ਹਾਦਸੇ ਵਿੱਚ ਬੱਚੀ ਦੀ ਮੌਤ; ਪਰਿਵਾਰ ਨੇ ਆਵਾਜਾਈ ਰੋਕੀ

ਭਾਈ ਘਨ੍ਹੱਈਆ ਚੌਕ ਨੇੜੇ ਬਠਿੰਡਾ ਝੀਲ ਨੇੜੇ ਦੀਪ ਕੰਪਨੀ ਦੀ ਬੱਸ ਦੇ ਫੇਟ ਵੱਜਣ ਕਾਰਨ ਸੱਤ ਵਰ੍ਹਿਆਂ ਦੀ ਲੜਕੀ ਦੀ ਮੌਤ ਹੋ ਗਈ ਜਦੋਂਕਿ ਉਸ ਦੀ ਮਾਤਾ ਗੰਭੀਰ ਜ਼ਖ਼ਮੀ ਹੋ ਗਈ। ਮੌਤ ਤੋਂ ਬਾਅਦ ਦੁਖੀ ਮੁਹੱਲਾ ਵਾਸੀਆਂ ਅਤੇ ਮਾਪਿਆਂ ਨੇ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰਨ ਤੇ ਬੱਸ ਕੰਪਨੀ ਤੋਂ ਮਾਅਵਜ਼ੇ ਦੀ ਮੰਗ ਲਈ ਸੜਕ ਜਾਮ ਕਰ ਦਿੱਤੀ। ਇਸ ਮੌਕੇ ਥਰਮਲ ਪੁਲੀਸ ਅਤੇ ਡੀਐੱਸਪੀ ਗੁਰਜੀਤ ਸਿੰਘ ਰੋਮਾਣਾ ਮੌਕੇ ’ਤੇ ਪੁੱਜੇ ਅਤੇ ਪਰਿਵਾਰ ਨੂੰ ਸ਼ਾਂਤ ਕੀਤਾ। ਅੱਜ ਸਵੇਰੇ ਥਰਮਲ ਝੀਲ ਦੇ ਨਜ਼ਦੀਕ ਵਸੇ ਸੁੱਚਾ ਸਿੰਘ ਨਗਰ ਦੀ ਮਹਿਲਾ ਆਪਣੀ ਲੜਕੀ ਨੂੰ ਐਕਟਿਵਾ ’ਤੇ ਬਿਠਾ ਕੇ ਬਠਿੰਡਾ ਸ਼ਹਿਰ ਵੱਲ ਆ ਰਹੀ ਸੀ ਤਾਂ ਪਿੱਛੇ ਤੋਂ ਆ ਰਹੀ ਦੀਪ ਬੱਸ ਨੇ ਉਨ੍ਹਾਂ ’ਚ ਟੱਕਰ ਮਾਰ ਦਿੱਤੀ। ਐਕਟਿਵਾ ਦਾ ਸੰਤੁਲਨ ਵਿਗੜਨ ਕਾਰਨ ਪਿੱਛੇ ਤੋਂ ਆ ਰਹੀ ਇਓਨ ਕਾਰ ਨੇ ਉਸ ਨੂੰ ਫੇਟ ਮਾਰ ਦਿੱਤੀ ਜਿਸ ਦੌਰਾਨ ਦੋਵਾਂ ਮਾਵਾਂ ਧੀਆਂ ਜ਼ਖ਼ਮੀ ਹੋ ਗਈਆਂ ਪ੍ਰੰਤੂ ਲੜਕੀ ਦੀ ਹਾਲਤ ਗੰਭੀਰ ਹੋਣ ਕਾਰਨ ਸਮਾਜ ਸੇਵੀ ਸੰਸਥਾ ਸਹਾਰਾ ਵਰਕਰਾਂ ਵੱਲੋਂ ਲੜਕੀ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਜਿੱਥੇ ਉਸ ਦੀ ਮੌਤ ਹੋ ਗਈ। ਲੜਕੀ ਦਾ ਪਛਾਣ ਚਾਹਤ ਸ਼ਰਮਾ ਪੁੱਤਰੀ ਰਿਤੇਸ਼ ਸ਼ਰਮਾ ਸੁੱਚਾ ਸਿੰਘ ਨਗਰ ਵਾਰਡ ਨੂੰ-1 ਵਜੋਂ ਹੋਈ ਹੈ। ਥਾਣਾ ਥਰਮਲ ਦੀ ਤਫ਼ਤੀਸ਼ੀ ਅਫ਼ਸਰ ਏ.ਐੱਸ.ਆਈ ਮਨਦੀਪ ਕੌਰ ਨੇ ਦੱਸਿਆ ਕਿ ਮ੍ਰਿਤਕ ਲੜਕੀ ਦਾ ਮਾਤਾ ਰੈਂਪੀ ਦੇ ਬਿਆਨ ’ਤੇ ਬੱਸ ਡਰਾਈਵਰ ਨਿਰਮਲ ਸਿੰਘ ਅਤੇ ਕਾਰ ਮਾਲਕ ਸੂਰਜ ਭਾਨ ਖ਼ਿਲਾਫ਼ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Previous articleਧੋਨੀ ਨੇ 38ਵਾਂ ਜਨਮ ਦਿਨ ਮਨਾਇਆ
Next articleਐਨੀਮੇਟਿਡ ਫਿਲਮ ਨੂੰ ਵਿਚਾਰੇਗੀ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ