ਕੋਚੀ (ਸਮਾਜਵੀਕਲੀ) : ਕੰਨਿਆਕੁਮਾਰੀ ਜ਼ਿਲ੍ਹੇ ਦੇ ਕੰਜਮਪੁਰਮ ਨਾਲ ਸਬੰਧਤ ਇਕ ਪਰਿਵਾਰ ਨੇ ਅੱਠ ਸਾਲ ਪਹਿਲਾਂ ਦੋ ਇਤਾਲਵੀ ਜਲਸੈਨਿਕਾਂ ਵੱਲੋਂ ਦੋ ਭਾਰਤੀ ਮਛੇਰਿਆਂ ’ਤੇ ਚਲਾਈ ਗੋਲੀ ਮਾਮਲੇ ਵਿੱਚ ਇਤਾਲਵੀ ਸਰਕਾਰ ਤੋਂ 100 ਕਰੋੜ ਰੁਪਏ ਦਾ ਮੁਆਵਜ਼ਾ ਮੰਗਿਆ ਹੈ। ਪਰਿਵਾਰ ਨੇ ਕਿਹਾ ਕਿ ਉਹ ਸਾਗਰੀ ਕਾਨੂੰਨ ਬਾਰੇ ਯੂਐੱਨ ਕਨਵੈਨਸ਼ਨ ਮੁਤਾਬਕ ਮੁਆਵਜ਼ੇ ਦੇ ਹੱਕਦਾਰ ਹਨ।
ਪਰਿਵਾਰ ਨੇ ਕਿਹਾ ਕਿ 15 ਫਰਵਰੀ 2012 ਨੂੰ ਕੇਰਲਾ ਦੇ ਸਾਹਿਲ ’ਤੇ ਇਤਾਲਵੀ ਤੇਲ ਟੈਂਕਰ ‘ਐਨਰਿਕਾ ਲੈਕਸੀ’ ਊੱਤੇ ਸਵਾਰ ਦੋ ਜਲਸੈਨਿਕਾਂ ਨੇ ਕਿਸ਼ਤੀ ’ਤੇ ਸਵਾਰ ਦੋ ਭਾਰਤੀ ਮਛੇਰਿਆਂ ਨੂੰ ਗੋਲੀ ਮਾਰ ਦਿੱਤੀ ਸੀ। ਪਰਿਵਾਰ ਨੇ ਦਾਅਵਾ ਕੀਤਾ ਕਿ ਇਸ ਘਟਨਾ ਮੌਕੇ 14 ਸਾਲ ਦਾ ਪ੍ਰਿਜਿਨ ਨਾਂ ਦਾ ਮੁੰਡਾ ਵੀ ਕਿਸ਼ਤੀ ’ਤੇ ਸਵਾਰ ਸੀ। ਪਰਿਵਾਰ ਨੇ ਕਿਹਾ ਕਿ ਪ੍ਰਿਜਿਨ ’ਤੇ ਇਸ ਘਟਨਾ ਦਾ ਇੰਨਾ ਵੱਡਾ ਅਸਰ ਹੋਇਆ ਕਿ ਉਹ ਪ੍ਰੇਸ਼ਾਨ ਰਹਿਣ ਲੱਗਾ।
ਇਸ ਪ੍ਰੇਸ਼ਾਨੀ ਦੇ ਆਲਮ ਵਿੱਚ ਉਸ ਨੇ ਪਿਛਲੇ ਸਾਲ ਜੁਲਾਈ ਵਿੱਚ 22 ਸਾਲ ਦੀ ਉਮਰ ’ਚ ਖ਼ੁਦਕੁਸ਼ੀ ਕਰ ਲਈ। ਪਰਿਵਾਰ ਨੇ ਹੁਣ ਕੇਂਦਰ ਸਰਕਾਰ ਨੂੰ ਲਿਖੇ ਪੱਤਰ ਵਿੱਚ ਦਾਅਵਾ ਕੀਤਾ ਕਿ ਪ੍ਰਿਜਿਨ ਐਨਰਿਕਾ ਲੈਕਸੀ ਹਾਦਸੇ ਦਾ ਪੀੜਤ ਹੈ। ਚੇਤੇ ਰਹੇ ਕਿ ਸੰਯੁਕਤ ਰਾਸ਼ਟਰ ਦੀ ਸਾਲਸੀ ਅਦਾਲਤ ਨੇ ਪਿਛਲੇ ਦਿਨੀਂ ਇਸ ਪੂਰੇ ਮਾਮਲੇ ਵਿੱਚ ਭਾਰਤ ਨੂੰ ਮੁਆਵਜ਼ੇ ਦਾ ਹੱਕਦਾਰ ਦੱਸਿਆ ਸੀ, ਪਰ ਅਦਾਲਤ ਨੇ ਸਾਫ਼ ਕਰ ਦਿੱਤਾ ਸੀ ਕਿ ਇਤਾਲਵੀ ਜਲਸੈਨਿਕਾਂ ਨੂੰ ਵਿਸ਼ੇਸ਼ ਅਧਿਕਾਰਾਂ ਤਹਿਤ ਮਿਲੀ ਸੁਰੱਖਿਆ ਕਰਕੇ ਉਨ੍ਹਾਂ ਖ਼ਿਲਾਫ਼ ਕਿਸੇ ਵੀ ਅਦਾਲਤ ’ਚ ਕਤਲ ਦਾ ਕੇਸ ਨਹੀਂ ਚਲਾਇਆ ਜਾ ਸਕਦਾ।