ਗੜ੍ਹਸ਼ੰਕਰ- ਇਲਾਕੇ ਦੇ ਕਸਬਾ ਕੋਟ ਫਤੂਹੀ ਵਿੱਚ ਅੱਜ ਬਾਅਦ ਦੁਪਹਿਰ ਇਕ ਔਰਤ ਦੇ ਗਲੇ ’ਚੋਂ ਸੋਨੇ ਦੀ ਚੇਨ ਖੋਹ ਕੇ ਭੱਜਣ ਵਾਲੇ ਮੋਟਰਸਾਈਕਲ ’ਤੇ ਸਵਾਰ ਦੋ ਲੁਟੇਰਿਆਂ ਨੂੰ ਲੋਕਾਂ ਨੇ ਘੇਰ ਕੇ ਖੂਬ ਕੁਟਾਪਾ ਚਾੜ੍ਹਿਆ। ਇਸ ਸਬੰਧੀ ਕੋਟ ਫਤੂਹੀ ਦੀ ਪੁਲੀਸ ਚੌਕੀ ਨੂੰ ਸੂਚਿਤ ਕਰਨ ਦੇ ਬਾਵਜੂਦ ਪੁਲੀਸ ਕਰੀਬ ਡੇਢ ਘੰਟੇ ਬਾਅਦ ਘਟਨਾ ਸਥਾਨ ’ਤੇ ਪੁੱਜੀ ਜਿਸ ਕਾਰਨ ਲੋਕਾਂ ਵਿੱਚ ਪੁਲੀਸ ਦੀ ਕਾਰਗੁਜ਼ਾਰੀ ਖ਼ਿਲਾਫ਼ ਗੁੱਸਾ ਹੋਰ ਭੜਕ ਗਿਆ।
ਸੀਨੀਅਰ ਅਕਾਲੀ ਆਗੂ ਪਰਮਜੀਤ ਸਿੰਘ ਪੰਜੋੜ ਨੇ ਦੱਸਿਆ ਕਿ ਦੁਪਹਿਰ ਕਰੀਬ ਡੇਢ ਵਜੇ ਜਸਜੀਤ ਕੌਰ ਪਤਨੀ ਜਸਬੀਰ ਸਿੰਘ ਵਾਸੀ ਪਿੰਡ ਬਿੰਜੋਂ (ਕੋਟ ਫਤੂਹੀ) ਕਸਬਾ ਕੋਟ ਫਤੂਹੀ ਤੋਂ ਬਿਸਤ ਦੁਆਬ ਨਹਿਰ ਦੇ ਨਾਲ ਨਾਲ ਆਪਣੇ ਪਿੰਡ ਪਰਤ ਰਹੀ ਸੀ ਕਿ ਇਕ ਮੋਟਰਸਾਈਕਲ (ਪੀਬੀ07 ਏ ਬੀ 6572) ’ਤੇ ਸਵਾਰ ਦੋ ਲੁਟੇਰਿਆਂ ਨੇ ਉਸ ਦੇ ਗਲੇ ਵਿਚੋਂ ਸੋਨੇ ਦੀ ਚੇਨ ਝਪਟ ਲਈ ਅਤੇ ਪਿੰਡ ਦਾਤਾ ਵੱਲ ਫਰਾਰ ਹੋ ਗਏ। ਇਸ ਮੌਕੇ ਉਥੋਂ ਲੰਘ ਰਹੇ ਰਾਹਗੀਰਾਂ ਨੇ ਲੁਟੇਰਿਆਂ ਦਾ ਪਿੱਛਾ ਕੀਤਾ ਅਤੇ ਉਨ੍ਹਾਂ ਨੂੰ ਛੇਤੀ ਹੀ ਕਾਬੂ ਕਰ ਲਿਆ ਅਤੇ ਲੁਟੇਰਿਆਂ ਦਾ ਖੂਬ ਕੁਟਾਪਾ ਕੀਤਾ। ਸ੍ਰੀ ਪੰਜੋੜ ਅਨੁਸਾਰ ਉਨ੍ਹਾਂ ਨੇ ਤੁਰੰਤ ਚੌਕੀ ਇੰਚਾਰਜ ਕੋਟ ਫਤੂਹੀ ਅਤੇ ਡੀਐਸਪੀ ਗੜ੍ਹਸ਼ੰਕਰ ਨੂੰ ਫੋਨ ’ਤੇ ਸੂਚਿਤ ਕੀਤਾ ਪਰ ਪੁਲੀਸ ਘਟਨਾ ਸਥਾਨ ’ਤੇ ਕਰੀਬ ਡੇਢ ਘੰਟੇ ਬਾਅਦ ਪੁੱਜੀ। ਇਸ ਮੌਕੇ ਪੁਲੀਸ ਨੇ ਲੁਟੇਰਿਆਂ ਨੂੰ ਲੋਕਾਂ ਤੋਂ ਛੁਡਾਇਆ ਅਤੇ ਥਾਣੇ ਡੱਕ ਦਿੱਤਾ। ਲੁਟੇਰਿਆਂ ਦੀ ਪਛਾਣ ਜਤਿੰਦਰ ਸਿੰਘ ਵਾਸੀ ਚੱਕ ਮੱਲਾਂ ਅਤੇ ਪਵਨਜੀਤ ਸਿੰਘ ਵਾਸੀ ਸਾਰੰਗਵਾਲ ਵਜੋਂ ਹੋਈ। ਇਸ ਮੌਕੇ ਹਾਜ਼ਰ ਲੋਕਾਂ ਨੇ ਕਿਹਾ ਕਿ ਪੁਲੀਸ ਲੁੱਟ ਖੋਹ ਦੀਆਂ ਘਟਨਾਵਾਂ ਪ੍ਰਤੀ ਸੰਜੀਦਾ ਨਹੀਂ ਜਿਸ ਕਰ ਕੇ ਲੋਕਾਂ ਦੀ ਸੁਰੱਖਿਆ ਦਾਅ ’ਤੇ ਲੱਗੀ ਰਹਿੰਦੀ ਹੈ। ਸ੍ਰੀ ਪੰਜੋੜ ਨੇ ਕਿਹਾ ਡਿਊਟੀ ਵਿੱਚ ਅਣਗਹਿਲੀ ਕਰਨ ਦੇ ਦੋਸ਼ ਤਹਿਤ ਚੌਕੀ ਇੰਚਾਰਜ ਸੁਖਵਿੰਦਰ ਸਿੰਘ ਵਿਰੁੱਧ ਵਿਭਾਗੀ ਕਾਰਵਾਈ ਹੋਣੀ ਚਾਹੀਦੀ ਹੈ। ਇਸ ਬਾਰੇ ਡੀਐਸਪੀ ਸਤੀਸ਼ ਕੁਮਾਰ ਨੇ ਕਿਹਾ ਕਿ ਲੁੱਟ ਖੋਹ ਸਬੰਧੀ ਪੁਲੀਸ ਦੋਸ਼ੀਆਂ ਵਿਰੁੱਧ ਕਾਰਵਾਈ ਕਰ ਰਹੀ ਹੈ ਅਤੇ ਪੁਲੀਸ ਦੇ ਕਾਫੀ ਦੇਰ ਬਾਅਦ ਪੁੱਜਣ ਸਬੰਧੀ ਉਹ ਪਤਾ ਕਰਨਗੇ।
INDIA ਔਰਤ ਦੇ ਗਲੇ ’ਚੋਂ ਚੇਨ ਝਪਟਣ ਵਾਲੇ ਲੋਕਾਂ ਨੇ ਘੇਰ ਕੇ ਕੁੱਟੇ