ਕਨੈਡਾ (ਸਮਾਜ ਵੀਕਲੀ) – ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵੱਲੋਂ ਅਮਰੀਕਾ ਕੈਨੇਡਾ ਬਾਰਡਰ ਤੇ ਓਨਟਾਰੀਓ ਦੇ ਅੰਬੈਸਡਰ ਬਰਿੱਜ ਤੇ ਫੜੇ ਗਏ ਸੁਖਦੀਪ ਸਿੰਘ ਅਤੇ ਇੰਦਰਜੀਤ ਸਿੰਘ ਤੇ ਦੋਸ਼ ਆਇਦ ਕਰ ਦਿੱਤੇ ਗਏ ਹਨ। ਸੁਖਦੀਪ ਸਿੰਘ ਬਰੈਂਪਟਨ ਵਿੱਚ ਰਹਿੰਦਾ ਹੈ। ਜਦ ਕਿ ਇੰਦਰਜੀਤ ਸਿੰਘ ਦੀ ਰਿਹਾਇਸ਼ ਲਿੰਡਸੇ ਵਿੱਚ ਹੈ। ਇਨ੍ਹਾਂ ਤੋਂ 38 ਕਿਲੋ ਕੋਕੀਨ ਬਰਾਮਦ ਹੋਈ ਹੈ। ਜਿਸ ਦੀ ਬਾਜ਼ਾਰੀ ਕੀਮਤ 48 ਲੱਖ ਡਾਲਰ ਦੱਸੀ ਜਾ ਰਹੀ ਹੈ। ਇਹ ਘਟਨਾ 17 ਮਾਰਚ ਦੀ ਹੈ, ਜਦੋਂ ਇਨ੍ਹਾਂ ਦੇ ਟਰੱਕ ਵਿੱਚੋਂ ਉਕਤ ਸਮਾਨ ਮਿਲਿਆ।
ਜਦੋਂ ਪੂਰੇ ਵਿਸ਼ਵ ਨੂੰ ਕਰੋਨਾ ਕਾਰਨ ਜਾਨ ਦੀ ਫਿਕਰ ਲੱਗੀ ਹੋਈ ਹੈ ਤਾਂ ਇਹ ਲੋਕ ਡਾਲਰ ਇਕੱਠੇ ਕਰਨ ਵਿੱਚ ਲੱਗੇ ਹੋਏ ਹਨ। ਇਨ੍ਹਾਂ ਦਾ ਇਹ ਲਾਲਚ ਹੀ ਇਨ੍ਹਾਂ ਨੂੰ ਫਸਾਉਣ ਦਾ ਕਾਰਨ ਬਣ ਗਿਆ। ਸੀ ਬੀ ਐੱਸ ਏ ਦੁਆਰਾ ਫੜੇ ਗਏ ਇਹ ਵਿਅਕਤੀ ਆਰ ਸੀ ਐੱਮ ਪੀ ਦੀ ਹਿਰਾਸਤ ਵਿੱਚ ਭੇਜ ਦਿੱਤੇ ਗਏ ਹਨ। ਇਨ੍ਹਾਂ ਦੋਹਾਂ ਵਿਅਕਤੀਆਂ ਨੂੰ 8 ਜੂਨ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਤੇ ਆਰਸੀਐਮਪੀ ਵੱਲੋਂ ਵਰਤੀ ਜਾ ਰਹੀ ਚੌਕਸੀ ਦੇ ਬਾਵਜੂਦ ਵੀ ਇਹ ਲੋਕ ਬਾਜ਼ ਨਹੀਂ ਆ ਰਹੇ ਅਤੇ
ਡਾਲਰ ਕਮਾਉਣ ਦੇ ਲਾਲਚ ਵਿੱਚ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੇ ਹਨ। ਆਪਣੀਆਂ ਇਨ੍ਹਾਂ ਕਾਰਵਾਈਆਂ ਕਾਰਨ ਹੀ ਇਹ ਸੀਬੀਐਸਏ ਦੇ ਕਾਬੂ ਆ ਗਏ। ਅੰਬੈਸਡਰ ਬਰਿੱਜ ਜ਼ਿਲ੍ਹਾ ਸੰਚਾਲਨ ਦੇ ਡਾਇਰੈਕਟਰ ਦੁਆਰਾ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੀ ਸਰਾਹਨਾ ਕੀਤੀ ਗਈ ਹੈ। ਜਿਨ੍ਹਾਂ ਵੱਲੋਂ ਸਮਾਜ ਵਿਰੋਧੀ ਕਾਰਵਾਈਆਂ ਕਰਨ ਵਾਲੇ ਇਨ੍ਹਾਂ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। ਇਨ੍ਹਾਂ ਦੇ ਦੋਸ਼ ਆਇਦ ਹੋ ਗਏ ਹਨ ਅਤੇ ਰਸਮੀ ਕਾਰਵਾਈ ਵੀ ਪੂਰੀ ਕਰ ਲਈ ਗਈ ਹੈ।
ਹਰਜਿੰਦਰ ਛਾਬੜਾ-ਪਤਰਕਾਰ 9592282333