ਸੀਆਈਸੀਐੱਸਈ ਨੇ 10ਵੀਂ ਤੇ 12ਵੀਂ ਦੇ ਨਤੀਜੇ ਐਲਾਨੇ

ਨਵੀਂ ਦਿੱਲੀ (ਸਮਾਜਵੀਕਲੀ) :  ਕੌਂਸਲ ਫਾਰ ਇੰਡੀਅਨ ਸਕੂਲ ਸਰਟੀਫਿਕੇਟ ਐਗਜ਼ਾਮੀਨੇਸ਼ਨ (ਸੀਆਈਸੀਐੱਸਈ) ਬੋਰਡ ਨੇ ਅੱਜ 10ਵੀਂ ਤੇ 12ਵੀਂ ਜਮਾਤ ਦੇ ਨਤੀਜੇ ਐਲਾਨ ਦਿੱਤੇ ਹਨ। ਇਸ ਦੇ ਨਾਲ ਹੀ ਉਸ ਨੇ ਇਸ ਸਾਲ ਕੋਵਿਡ-19 ਕਾਰਨ ਬਣੇ ਹਾਲਾਤ ਦੇ ਮੱਦੇਨਜ਼ਰ ਮੈਰਿਟ ਸੂਚੀ ਪ੍ਰਕਾਸ਼ਿਤ ਨਾ ਕਰਨ ਦਾ ਫ਼ੈਸਲਾ ਕੀਤਾ ਹੈ। ਬੋਰਡ ਵੱਲੋਂ ਐਲਾਨੇ ਨਤੀਜਿਆਂ ਅਨੁਸਾਰ 10 ਦੀ ਪ੍ਰੀਖਿਆ ’ਚੋਂ ਕੁੱਲ 2,06,525 ਵਿਦਿਆਰਥੀ ਸਫਲ ਰਹੇ ਜਦਕਿ 1377 ਵਿਦਿਆਰਥੀ ਅਸਫ਼ਲ ਰਹੇ ਹਨ।

ਇਸੇ ਤਰ੍ਹਾਂ 12ਵੀਂ ਦੀ ਪ੍ਰੀਖਿਆ ’ਚੋਂ 85,611 ਵਿਦਿਆਰਥੀ ਪਾਸ ਹੋਏ ਜਦਕਿ 2798 ਵਿਦਿਆਰਥੀ ਫੇਲ੍ਹ ਹੋਏ ਹਨ। ਬੋਰਡ ਦੇ ਮੁੱਖ ਕਾਰਜਕਾਰੀ ਤੇ ਸਕੱਤਰ ਗੈਰੀ ਅਰਾਥੂਨ ਨੇ ਕਿਹਾ ਕਿ ਇਸ ਸਾਲ ਕਰੋਨਾ ਮਹਾਮਾਰੀ ਕਾਰਨ ਬਣੇ ਹਾਲਾਤ ਨੂੰ ਦੇਖਦਿਆਂ ਮੈਰਿਟ ਸੂਚੀ ਜਾਰੀ ਨਹੀਂ ਕੀਤੀ ਜਾਵੇਗੀ। ਇਸ ਸਾਲ ਦਸਵੀਂ ਦੀ ਪਾਸ ਪ੍ਰਤੀਸ਼ਤਤਾ ਪਿਛਲੇ ਸਾਲ ਨਾਲੋਂ 0.8 ਫੀਸਦ ਵਧ ਕੇ 99.34 ਫੀਸਦ ਰਹੀ ਜਦਕਿ 12ਵੀਂ ਦੀ ਪਾਸ ਪ੍ਰਤੀਸ਼ਤਤਾ 96.84 ਫੀਸਦ ਰਹੀ। ਬੋਰਡ ਨੇ ਪਿਛਲੇ ਹਫ਼ਤੇ ਕਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦਿਆਂ ਰਹਿੰਦੀਆਂ ਪ੍ਰੀਖਿਆਵਾਂ ਰੱਦ ਕੀਤੀਆਂ ਜਾਣ ਤੋਂ ਬਾਅਦ ਦੋਵਾਂ ਕਲਾਸਾਂ ਲਈ ਮੁਲਾਂਕਣ ਯੋਜਨਾ ਦਾ ਐਲਾਨ    ਕੀਤਾ ਸੀ।

Previous articleਬੋਇੰਗ ਨੇ ਭਾਰਤ ਨੂੰ 22 ਅਪਾਚੇ ਹੈਲੀਕਾਪਟਰ ਮੁਹੱਈਆ ਕੀਤੇ
Next articleਐਨਰਿਕਾ ਲੈਕਸੀ ਕੇਸ: ਪਰਿਵਾਰ ਨੇ 100 ਕਰੋੜ ਦਾ ਮੁਅਾਵਜ਼ਾ ਮੰਗਿਆ