਿਚ ਉਠਾਏਗੀ। ਹਾਲਾਂਕਿ ਉਨ੍ਹਾਂ ਇਸ ਸਬੰਧੀ ਬਣਾਈ ਕਿਸੇ ਵਿਸ਼ੇਸ਼ ਨੀਤੀ ਦਾ ਖ਼ੁਲਾਸਾ ਕਰਨ ਤੋਂ ਇਨਕਾਰ ਕਰ ਦਿੱਤਾ। ਕਰਨਾਟਕ ਵਿਚ ਉਪਜੇ ਸੰਕਟ ’ਚ ਕੋਈ ਭੂਮਿਕਾ ਹੋਣ ਬਾਰੇ ਇਨਕਾਰ ਕਰਨ ਤੋਂ ਬਾਅਦ ਭਾਜਪਾ ਨੇ ਹੁਣ ਕਿਹਾ ਹੈ ਕਿ ਮੁੱਖ ਮੰਤਰੀ ਐਚ.ਡੀ. ਕੁਮਾਰਸਵਾਮੀ ਨੂੰ ਅਸਤੀਫ਼ੇ ਦੇ ਕੇ ਕੁਰਸੀ ਛੱਡ ਦੇਣੀ ਚਾਹੀਦੀ ਹੈ ਕਿਉਂਕਿ ਸਰਕਾਰ ਕੋਲ ‘ਬਹੁਮਤ’ ਨਹੀਂ ਰਿਹਾ। ਸੂਬੇ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਤੇ ਭਾਜਪਾ ਵਿਧਾਇਕ ਆਰ. ਅਸ਼ੋਕ ਨੇ ਕਿਹਾ ਕਿ ਜੇ ਕੁਮਾਰਸਵਾਮੀ ਮਾਣ-ਮਰਿਆਦਾ ਤੇ ਸਵੈਮਾਣ ਦਾ ਖ਼ਿਆਲ ਕਰਦੇ ਹਨ ਅਤੇ ਜੇ ਸੂਬੇ ਦੇ ਸਭਿਆਚਾਰ ਤੇ ਵਿਰਾਸਤ ਬਾਰੇ ਜਾਣੂ ਹਨ ਤਾਂ ਉਨ੍ਹਾਂ ਨੂੰ ਤੁਰੰਤ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।