ਸ੍ਰੀਨਗਰ (ਸਮਾਜਵੀਕਲੀ) – ਉੱਤਰੀ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਹੰਦਵਾੜਾ ਇਲਾਕੇ ’ਚ ਸੁਰੱਖਿਆ ਬਲਾਂ ਦੀ ਅਤਿਵਾਦੀਆਂ ਨਾਲ ਹੋਏ ਮੁਕਾਬਲੇ ਵਿੱਚ ਫੌਜ ਦੇ ਕਰਨਲ ਅਤੇ ਮੇਜਰ ਸਮੇਤ ਪੰਜ ਜਵਾਨ ਸ਼ਹੀਦ ਹੋ ਗਏ। ਇਹ ਜਾਣਕਾਰੀ ਡੀਜੀਪੀ ਦਿਲਬਾਗ ਸਿੰਘ ਨੇ ਦਿੱਤੀ।
ਖ਼ਬਰ ਏਜੰਸੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, ‘‘ਬੜੇ ਹੀ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਇਥੇ ਅਤਿਵਾਦੀਆਂ ਨਾਲ ਮੁਕਾਬਲੇ ਵਿੱਚ ਫੌਜ ਦੇ ਕਰਨਲ ਆਸ਼ੁੂਤੋਸ਼ ਸ਼ਰਮਾ, ਮੇਜਰ ਅਨੁਜ ਸੂਦ ਅਤੇ ਜੰਮੂ ਕਸ਼ਮੀਰ ਪੁਲੀਸ ਦੇ ਸਬ ਇੰਸਪੈਕਟਰ ਸ਼ਕੀਲ ਕਾਜ਼ੀ ਸਮੇਤ ਪੰਜ ਜਵਾਨ ਸ਼ਹੀਦ ਹੋ ਗਏ ਹਨ।’’ ਉਨ੍ਹਾਂ ਕਿਹਾ ਕਿ ਕਰਨਲ ਅਤੇ ਉਨ੍ਹਾਂ ਦੀ ਟੀਮ ਨੇ ਅਤਿਵਾਦੀਆਂ ਨਾਲ ਬਹਾਦੁਰੀ ਨਾਲ ਮੁਕਾਬਲਾ ਤੇ ਇਸ ਦੌਰਾਨ ਮੁਕਾਬਲੇ ਵਿੱਚ ਦੋ ਅਤਿਵਾਦੀ ਮਾਰੇ ਗਏ।
ਇਸੇ ਦੌਰਾਨ ਕਸ਼ਮੀਰ ਦੇ ਹੰਦਵਾੜਾ ਇਲਾਕੇ ਵਿੱਚ ਅਤਿਵਾਦੀ ਹਮਲੇ ਦੀ ਜ਼ਿੰਮੇਵਾਰੀ ਅਤਿਵਾਦੀ ਸੰਗਠਨ ਹਿਜ਼ਬੁਲ ਮੁਜਾਹਿਦੀਨ ਅਤੇ ਲਸ਼ਕਰ-ਏ ਤੋਇਬਾ ਦੇ ਨਵੇਂ ਬਣੇ ਸੰਗਠਨ ਦਿ ਰੈਜ਼ੀਡੈਂਟ ਫਰੰਟ (ਟੀਆਰਐੱਫ) ਨੇ ਲਈ ਹੈ। ਇਨ੍ਹਾਂ ’ਚੋਂ ਹਿਜ਼ਬੁਲ ਮੁਜਾਹਿਦੀਨ ਨੇ ਆਡੀਓ ਕਾਲ ਕਰਕੇ ਅਤੇ ਟੀਆਰਐੱਫ ਨੇ ਅਤਿਵਾਦੀਆਂ ਦੀਆਂ ਫੋਟੋਆਂ ਜਾਰੀ ਕਰਕੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ।
ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਸੁਰੱਖਿਆ ਬਲਾਂ ਨੂੰ ਜਾਣਕਾਰੀ ਮਿਲੀ ਸੀ ਕਿ ਕੁੱਪਵਾੜਾ ਜ਼ਿਲ੍ਹੇ ਦੇ ਹੰਦਵਾੜਾ ਦੇ ਚਾਂਗੀਮੁੂਲਾ ਦੇ ਇਕ ਘਰ ਵਿੱਚ ਅਤਿਵਾਦੀ ਲੁਕੇ ਹੋਏ ਹਨ। ਇਸ ਤਹਿਤ ਜੰਮੂ ਕਸ਼ਮੀਰ ਪੁਲੀਸ ਅਤੇ ਫੌਜ ਵੱਲੋਂ ਇਕ ਸਾਂਝਾ ਅਪਰੇਸ਼ਨ ਚਲਾਇਆ ਗਿਆ। ਇਸ ਸਬੰਧੀ ਪੰਜ ਫੌਜੀ ਅਤੇ ਪੁਲੀਸ ਅਫ਼ਸਰਾਂ ਦੀ ਟੀਮ ਦਾ ਗਠਨ ਕੀਤਾ ਗਿਆ।
ਟੀਮ ਨੇ ਜਦੋਂ ਇਸ ਖੇਤਰ ਵਿੱਚ ਕਾਰਵਾਈ ਸ਼ੁਰੂ ਕੀਤੀ ਤਾਂ ਸੂਹ ਮਿਲਦਿਆਂ ਹੀ ਅਤਿਵਾਦੀਆਂ ਨੇ ਸੁਰੱਖਿਆ ਬਲਾਂ ’ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਪੁਲੀਸ ਵੱਲੋਂ ਕੀਤੀ ਜਵਾਬੀ ਕਾਰਵਾਈ ਵਿੱਚ ਦੋ ਅਤਿਵਾਦੀ ਮਾਰੇ ਗਏ ਅਤੇ ਪੰਜ ਸੁਰੱਖਿਆ ਬਲਾਂ ਦੇ ਜਵਾਨ ਸ਼ਹੀਦ ਹੋ ਗਏ। ਇਹ ਸਮਝਿਆ ਜਾ ਰਿਹਾ ਹੈ ਕਿ ਇਹ ਅਤਿਵਾਦੀ ਮਕਬੂਜ਼ਾ ਕਸ਼ਮੀਰ ਤੋਂ ਘੁਸਪੈਠ ਕਰਕੇ ਇਥੇ ਆਏ ਸਨ।
ਮੁਕਾਬਲੇ ’ਚ ਸ਼ਹੀਦ ਹੋਏ ਕਰਨਲ ਆਸ਼ੂਤੋਸ਼ ਸ਼ਰਮਾ, ਮੇਜਰ ਅਨੁਜ ਸੂਦ ਸਮੇਤ ਦੂਜੇ ਜਵਾਨਾਂ ਦੀ ਪਛਾਣ ਲਾਂਸ ਨਾਇਕ ਰਾਜੇਸ਼ ਅਤੇ ਲਾਂਸ ਨਾਇਕ ਦਿਨੇਸ਼ ਵਜੋਂ ਹੋਈ ਹੈ। ਕਰਨਲ ਸ਼ਰਮਾ 21 ਰਾਸ਼ਟਰੀ ਰਾਈਫਲਜ਼ ਦੇ ਕਮਾਂਡਿੰਗ ਅਫ਼ਸਰ ਸਨ। ਦਹਿਸ਼ਤਗਰਦੀ ਦੇ ਪਿਛਲੇ ਤਿੰਨ ਦਹਾਕਿਆਂ ਦੇ ਦੌਰ ਵਿੱਚ 21 ਰਾਸ਼ਟਰੀ ਰਾਈਫਲਜ਼ ਨੇ ਹੰਦਵਾੜਾ ਮੁਕਾਬਲੇ ਵਿੱਚ ਆਪਣੇ ਦੂਜੇ ਸਨਮਾਨਿਤ ਅਧਿਕਾਰੀ ਨੂੰ ਆਸ਼ੂਤੋਸ਼ ਸ਼ਰਮਾ ਨੂੰ ਗੁਆ ਲਿਆ ਹੈ।
ਉਹ ਅਤਿਵਾਦ ਦੇ ਕਾਲੇ ਦੌਰ ਦੌਰਾਨ ਫੌਜ ਦੇ ਸਨਮਾਨਤ ਅਧਿਕਾਰੀ ਸਨ ਅਤੇ ਕਈ ਤਗਮੇ ਪ੍ਰਾਪਤ ਕਰ ਕੇ ਆਪਣੀ ਜਾਂਬਾਜ਼ੀ ਦਾ ਸਬੂਤ ਦੇ ਚੁੱਕੇ ਸਨ। ਕਰਨਲ ਸ਼ਰਮਾ ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਅਤੇ ਮੇਜਰ ਸੂਦ ਚੰਡੀਗੜ੍ਹ ਨਾਲ ਸਬੰਧਤ ਹਨ।