ਕਪੂਰਥਲੇ ਜ਼ਿਲੇ ਦੀਆਂ ਸਾਹਿਤਕ ਅਤੇ ਸਮਾਜਕ ਜਥੇਬੰਦੀਆਂ ਵਲੋਂ ਸੰਘਰਸ਼ ਸ਼ੀਲ ਕਿਸਾਨ ਅਤੇ ਸਮੂਹਿਕ ਵਰਗਾਂ ਦੀ ਹਮਾਇਤ ਵਿੱਚ ਰੋਸ ਮਾਰਚ

ਕਪੂਰਥਲਾ (ਸਮਾਜ ਵੀਕਲੀ) :  ਅੱਜ ਕਪੂਰਥਲਾ ਵਿਖੇ ਜ਼ਿਲੇ ਦੀਆਂ ਸਾਰੀਆਂ ਪ੍ਰਮੁੱਖ ਸਾਹਿਤਕ , ਸਭਿਆਚਾਰਕ ਅਤੇ ਸਮਾਜਕ ਜਥੇਬੰਦੀਆਂ ਵਲੋਂ ਦਿੱਲੀ ਵਿੱਖੇ ਪਿਛਲੇ 14 ਦਿਨਾਂ ਤੋਂ ਚੱਲ ਰਹੇ ਕਿਰਤੀ ਕਿਸਾਨ ਸੰਘਰਸ਼ ਨੂੰ ਹਮਾਇਤ ਜਤਾਉਂਦਿਆਂ ਇਕ ਰੋਸ ਮਾਰਚ ਕੱਢਿਆ ਗਿਆ। ਇਸ ਵਿੱਚ ਮੁੱਖ ਤੌਰ ਤੇ ਲੇਖਕਾਂ ਅਤੇ ਬੁੱਧੀਜੀਵੀਆਂ ਦੀ ਸਰਗਰਮ ਸੰਸਥਾ ਸਿਰਜਣਾ ਕੇਂਦਰ (ਰਜਿ) ਕਪੂਰਥਲਾ ਨੇ ਅਗਵਾਈ ਕਰਦਿਆਂ ਹੋਰ ਸੰਸਥਾਵਾਂ ਦਾ ਸਹਿਯੋਗ ਲਿਆ।

ਇਸ ਰੋਸ ਮਾਰਚ ਵਿੱਚ ਪੰਜਾਬੀ ਗਲੋਬਲ ਚਿੰਤਕ ਮੰਚ (ਨਡਾਲਾ), ਡਾ ਬੀ ਆਰ ਅੰਬੇਡਕਰ ਮਿਸ਼ਨ ਸੁਸਾਇਟੀ ਕਪੂਰਥਲਾ, ਸਾਹਿਤਕ ਪਿੜ ਨਡਾਲਾ ,ਸਾਹਿਤ ਸਭਾ ਸੁਲਤਾਨਪੁਰ ਲੋਧੀ, ਪੰਜਾਬੀ ਸਭਿਆਚਾਰਕ ਪਿੜ ਕਪੂਰਥਲਾ, ਅਦਬੀ ਸ਼ਾਮ ਕਪੂਰਥਲਾ  ਨੇ ਭਰਪੂਰ ਸ਼ਮੂਲੀਅਤ ਕਰਕੇ ਵਿਰਸਾ ਵਿਹਾਰ ਕੰਪਲੈਕਸ ਤੋਂ ਸ਼ੁਰੂ ਕਰਕੇ ਕਪੂਰਥਲਾ ਸ਼ਹਿਰ ਦੇ ਮੁੱਖ ਵਪਾਰਕ ਰੂਟ ਉਤੋਂ ਚਲਦਿਆਂ, ਪੁਰਾਣੀ ਕਚਹਿਰੀ ਅਤੇ ਸ਼ਹਿਰ ਦੇ ਦਿਲ ਵਜੋੰ ਜਾਣੇ ਜਾਂਦੇ ਸ਼ਹੀਦ ਭਗਤ ਸਿੰਘ ਚੌਂਕ ਰਾਂਹੀ, ਬੱਸ ਅੱਡੇ ਥਾਣੀ ਹੁੰਦੇ ਹੋਏ ਡੀ ਸੀ ਚੌਕ ਜਾ ਕੇ ਬਿਨਾ ਕਿਸੇ ਟਰੈਫਿਕ ਸਮੱਸਿਆ ਖੜੀ ਕਰਨ ਦੇ ਪਰਦਰਸ਼ਨ ਕੀਤਾ।

ਇਸ ਰੋਸ ਮਾਰਚ ਦੀ ਅਗਵਾਈ ਕਰ ਰਹੇ ਸਿਰਜਣਾ ਕੇਂਦਰ ਕਪੂਰਥਲਾ ਦੇ ਪ੍ਰਧਾਨ ਡਾ: ਆਸਾ ਸਿੰਘ ਘੁੰਮਣ ਨੇ ਮੀਡੀਆ ਨੂੰ ਮੁਖਾਤਿਬ ਹੁੰਦਿਆਂ ਵਿਸਥਾਰ ਪੂਰਵਕ ਦੱਸਿਆ ਕਿ ਪੰਜਾਬ ਦਾ ਸਮੂਹ ਲੇਖਕ, ਬੁੱਧੀਜੀਵੀ ਵਰਗ, ਦੁਕਾਨਦਾਰ ਅਤੇ ਮਜ਼ਦੂਰ ਵਰਗ ਆਦਿ ਮਹਿਸੂਸ ਕਰਦਾ ਹੈ ਕਿ ਅਗਰ ਕਿਸਾਨੀ ਦਾ ਨੁਕਸਾਨ ਹੁੰਦਾ ਹੈ ਤਾਂ ਸਮੂਹਿਕ ਸਮਾਜਿਕ ਵਰਗਾਂ ਦੀ ਆਰਥਿਕਤਾ ਡਗਮਗਾਉਂਦੀ ਹੈ। ਉਹਨਾਂ ਨੇ ਕਿਸਾਨਾਂ ਦੇ ਹੱਕ ਵਿੱਚ  ਦੇਸ਼ ਦੇ  ਪ੍ਰਧਾਨ ਮੰਤਰੀ ਦੇ ਨਾਂ ਇੱਕ ਮੈਮੋਰੰਡਮ ਵੀ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਸੌਂਪਣ ਬਾਰੇ ਦੱਸਿਆ ਕਿ ਤਿੰਨੇ ਹੀ ਖੇਤੀ ਕਨੂੰਨ ਰੱਦ ਕਰਕੇ  ਕਿਸਾਨਾਂ ਦਾ ਭਰੋਸਾ ਜਿੱਤਿਆ ਜਾਵੇ।

ਰੋਸ ਮਾਰਚ ਨੂੰ ਉੱਘੇ  ਕਹਾਣੀਕਾਰ ਪ੍ਰੌ. ਸੁਖਪਾਲ ਸਿੰਘ ਥਿੰਦ ਨੇ ਵੀ ਸੰਬੋਧਨ ਕਰਦਿਆਂ ਕਿਹਾ ਕਿ ਹੁਣ  ਇਹ ਅੰਦੋਲਨ ਕਿਸਾਨਾਂ ਦੇ ਨਾਲ ਸਮੁੱਚੇ ਭਾਰਤ ਦੇਸ਼ ਦੇ ਹਰੇਕ ਵਰਗ ਦਾ ਬਣ ਗਿਆ ਹੈ। ਸਰਕਾਰ ਨੂੰ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੰਵੇਦਨਸ਼ੀਲ ਹੋ ਕੇ ਸਮਝਣਾ ਚਾਹੀਦਾ ਹੈ।ਡਾ: ਘੁੰਮਣ ਨੇ ਇਹ ਵੀ ਦੱਸਿਆ ਕਿ ਬਹੁਤ ਸਾਰੇ ਕਵੀ ਅਤੇ ਲੇਖਕ ਦਿੱਲੀ ਵੀ ਪਹੁੰਚੇ ਹੋਏ ਹਨ।ਅੰਤ ਵਿੱਚ ਉਹਨਾਂ ਨੇ  ਸਾਰੀਆਂ ਜਥੇਬੰਦੀਆਂ ਦੇ ਨੁੰਮਾਇੰਦਿਆਂ ਦਾ ਰੋਸ ਮਾਰਚ ਨੂੰ ਸਫਲ ਬਣਾਉਣ ਲਈ ਧੰਨਵਾਦ ਕੀਤਾ।

Previous articleਪੰਜਾਬ ਵਿੱਚ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਕਾਨੂੰਨਾਂ ਦਾ ਵਿਰੋਧ ਸਿਖਰਾਂ ਤੇ -ਦਿਨੇਸ਼ ਨੰਦੀ
Next articleਆਲ ਇੰਡੀਆ ਐਸ ਸੀ/ਐੱਸ ਟੀ ਐਸੋਸੀਏਸਨ ਆਰ ਸੀ ਐਫ ਵੱਲੋਂ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਦਾ 65ਵਾਂ ਪ੍ਰੀ ਨਿਰਵਾਣ ਦਿਵਸ ਮਨਾਇਆ ਗਿਆ