ਐਨੀਮੇਟਿਡ ਫਿਲਮ ‘ਦਾਸਤਾਨ-ਏ-ਮੀਰੀ ਪੀਰੀ’ ਦਾ ਮਾਮਲਾ ਮੁੜ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਕੋਲ ਪੁੱਜ ਗਿਆ ਹੈ ਅਤੇ ਹੁਣ ਅੰਤ੍ਰਿੰਗ ਕਮੇਟੀ ਦੀ ਪ੍ਰਵਾਨਗੀ ਮਗਰੋਂ ਹੀ ਅਕਾਲ ਤਖ਼ਤ ਦੇ ਜਥੇਦਾਰ ਵਲੋਂ ਫਿਲਮ ਰਿਲੀਜ਼ ਕਰਨ ਲਈ ਹਰੀ ਝੰਡੀ ਦਿੱਤੀ ਜਾਵੇਗੀ। ਗੁਰੂ ਹਰਿਗੋਬਿੰਦ ਸਾਹਿਬ ਵਲੋਂ ਸ਼ੁਰੂ ਕੀਤੇ ਮੀਰੀ ਪੀਰੀ ਦੇ ਸਿਧਾਂਤ ਨੂੰ ਦਰਸਾਉਂਦੀ ਇਸ ਫਿਲਮ ਨੂੰ ਪ੍ਰਬੰਧਕਾਂ ਵਲੋਂ ਪੰਜ ਜੂਨ ਨੂੰ ਰਿਲੀਜ਼ ਕਰਨ ਦਾ ਪ੍ਰੋਗਰਾਮ ਬਣਾਇਆ ਗਿਆ ਸੀ ਪਰ ਇਹ ਫਿਲਮ ਉਸ ਵੇਲੇ ਵਿਵਾਦਾਂ ਵਿਚ ਘਿਰ ਗਈ ਸੀ ਜਦੋਂ ਇਸ ਦਾ ਪ੍ਰੋਮੋ ਸੋਸ਼ਲ ਮੀਡੀਆ ’ਤੇ ਵਾਇਰਲ ਹੋਇਆ। ਫਿਲਮ ਵਿਚ ਗੁਰੂ ਸਾਹਿਬ ਨੂੰ ਐਨੀਮੇਟਿਡ ਰੂਪ ਵਿਚ ਦਿਖਾਇਆ ਗਿਆ ਸੀ ਜਿਸ ਦਾ ਵਿਰੋਧ ਹੋਇਆ ਅਤੇ ਇਸ ਸਬੰਧੀ ਸ਼ਿਕਾਇਤਾਂ ਅਕਾਲ ਤਖ਼ਤ ਪੁੱਜੀਆਂ। ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਫਿਲਮ ਦੇ ਮਾਮਲੇ ਵਿਚ ਰਿਪੋਰਟ ਦੇਣ ਲਈ ਨਿਰਦੇਸ਼ ਦਿੱਤੇ ਸਨ। ਸ਼੍ਰੋਮਣੀ ਕਮੇਟੀ ਦੀ ਫਿਲਮਾਂ ਸਬੰਧੀ ਸਬ ਕਮੇਟੀ ਦੇ ਮੈਂਬਰਾਂ ਨੇ ਫਿਲਮ ਵਿਚੋਂ ਇਤਰਾਜ਼ਯੋਗ ਦ੍ਰਿਸ਼ ਠੀਕ ਕਰਾਏ ਹਨ। ਲਗਪਗ ਦਰਜਨ ਇਤਰਾਜ਼ ਠੀਕ ਕਰਨ ਮਗਰੋਂ ਸਬ ਕਮੇਟੀ ਵਲੋਂ ਇਸ ਫਿਲਮ ਸਬੰਧੀ ਆਪਣੀ ਰਿਪੋਰਟ ਅਕਾਲ ਤਖ਼ਤ ਦੇ ਜਥੇਦਾਰ ਕੋਲ ਭੇਜੀ ਗਈ ਸੀ ਪਰ ਜਥੇਦਾਰ ਨੇ ਇਸ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਨੂੰ ਪੱਤਰ ਭੇਜ ਕੇ ਆਖਿਆ ਕਿ ਇਸ ਫਿਲਮ ਦੀ ਪ੍ਰਵਾਨਗੀ ਅੰਤ੍ਰਿੰਗ ਕਮੇਟੀ ਵਿਚ ਵਿਚਾਰਨ ਮਗਰੋਂ ਦਿੱਤੀ ਜਾਵੇ ਅਤੇ ਫਿਲਮਾਂ ਸਬੰਧੀ ਪੱਕੇ ਨਿਯਮ ਵੀ ਬਣਾਏ ਜਾਣ। ਸਬ ਕਮੇਟੀ ਦੇ ਮੁਖੀ ਐਡਵੋਕੇਟ ਬੀ ਐਸ ਸਿਆਲਕਾ ਤੇ ਹੋਰ ਮੈਂਬਰਾਂ ਨੇ ਦੱਸਿਆ ਕਿ ਜਾਂਚ ਕਮੇਟੀ ਵਲੋਂ ਲਾਏ ਗਏ ਇਤਰਾਜ਼ ਪ੍ਰਬੰਧਕਾਂ ਨੇ ਫਿਲਮ ਵਿਚੋਂ ਹਟਾ ਦਿੱਤੇ ਹਨ। ਕਮੇਟੀ ਨੇ ਆਪਣੀ ਰਿਪੋਰਟ ਅਕਾਲ ਤਖ਼ਤ ਦੇ ਜਥੇਦਾਰ ਕੋਲ ਭੇਜ ਦਿੱਤੀ ਸੀ ਪਰ ਜਥੇਦਾਰ ਨੇ ਇਸ ਫਿਲਮ ਨੂੰ ਹਰੀ ਝੰਡੀ ਦੇਣ ਲਈ ਅੰਤ੍ਰਿੰਗ ਕਮੇਟੀ ਦੀ ਪ੍ਰਵਾਨਗੀ ਮੰਗੀ ਹੈ। ਦੱਸਣਯੋਗ ਹੈ ਕਿ 1934, 1940 ਅਤੇ ਇਸ ਤੋਂ ਬਾਅਦ ਵੀ ਹੋਏ ਫੈਸਲਿਆਂ ਤਹਿਤ ਇਹ ਫੈਸਲਾ ਕੀਤਾ ਗਿਆ ਸੀ ਕਿ ਫਿਲਮਾਂ, ਨਾਟਕਾਂ ਆਦਿ ਵਿਚ ਗੁਰੂ ਸਾਹਿਬ ਅਤੇ ਉਨ੍ਹਾਂ ਦੇ ਪਰਿਵਾਰਕ ਜੀਅ ਨਹੀਂ ਦਿਖਾਏ ਜਾਣਗੇ।
Uncategorized ਐਨੀਮੇਟਿਡ ਫਿਲਮ ਨੂੰ ਵਿਚਾਰੇਗੀ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ