ਐੱਸ.ਸੀ ਕਮਿਸ਼ਨ ਦੀ ਮੈਂਬਰ ਤੇ ਪਰਿਵਾਰ ਖ਼ਿਲਾਫ਼ ਕੇਸ ਦਰਜ

ਸੰਗਰੂਰ (ਸਮਾਜਵੀਕਲੀ): ਐੱਸ.ਸੀ. ਕਮਿਸ਼ਨ ਪੰਜਾਬ ਦੀ ਮੈਂਬਰ ਪੂਨਮ ਕਾਂਗੜਾ ਸਮੇਤ ਉਸ ਦੇ ਪਤੀ ਅਤੇ ਤਿੰਨ ਪੁੱਤਰਾਂ ਤੋਂ ਕਥਿਤ ਤੌਰ ’ਤੇ ਤੰਗ ਆ ਕੇ ਅੱਜ ਇੱਕ ਵਿਅਕਤੀ ਨੇ ਖੁਦਕੁਸ਼ੀ ਕਰ ਲਈ। ਇਸ ਮਗਰੋਂ ਪੀੜਤ ਪਰਿਵਾਰ ਨੇ ਦਿੱਲੀ-ਲੁਧਿਆਣਾ ਕੌਮੀ ਮਾਰਗ ’ਤੇ ਸਥਿਤ ਭਗਵਾਨ ਮਹਾਵੀਰ ਚੌਕ ’ਚ ਲਾਸ਼ ਰੱਖ ਕੇ ਕਾਂਗੜਾ ਪਰਿਵਾਰ ਦੀ ਗ੍ਰਿਫ਼ਤਾਰੀ ਲਈ ਰੋਸ ਪ੍ਰਦਰਸ਼ਨ ਕੀਤਾ।

ਮ੍ਰਿਤਕ ਦੀ ਪਤਨੀ ਚੰਦਾ ਰਾਣੀ ਵਾਸੀ ਸੁੰਦਰ ਬਸਤੀ ਸੰਗਰੂਰ ਨੇ ਪੂਨਮ ਕਾਂਗੜਾ ਤੇ ਉਸ ਦੇ ਪਰਿਵਾਰ ਖ਼ਿਲਾਫ਼ ਉਨ੍ਹਾਂ ਦੀ ਲੜਕੀ ਨੂੰ ਆਪਣੇ ਲੜਕੇ ਨਾਲ ਕਥਿਤ ਤੌਰ ’ਤੇ ਘਰੋਂ ਭਜਾਉਣ ਅਤੇ ਸੱਤਾ ਦੀ ਤਾਕਤ ਨਾਲ ਉਸ ਦੇ ਪਤੀ ਨੂੰ ਧਮਕਾਉਣ ਦਾ ਦੋਸ਼ ਲਾਇਆ ਹੈ। ਚੰਦਾ ਰਾਣੀ ਨੇ ਦੱਸਿਆ ਕਿ ਉਸ ਦਾ ਪਤੀ ਸੰਜੀਵ ਕੁਮਾਰ ਉਰਫ਼ ਟੋਨੀ ਸਿਵਲ ਹਸਪਤਾਲ ਸੰਗਰੂਰ ਵਿੱਚ ਬਤੌਰ ਵਾਰਡ ਅਟੈਂਡੈਂਟ ਨੌਕਰੀ ਕਰਦਾ ਸੀ। ਉਸ ਦੀਆਂ ਦੋ ਧੀਆਂ ਤੇ ਇੱਕ ਪੁੱਤਰ ਹੈ। ਉਸ ਨੇ ਦੋਸ਼ ਲਾਇਆ ਕਿ ਪੂਨਮ ਕਾਂਗੜਾ ਦਾ ਲੜਕਾ ਵਿਕਾਸਦੀਪ ਹਮੇਸ਼ਾ ਉਸ ਦੀ ਵੱਡੀ ਲੜਕੀ ਨੂੰ ਵਿਆਹ ਲਈ ਉਕਸਾਉਂਦਾ ਸੀ, ਜਿਸ ਕਰਕੇ ਉਹ ਕਈ ਵਾਰ ਵਿਕਾਸਦੀਪ ਨੂੰ ਸਮਝਾਉਣ ਉਸ ਦੇ ਘਰ ਗਏ ਪਰ ਕਾਂਗੜਾ ਪਰਿਵਾਰ ਉਨ੍ਹਾਂ ਨੂੰ ਆਖਦਾ ਕਿ ਉਹ ਵਿਆਹ ਕਰਵਾ ਕੇ ਹੀ ਰਹਿਣਗੇ। ਉਨ੍ਹਾਂ ਦੋਸ਼ ਲਾਇਆ ਕਿ 2 ਜੂਨ ਦੀ ਰਾਤ ਨੂੰ ਇਨ੍ਹਾਂ ਸਾਰਿਆਂ ਨੇ ਮਿਲ ਕੇ ਉਸ ਦੀ ਲੜਕੀ ਨੂੰ ਵਿਕਾਸਦੀਪ ਨਾਲ ਘਰੋਂ ਭਜਾ ਦਿੱਤਾ। ਇਸ ਤੋਂ ਪ੍ਰੇਸ਼ਾਨ ਹੋ ਕੇ ਉਸ ਦੇ ਪਤੀ ਸੰਜੀਵ ਕੁਮਾਰ ਨੇ ਜ਼ਹਿਰੀਲੀ ਦਵਾਈ ਖਾ ਲਈ।

ਇਸ ਦੇ ਰੋਸ ਵਜੋਂ ਅੱਜ ਪੀੜਤ ਪਰਿਵਾਰ ਨੇ ਭਗਵਾਨ ਮਹਾਵੀਰ ਚੌਕ ’ਚ ਲਾਸ਼ ਰੱਖ ਕੇ ਕਾਂਗੜਾ ਪਰਿਵਾਰ ਦੀ ਗ੍ਰਿਫ਼ਤਾਰੀ ਲਈ ਰੋਸ ਪ੍ਰਦਰਸ਼ਨ ਕੀਤਾ। ਡੀਐੱਸਪੀ ਸੱਤਪਾਲ ਸ਼ਰਮਾ ਨੇ ਦੱਸਿਆ ਕਿ ਪੂਨਮ ਕਾਂਗੜਾ, ਪਤੀ ਦਰਸ਼ਨ ਕਾਂਗੜਾ ਤੇ ਤਿੰਨ ਪੁੱਤਰਾਂ ਵਿਕਾਸਦੀਪ, ਰਾਜਨ ਤੇ ਅਨਮੋਲ ਖ਼ਿਲਾਫ਼ ਦਫ਼ਾ 306 ਆਈਪੀਸੀ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।

Previous articleਘਰ ਵਿੱਚ ਸੁੱਤੇ ਪਰਵਾਸੀ ਮਜ਼ਦੂਰ ਦਾ ਤੇਜ਼ਧਾਰ ਹਥਿਆਰ ਨਾਲ ਕਤਲ
Next articleਕੇਂਦਰ ਦੇ ਆਰਡੀਨੈਂਸ ਕਿਸਾਨੀ ’ਤੇ ਹਮਲਾ: ਭਗਵੰਤ ਮਾਨ