ਮੁੰਬਈ (ਸਮਾਜ ਵੀਕਲੀ) :ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਨੇ ਅੱਜ ਅਦਾਕਾਰ ਅਰਜੁਨ ਰਾਮਪਾਲ ਦੀ ਰਿਹਾਇਸ਼ ਦੀ ਤਲਾਸ਼ੀ ਲਈ ਹੈ। ਐੱਨਸੀਬੀ ਦੀ ਕਾਰਵਾਈ ਬੌਲੀਵੁੱਡ ਦੇ ਕਥਿਤ ਡਰੱਗ ਰੈਕੇਟ ਨਾਲ ਜੁੜੀ ਹੋਈ ਹੈ। ਏਜੰਸੀ ਨੇ ਅਦਾਕਾਰ ਨੂੰ 11 ਨਵੰਬਰ ਨੂੰ ਪੁੱਛਗਿੱਛ ਲਈ ਸੱਦਿਆ ਹੈ। ਉਪਨਗਰੀ ਮੁੰਬਈ ਸਥਿਤ 47 ਸਾਲਾ ਅਦਾਕਾਰ ਦੇ ਘਰੋਂ ਇਲੈਕਟ੍ਰੌਨਿਕ ਉਪਕਰਨ ਜ਼ਬਤ ਕੀਤੇ ਗਏ ਹਨ। ਏਜੰਸੀ ਨੇ ਰਾਮਪਾਲ ਨੂੰ ਸੰਮਨ ਵੀ ਭੇਜ ਦਿੱਤੇ ਹਨ। ਐੱਨਸੀਬੀ ਨੇ ਰਾਮਪਾਲ ਦੇ ਡਰਾਈਵਰ ਕੋਲੋਂ ਵੀ ਪੁੱਛਗਿੱਛ ਕੀਤੀ ਹੈ। ਦੱਸਣਯੋਗ ਹੈ ਕਿ ਐਤਵਾਰ ਐਨਸੀਬੀ ਨੇ ਬੌਲੀਵੁੱਡ ਨਿਰਮਾਤਾ ਫ਼ਿਰੋਜ਼ ਨਾਡਿਆਡਵਾਲਾ ਦੀ ਪਤਨੀ ਸ਼ਬਾਨਾ ਸਈਦ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਉਨ੍ਹਾਂ ਦੇ ਜੁਹੂ ਸਥਿਤ ਘਰੋਂ ਗਾਂਜਾ ਬਰਾਮਦ ਕੀਤਾ ਗਿਆ ਸੀ।
ਐਨਸੀਬੀ ਨੇ ਫ਼ਿਰੋਜ਼ ਨਾਡਿਆਡਵਾਲਾ ਨੂੰ ਵੀ ਅੱਜ ਪੁੱਛਗਿੱਛ ਲਈ ਸੱਦਿਆ ਸੀ ਤੇ ਉਹ ਏਜੰਸੀ ਦੇ ਅਧਿਕਾਰੀਆਂ ਕੋਲ ਪੇਸ਼ ਹੋਏ। ਏਜੰਸੀ ਨੇ ਨਾਡਿਆਡਵਾਲਾ ਦੀ ਪਤਨੀ ਨੂੰ ਐਨਡੀਪੀਐੱਸ ਐਕਟ ਤਹਿਤ ਗ੍ਰਿਫ਼ਤਾਰ ਕੀਤਾ ਸੀ। ਏਜੰਸੀ ਨਵੇਂ ਸਿਰਿਓਂ ਆਰੰਭੀ ਕਾਰਵਾਈ ਵਿਚ ਹੁਣ ਤੱਕ ਪੰਜ ਜਣਿਆਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਇਨ੍ਹਾਂ ਕੋਲੋਂ ਗਾਂਜੇ ਦੇ ਨਾਲ-ਨਾਲ ਚਰਸ ਤੇ ਨਗ਼ਦੀ ਵੀ ਬਰਾਮਦ ਕੀਤੀ ਗਈ ਹੈ। ਦੱਸਣਯੋਗ ਹੈ ਕਿ ਕੇਂਦਰੀ ਏਜੰਸੀ ਨੇ ਇਸ ਤੋਂ ਪਹਿਲਾਂ ਅਭਿਨੇਤਰੀ ਰੀਆ ਚਕਰਵਰਤੀ, ਉਸ ਦੇ ਭਰਾ ਸ਼ੌਵਿਕ ਤੇ ਹੋਰਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਸੀ। ਰੀਆ ਫ਼ਿਲਹਾਲ ਜ਼ਮਾਨਤ ’ਤੇ ਹੈ।