ਸਮਾਜ ਵੀਕਲੀ
(ਭਾਗ-1)
‘ਜਾਂਬਰ’ ਕਬੀਲੇ ਦਾ ਇੱਕ ਗੱਭਰੂ ‘ਭੀਲਾ’ ਜੰਗਲ ਵਿੱਚ ਲੱਕੜ ਕੱਟ ਰਿਹਾ ਸੀ ਕਿ ਅਚਾਨਕ ਉਹਦੇ ਨਜ਼ਰੀਂ ‘ਨਾਂਬਰ’ ਕਬੀਲੇ ਵਾਲਿਆਂ ਦੀ ਮੁਟਿਆਰ ‘ਝੂਲਨ’ ਤੇ ਪਈ ‘ਤੇ ‘ਭੀਲਾ’ ਉਸਤੇ ਮੋਹਿਤ ਹੋ ਗਿਆ। ਇੱਕਲਿਆਂ ਕੋਈ ਵਾਹ ਨਾ ਚਲਦੀ ਵੇਖ ਆਪਣੇ ਕਬੀਲੇ ਪਹੁੰਚ ਹਾਣੀਆਂ ਨਾਲ ਗੱਲ ਸਾਂਝੀ ਕੀਤੀ। ਕਰਦੇ ਕਰਾਉਂਦਿਆਂ ਗੱਲ ਘਰ ਦੇ ਮੁਖੀ ਤੱਕ ਹੁੰਦੀ ਪਹੁੰਚ ਗਈ ‘ਜਾਂਬਰ’ ਕਬੀਲੇ ਦੇ ਸਰਦਾਰ ਕੋਲ਼।
ਸਰਦਾਰ ਨੇ ਆਪਣੇ ਵਸੀਲਿਆਂ ਨਾਲ ‘ਝੂਲਨ’ ਦੇ ‘ਨਾਂਬਰ’ ਕਬੀਲੇ’ ਦੇ ਮਰਦਾਂ ਦੀ ਗਿਣਤੀ ਪਤਾ ਕੀਤੀ ‘ਤੇ ਉਹਨਾਂ ਤੋਂ ਵੱਧ ਗਿਣਤੀ ਵਿੱਚ ਧਾੜਵੀਨੁਮਾਂ ਮਰਦਾਂ ਦਾ ਪ੍ਰਬੰਧ ਕੀਤਾ ਤਾਂ ਕਿ ‘ਭੀਲੇ’ ਲਈ ‘ਝੂਲਨ’ ਦਾ ਉਧਾਲਾ (ਧੱਕੇ ਨਾਲ ਚੁੱਕਣਾ) ਕੀਤਾ ਜਾ ਸਕੇ। ਉਧਾਲੇ ਲਈ ਨਿਕਲਣ ਤੋਂ ਪਹਿਲਾਂ ‘ਭੀਲੇ’ ਦੇ ਮੂੰਹ ਤੇ ਇੱਕ ਨਕਾਬ ਰੂਪੀ ਕਪੜਾ ਬੰਨਿਆ ਤਾਂ ਕਿ ਆਉਣ ਵਾਲੇ ਸਮੇਂ ਵਿੱਚ ‘ਭੀਲਾ’ ਜੰਗਲ ਵਿੱਚ ਲੱਕੜ ਕੱਟਦਾ ਜਾਂ ਸ਼ਿਕਾਰ ਖੇਡਦਾ ਕੁੜੀ ਵਾਲੇ ਕਬੀਲੇ ਦੇ ਲੋਕਾਂ ਦੇ ਪਛਾਣ ਚ ਨਾ ਆ ਜਾਵੇ। ਮਤੇ ਕੋਈ ਨੁਕਸਾਨ ਹੀ ਕਰ ਦੇਣ।
ਉਧਰ ‘ਝੂਲਨ’ ਦੇ ਕਬੀਲੇ ਵਾਲਿਆਂ ਨੂੰ ਵੀ ਉਧਾਲਾ ਹੋਣ ਦੀ ਭਿਣਕ ਜਾਂ ਕਨਸੋਅ ਲੱਗ ਚੁੱਕੀ ਸੀ। ਸੋ ਉਹ ਮਰਦਾਂ ਦੀ ਗੈਰ-ਹਾਜ਼ਰੀ ਜਾਂ ਰਾਤ ਦੇ ਸਮੇਂ ‘ਝੂਲਨ’ ਦੇ ਘਰ ਦੁਆਲੇ ਤਾਰ ਜਾਂ ਰੱਸੇ ਦੀ ਪੱਕੀ ਵਾੜ ਲਗਾਉਣ ਲੱਗੇ। ਇੱਧਰ ਕਬੀਲਾ ਯੁਗ ਦੀ ਆਮ ਜਿਹੀ ਕਾਰਵਾਈ ਨੇਪਰੇ ਚਾੜ੍ਹਨ 70-80 ਧਾੜਵੀਆਂ ਨਾਲ ‘ਭੀਲਾ’ ਆਖਿਰ ਪਹੁੰਚ ਹੀ ਗਿਆ ‘ਨਾਂਬਰ’ ਕਬੀਲੇ ਵਿੱਚ ‘ਝੂਲਨ’ ਦੇ ਦਰਾਂ ਮੂਹਰੇ। ਅੱਗੇ ਲੱਗੀ ਵਾੜ ਵੇਖਕੇ ਨਾਲ ਦੇ ਧਾੜਵੀ ਕਹਿਣ ਲੱਗੇ “ਭੀਲਿਆ ਪਰਵਾਹ ਨਾ ਕਰ। ਮਾਰ ਗੰਡਾਸੇ ਦਾ ਟੱਕ ਤੇ ਵੱਢ ਵਾੜ।”
ਲਉ ਜੀ ‘ਭੀਲੇ’ ਨੇ ਟੱੱਕ ਮਾਰਕੇ ਵਾੜ ਭੰਨੀ ਤੇ ਸਾਥੀ ਧਾੜਵੀਆਂ ਨਾਲ ਲਾਲਾ ਲਾਲਾ ਕਰਕੇ ‘ਝੂਲਨ’ ਉਧਾਲ ਲਈ ਤੇ ਭੱਜ ਤੁਰਿਆ ਆਪਣੇ ‘ਜਾਂਬਰ’ ਕਬੀਲੇ ਵੱਲ ਨੂੰ। ਰਾਹ ਵਿੱਚ ਜੋ ਵੀ ‘ਨਾਂਬਰ’ ਵਿਰੋਧ ਕਰਦਾ ਅੱਗੇ ਆਇਆ ਵੱਢਿਆ, ਟੁੱਕਿਆ ਜਾਂ ਮਾਰ ਦਿੱਤਾ ਗਿਆ। ਪਿੱਛੇ ਪਿੱਛੇ ਰੋਂਦੇ ਕੁਰਲਾਉਂਦੇ ‘ਝੂਲਨ’ ਦੇ ਘਰਵਾਲੇ, ਸੰਬਧੀ, ਰਿਸ਼ਤੇਦਾਰ ਅਤੇ ਸਾਥਣਾ ਕਬੀਲੇ ਦੇ ਬਾਹਰ ਤੱਕ ਆਏ। ਪਰ ਗਿਣਤੀ ਤੇ ਤਿਆਰੀ ਪੱਖੋਂ ਕਮਜ਼ੋਰ ਹੋਣ ਕਾਰਨ ਕੋਈ ਚਾਰਾ ਨਾ ਚੱਲਿਆ।
ਹੁਣ ਰਵਾਇਤ ਮੁਤਾਬਿਕ ‘ਭੀਲਾ’ ਅਤੇ ਸਾਥੀ ‘ਝੂਲਨ’ ਸਮੇਤ ਕਬੀਲੇ ਤੋਂ ਕਾਫ਼ੀ ਬਾਹਰ ਬਣੇ ਦੇਵਤਾ ਦੇ ਮੰਦਿਰ ਵਿੱਚ ਮੱਥਾ ਟੇਕਣ ਵੜੇ ਅਤੇ ਸਭ ਨੇ ਆਪੋ ਆਪਣੇ ਜੋੜੇ ਜਾਂ ਜੁੱਤੀਆਂ ਮੰਦਿਰ ਦੇ ਬਾਹਰ ਹੀ ਕੱਢ ਦਿੱਤੀਆਂ। ਉਧਰ ਜਜ਼ਬਾਤ ਭਰੀਆਂ ‘ਝੂਲਨ’ ਦੀਆਂ ਕੁਝ ਸਾਥਣਾ ਪਿੱਛਾ ਕਰਦੀਆਂ ਮੰਦਿਰ ਤੱਕ ਪਹੁੰਚ ਗਈਆਂ ਤੇ ਕੋਈ ਹੋਰ ਚਾਰਾ ਨਾ ਚਲਦਾ ਵੇਖ ਧਾੜਵੀਆਂ ਦੀਆਂ ਮੰਦਿਰ ਦੇ ਬਾਹਰ ਪਈਆਂ ਜੁੱਤੀਆਂ ਚੁੱਕ ਕੇ ਭੱਜ ਗਈਆਂ, ਖੁੰਦਕ ਵਜੋਂ। ‘ਤੇ ਇਸ ਤਰ੍ਹਾਂ ‘ਭੀਲਾ’ ਆਪਣੇ 70-80 ਧਾੜਵੀ ਸਾਥੀਆਂ ਨਾਲ ਰੋਦੀਂ ਕੁਰਲਾਉਂਦੀ ਇੱਕਲੀ ਕੁੜੀ ‘ਝੂਲਨ’ ਨੂੰ ਉਧਾਲ ਕੇ ਲੈ ਆਇਆ।
(ਭਾਗ – 2)
ਉਧਾਲੇ ਦੀ ਕਾਰਵਾਈ ਮੁਕੰਮਲ ਹੋਣ ਸਾਰ ‘ਭੀਲੇ’ ਦੇ ਘਰ ਵਾਲਿਆਂ ਨੇ ਸਭ ਤੋਂ ਪਹਿਲਾਂ ‘ਝੂਲਨ’ ਦੇ ਹੱਥਾਂ ਤੇ ਮਹਿੰਦੀ ਲਗਾ ਕੇ ਘਰ ਦੀ ਇੱਕ ਕੰਧ ਤੇ ਛਾਪੇ ਲਵਾ ਦਿੱਤੇ (ਫਿੰਗਰ ਪ੍ਰਿੰਟਸ ਵਰਗੀ ਕਾਰਵਾਈ) ਤਾਂ ਕਿ ਭੱਜ ਜਾਣ ‘ਤੇ ਫਿਰ ਫੜੇ ਜਾਣ ਦੀ ਸੂਰਤ ਵਿੱਚ ਸਬੂਤ ਵਜੋਂ ਕੰਮ ਆ ਸਕਣ। ਫਿਰ ਉਹਦਾ ਨੱਕ ਵਿੰਨ੍ਹ ਕੇ ਨੱਥ ਪਾਈ ਗਈ ਕਿ ਉਸਨੂੰ ਘਰ ਵਿੱਚ ਪਾਲ਼ੇ ਡੰਗਰਾਂ ਵਾਲੀ ਗੁਲਾਮੀ ਦਾ ਅਹਿਸਾਸ ਹੁੰਦਾ ਰਹੇ। ‘ਤੇ ਨਾਲ ਦੀ ਨਾਲ ਉਸ ਦੀਆਂ ਬਾਹਾਂ ਅਤੇ ਹੱਥਾਂ ਵਿੱਚ ਧਾਤੂਨੁਮਾ ਕੜੇ ਪਹਿਨਾ ਦਿੱਤੇ ਤਾਂ ਕਿ ਕੰਮਕਾਰ ਕਰਦੀ ਦਾ ਛਣਕਾਰ ਤੋਂ ਹੀ ਅੰਦਾਜ਼ਾ ਲਗਦਾ ਰਹੇ। ਮਸਲਨ ਜਦੋਂ ਵੀ ਕੜਿਆ ਦੀ ਆਵਾਜ਼ ਬੰਦ ਹੋਵੇ ਮਤਲਬ ਪਹਿਲਾ ਕੰਮ ਨਿੱਬੜ ਗਿਆ ਹੈ। ਹੁਣ ਦੂਜਾ ਸੁਣਾਇਆ/ਦਿੱਤਾ ਜਾਵੇ।
(ਭਾਗ – 3)
ਕੁਝ ਦਿਨਾਂ ਬਾਅਦ ਚਲਦੀਆਂ ਗੱਲਾਂ ਵਿੱਚ ‘ਭੀਲਾ’ ‘ਝੂਲਨ’ ਨੂੰ ਉਸਦੇ ਪੇਕਿਆਂ ਦੀ ਇੱਕ ਕੁੜੀ ਦਾ ਮੁਹਾਂਦਰਾ ਬਿਆਨ ਕਰਦਾ ਕਰਦਾ ਕਹਿਣ ਲੱਗਾ “ਤੈਨੂੰ ਚੁੱਕਣ ਵੇਲੇ ਫਲਾਣੀ ਕੁੜੀ ਤੇ ਮੇਰੇ ਚਾਚੇ ਦਾ ਮੁੰਡਾ ‘ਮਗੱਦਰ’ ਲੱਟੂ ਹੋ ਗਿਆ। ‘ਤੇ ਅਸੀ ਜਲਦ ਹੀ ਉਹਦਾ ਉਧਾਲਾ ਕਰਨਾ ਹੈ। ਸੁਣਦਿਆਂ ਸਾਰ ਹੀ ਹੁਣ ਤੱਕ ਹੰਢਾਈ ਹੱਡਬੀਤੀ ਸੋਚ ‘ਝੂਲਨ’ ਠਠੰਬਰ ਗਈ। ‘ਤੇ ਕਹਿਣ ਲੱਗੀ “ਨਾ ਨਾ ਸਵਾਮੀ ਜੀ, ਉਦਾਂ ਦਾ ਖੂਨ ਖਰਾਬਾ ਨਾ ਕਰਿਉ। ਬੱਸ ਇਕ ਵਾਰ ਕਿਸੇ ਵੀ ਤਰ੍ਹਾਂ ਮੇਰੀ ਮੇਰੇ ਪੇਕਿਆਂ ਨਾਲ ਗੱਲ ਕਰਵਾ ਦਿਉ। ਮੈਂ ਕੋਈ ਆਸਾਨ ਰਸਤਾ ਕੱਢਣ ਦੀ ਕੋਸ਼ਿਸ਼ ਕਰਾਂਗੀ।”
ਖੈਰ ‘ਭੀਲੇ’ ਨੇ ਗੱਲ ਕਬੀਲੇ ਦੇ ਸਰਦਾਰ ਨਾਲ ਸਾਂਝੀ ਕੀਤੀ ‘ਤੇ ਕਿਸੇ ਤਰ੍ਹਾਂ ਕਰਦੇ ਕਰਾਉਂਦਿਆਂ ‘ਝੂਲਨ’ ਦੀ ਪੇਕਿਆਂ ਨਾਲ ਮਿਲਣੀ ਦਾ ਪ੍ਰਬੰਧ ਕੀਤਾ ਗਿਆ। ਮਿਲਣੀ ਦੌਰਾਨ ‘ਝੂਲਨ’ ਨੇ ਸਾਰੀ ਗੱਲ ਦੱਸੀ ‘ਤੇ ‘ਝੂਲਨ’ ਵਾਂਗ ਹੀ ਖ਼ੋਫਜ਼ਦਾ ਮਾਪਿਆਂ ਅਤੇ ਮੋਹਤਬਰਾਂ ਨੇ ‘ਭੀਲੇ’ ਦੀ ਧਿਰ ਨੂੰ ਹੀ ਹੱਲ ਦੱਸਣ ਲਈ ਕਿਹਾ।
ਗਿਣੀ ਮਿੱਥੀ ਵਿਉਂਤ ਅਨੁਸਾਰ ਕਬੀਲੇ ਦਾ ਸਰਦਾਰ ਬੋਲਿਆ “ਕੁੜੀ ਤਾਂ ਅਸੀ ਲੈ ਕੇ ਆਵਾਂਗੇ ਹੀ ਪੱਕਾ। ਪਰ ਕੋਈ ਲੜਾਈ – ਝਗੜਾ ਜਾਂ ਖੂਨ ਖਰਾਬਾ ਨਹੀਂ ਕਰਾਂਗੇ। ਬਸ਼ਰਤੇ ਸਾਡੇ ‘ਨਾਂਬਰ’ ਕਬੀਲੇ ਦੇ ਉੱਥੇ ਢੁੱਕਣ ਸਮੇਂ ਮੈਨੂੰ (ਮੁਖੀ ਨੂੰ), ‘ਮਗੱਦਰ’ ਦੇ ਖਾਸ ਰਿਸ਼ਤੇਦਾਰਾਂ ਪਿਉ, ਭਰਾ, ਚਾਚੇ, ਤਾਏ, ਫੁੱਫੜ, ਮਾਮੇ, ਮਾਸੜ ਵਗੈਰਾ ਨੂੰ ਖਾਸ ਤੋਹਫ਼ੇ ਅਤੇ ਖੁਦ ‘ਮਗੱਦਰ’ ਨੂੰ ਘਰ ਦਾ ਜਰੂਰੀ ਸਾਜੋ-ਸਮਾਨ ਦਿੱਤਾ ਜਾਵੇ। ਕਮਜ਼ੋਰ ਧਿਰ ਹੋਣ ਕਾਰਨ ‘ਮਰਦੀ ਕੀ ਨਾ ਕਰਦੀ’ ਵਾਲੀ ਸਥਿਤੀ ਦੇ ਚਲਦਿਆਂ ਉਹਨਾਂ ਸ਼ਰਤਾਂ ਮੰਨ ਲਈਆਂ।
ਮਿੱਥੇ ਦਿਨ-ਤਾਰੀਖ ਨੂੰ ‘ਜਾਂਬਰ’ ਕਬੀਲੇ ਦੇ ਮਰਦਾਂ ਦਾ ਕਾਫਲਾ ‘ਮਗੱਦਰ’ ਨੂੰ ਮੂਹਰੇ ਲਾ ਕੇ ਪਹੁੰਚ ਗਿਆ ‘ਨਾਂਬਰ’ ਕਬੀਲੇ ਵਿੱਚ। ਕਮਜ਼ੋਰ ਧਿਰ ਨੇ ਮੰਨੀਆਂ ਸਭ ਸ਼ਰਤਾਂ ਪੂਰੀਆਂ ਕੀਤੀਆਂ। ਤਕੜੀ ਧਿਰ ਨੇ ਪੀਪੇ, ਫੱਟੇ ਵਗੈਰਾ ਖੜਕਾ ਖੜਕਾ ਕੇ ਸਾਰਾ ਦਿਨ ਗੰਡਾਸੇ, ਕੁਹਾੜੇ, ਬਰਛੇ, ਭਾਲੇ…… ਹਵਾ ‘ਚ ਲਹਿਰਾਉਂਦਿਆਂ ਗਲੀਆਂ ਵਿੱਚ ਖੂਬ ਖ਼ੋਰੂ ਪਾਇਆ। ਤਾਂ ਕਿ ‘ਨਾਂਬਰਾਂ’ ਨੂੰ ਚੰਗੀ ਤਰ੍ਹਾਂ ਅਹਿਸਾਸ ਹੋ ਜਾਵੇ ਕਿ ਅਸੀ ਸ਼ਰਤਾਂ ਮੰਨ ਕੇ ਫਾਇਦੇ ਵਿੱਚ ਰਹੇ ਨਾ ਕਿ ਨੁਕਸਾਨ ‘ਚ।
—————— ¤ —————–
#ਸੋਚਣ ਵਾਲੀ ਗੱਲ।
ਹੁਣ ਉਪਰੋਕਤ ਕਹਾਣੀ ਨੂੰ ਅੱਜ ਇੱਕੀਵੀਂ ਸਦੀ ਨਾਲ ਮੇਲ ਕੇ ਵੇਖੋ ਕਿ ਅਸੀਂ ਮਾਨਸਿਕ ਤੌਰ ਤੇ ਕਬੀਲਾ ਯੁਗ ‘ਚੋਂ ਕਿੰਨੇ ਕੁ ਪ੍ਰਤੀਸ਼ਤ/ਪ੍ਰਸੈਂਟ ਬਾਹਰ ਨਿਕਲੇ ਹਾਂ।
#ਜਾਂ ਫਿਰ :-
1. ਲਾੜੇ ਦਾ ਮੂੰਹ ਸਿਹਰੇ ਨਾਲ ਢਕਣ।
2. ਰੀਬਨ ਕੱਟਣ (ਵਾੜਨੁਮਾ)
3. ਜੁੱਤੀਆਂ ਚੁੱਕਣ
4. ਮਹਿੰਦੀ ਲਾਉਣ
5. ਚੂੜਾ ਅਤੇ ਝਾਂਜਰਾਂ
6. ਮਿਲਣੀਆਂ ਅਤੇ
7. ਹਥਿਆਰਾਂ ਨਾਲ ਖ਼ੋਰੂ ਪਾਉਣ ਵਗੈਰਾ
ਪਿੱਛੇ ਅਸਲ ਕਾਰਨ (ਤਰਕ ਭਰਪੂਰ) ਕੀ ਹੈ ?
ਰੋਮੀ ਘੜਾਮੇਂ ਵਾਲ਼ਾ।
98552-81105
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly