ਏਹੁ ਹਮਾਰਾ ਜੀਵਣਾ ਹੈ -98

(ਸਮਾਜ ਵੀਕਲੀ)

ਅੱਜ ਦਾ ਮਨੁੱਖ ਬਹੁਤ ਤਣਾਅ ਭਰਪੂਰ ਜ਼ਿੰਦਗੀ ਜਿਊਂ ਰਿਹਾ ਹੈ ਜਿਸ ਨਾਲ ਉਸ ਦੇ ਮਨ ਦੀਆਂ ਸ਼ਕਤੀਆਂ ਨਸ਼ਟ ਹੋ ਜਾਂਦੀਆਂ ਹਨ‌ ਜਿਸ ਕਾਰਨ ਉਹ ਕਈ ਮਾਨਸਿਕ ਬੀਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈ।ਇਸ ਲਈ ਹਰ ਮਨੁੱਖ ਨੂੰ ਆਪਣੀ ਸਰੀਰਕ ਤੰਦਰੁਸਤੀ ਦੇ ਨਾਲ ਨਾਲ ਮਾਨਸਿਕ ਤੰਦਰੁਸਤੀ ਵੱਲ ਵੀ ਖਾਸ ਧਿਆਨ ਦੇਣਾ ਚਾਹੀਦਾ ਹੈ।ਇਸ ਖਾਤਰ ਉਸ ਨੂੰ ਆਪਣੇ ਮਨ ਦੀਆਂ ਨਸ਼ਟ ਹੋ ਰਹੀਆਂ ਸ਼ਕਤੀਆਂ ਵੱਲ ਉਚੇਚਾ ਧਿਆਨ ਦੇਣਾ ਚਾਹੀਦਾ ਹੈ।ਮਨ ਦੀ ਸ਼ਕਤੀ ਨੂੰ ਵਧਾਉਣ ਲਈ ਮਨੁੱਖ ਨੂੰ ਖ਼ੁਦ ਹੀ ਕੁਝ ਗੱਲਾਂ ਦਾ ਧਿਆਨ ਰੱਖਣਾ ਪੈਣਾ ਹੈ।

ਆਪਣੇ ਮਨ ਦੀ ਸ਼ਕਤੀ ਵਧਾਉਣ ਲਈ ਧਿਆਨ ਰੱਖਣਯੋਗ ਗੱਲਾਂ ਵਿੱਚ ਪਹਿਲੀ ਗੱਲ ਇਹ ਹੈ ਕਿ ਮਨੁੱਖ ਨੂੰ ਅੰਨ੍ਹਾਧੁੰਦ ਆਪਣੇ ਕੰਮਾਂਕਾਰਾਂ ਜਾਂ ਭੱਜ ਦੌੜ ਦੀ ਜ਼ਿੰਦਗੀ ਵਿੱਚ ਉਲਝ ਕੇ ਮਨ ਦੀਆਂ ਸੋਚਾਂ ਦੇ ਤਾਣੇ ਬਾਣੇ ਨੂੰ ਉਲਝਾਉਣ ਤੋਂ ਗ਼ੁਰੇਜ਼ ਕਰਨਾ ਚਾਹੀਦਾ ਹੈ।ਇਸ ਲਈ ਉਸ ਨੂੰ ਸਵੈ ਚਿੰਤਨ ਦੀ ਲੋੜ ਹੈ। ਆਪਣੇ ਮਨ ਨੂੰ ਸਿਰਫ਼ ਦਸ ਮਿੰਟ ਸਵੇਰੇ ਉੱਠਣ ਸਾਰ ਅਤੇ ਦਸ ਮਿੰਟ ਰਾਤ ਨੂੰ ਸੌਣ ਤੋਂ ਪਹਿਲਾਂ ਦੇ ਕੇ ਉਸ ਨੂੰ ਰਿਸ਼ਟਪੁਸ਼ਟ ਬਣਾਇਆ ਜਾ ਸਕਦਾ ਹੈ। ਇਹਨਾਂ ਦਸਾਂ ਮਿੰਟਾਂ ਵਿੱਚ ਉਸ ਨੂੰ ਇਹ ਪੰਜ ਗੱਲਾਂ ਨੂੰ ਚੈੱਕ ਕਰਨਾ ਚਾਹੀਦਾ ਹੈ।

1.ਕਿਤੇ ਉਸ ਦਾ ਮਨ ਵਿਅਰਥ ਗੱਲਾਂ ਜਾਂ ਲੋਕਾਂ ਬਾਰੇ ਸੋਚ ਸੋਚ ਕੇ ਕਿਤੇ ਪ੍ਰੇਸ਼ਾਨ ਤਾਂ ਨਹੀਂ ਰਹਿੰਦਾ?

2.ਉਸ ਦੇ ਅੰਦਰ ਆਪਣੇ ਘਰ,ਬਾਹਰ,ਨੌਕਰੀ, ਪੈਸੇ ਅਤੇ ਹੋਰ ਨਿੱਜੀ ਗੱਲਾਂ ਤੋਂ ਅਸੰਤੁਸ਼ਟ ਤਾਂ ਨਹੀਂ ਰਹਿੰਦਾ ਹੈ?

3. ਉਸ ਦਾ ਮਨ ਕਿਤੇ ਬੀਤ ਚੁੱਕੀਆਂ ਗੱਲਾਂ ਨੂੰ ਵਾਰ ਵਾਰ ਯਾਦ ਕਰਕੇ ਪ੍ਰੇਸ਼ਾਨ ਤਾਂ ਨਹੀਂ ਹੋ ਰਿਹਾ?

4.ਉਸ ਦੇ ਅੰਦਰ ਕਿਸੇ ਨਾਲ ਕਦੇ ਵੀ ਹੋਏ ਵਾਦ ਵਿਵਾਦ ਕਾਰਨ ਉਸ ਦੇ ਅੰਦਰ ਕਿਤੇ ਬਦਲਾ ਲੈਣ ਦੇ ਵਿਚਾਰ ਤਾਂ ਵਾਰ ਵਾਰ ਉਤਪੰਨ ਨਹੀਂ ਹੋ ਰਹੇ?

5.ਉਸ ਦੇ ਅੰਦਰ ਕਿਤੇ ਘਰ ਵਿੱਚ ਬਾਕੀ ਜੀਆਂ ਜਾਂ ਬਾਹਰ ਨਾਲ ਦੇ ਸਾਥੀਆਂ ਦੀਆਂ ਛੋਟੀਆਂ ਛੋਟੀਆਂ ਗਤੀਵਿਧੀਆਂ ਦੇਖ ਦੇਖ ਕੇ ਕ੍ਰੋਧ ਤਾਂ ਉਤਪੰਨ ਨਹੀਂ ਹੋ ਰਿਹਾ?

ਉਪਰੋਕਤ ਗੱਲਾਂ ਜਦੋਂ ਮਨੁੱਖ ਦੇ ਮਨ ਵਿੱਚ ਆਉਂਦੀਆਂ ਹਨ ਤਾਂ ਉਸ ਅੰਦਰ ਨਾਕਾਰਾਤਮਕ ਸੋਚ ਪੈਦਾ ਹੁੰਦੀ ਹੈ।ਇਹ ਸੋਚਾਂ ਦੀ ਲੜੀ ਇੱਕ ਦੂਜੇ ਨਾਲ ਜੁੜਦੀ ਜਾਂਦੀ ਹੈ ਤੇ ਆਪਣੇ ਬਾਰੇ ਘੱਟ ਤੇ ਹੋਰਾਂ ਬਾਰੇ ਵੱਧ ਸੋਚ ਕੇ ਭਟਕਣ ਵਧਦੀ ਜਾਂਦੀ ਹੈ।ਜਿਸ ਨਾਲ ਆਂਤਰਿਕ ਸ਼ਕਤੀਆਂ ਨਸ਼ਟ ਹੁੰਦੀਆਂ ਜਾਂਦੀਆਂ ਹਨ। ਉਪਰੋਕਤ ਦੱਸੀਆਂ ਗੱਲਾਂ ਤੋਂ ਆਪਣੇ ਆਪ ਨੂੰ ਮੁਕਤ ਕਰਨ ਲਈ ਆਪਣੇ ਅੰਦਰ ਝਾਤੀ ਮਾਰ ਕੇ ਮਨ ਨੂੰ ਪੱਕਾ ਕੀਤਾ ਜਾਵੇ ਕਿ ਵਿਅਰਥ ਗੱਲਾਂ ਤੋਂ ਮਨ ਨੂੰ ਮੁਕਤ ਕਰਨਾ ਹੀ ਹੈ।

ਮਨ ਦੀ ਸ਼ਕਤੀ ਵਧਾਉਣ ਲਈ ਮਨੁੱਖ ਨੂੰ ਕਿਤੋਂ ਕੋਈ ਦਵਾਈ ਜਾਂ ਸਿੱਖਿਆ ਲੈਣ ਦੀ ਲੋੜ ਨਹੀਂ ਹੁੰਦੀ ਬਲਕਿ ਉਸ ਦੇ ਆਪਣੇ ਅੰਦਰ ਹੀ ਮੌਜੂਦ ਹੁੰਦੀ ਹੈ। ਮਨੁੱਖ ਆਪਣੇ ਅੰਦਰ ਦੀ ਸ਼ਕਤੀ ਉੱਪਰ ਜਦੋਂ ਬਾਹਰੀ ਵਿਚਾਰਾਂ ਦੀਆਂ ਪਰਤਾਂ ਲਪੇਟਣਾ ਤੁਰਿਆ ਜਾਂਦਾ ਹੈ ਤਾਂ ਇਹ ਸ਼ਕਤੀਆਂ ਬਲਹੀਣ ਹੋ ਜਾਂਦੀਆਂ ਹਨ। ਜਿਵੇਂ ਸਰੀਰ ਨੂੰ ਤੰਦਰੁਸਤ ਰੱਖਣ ਲਈ ਸਰੀਰਕ ਕਿਰਿਆਵਾਂ ਦੇ ਅਭਿਆਸ ਕਰਨੇ ਪੈਂਦੇ ਹਨ ਅਤੇ ਰੋਜ਼ ਇਸ਼ਨਾਨ ਕਰਕੇ ਸਾਫ਼ ਕਰਨਾ ਪੈਂਦਾ ਹੈ ਬਿਲਕੁਲ ਉਸੇ ਤਰ੍ਹਾਂ ਮਨ ਦੀ ਸ਼ਕਤੀ ਨੂੰ ਸਰਗਰਮ ਕਰਨ ਲਈ ਰੋਜ਼ ਇਸ ਵਿੱਚ ਭਰ ਰਹੀਆਂ ਵਿਅਰਥ ਸੋਚਾਂ ਦੀ ਸਵੈ ਪੜਚੋਲ ਕਰਕੇ ਉਹਨਾਂ ਨੂੰ ਵਿਦਾ ਕਰਕੇ ਇਸ ਮੈਲ਼ ਨੂੰ ਉਤਾਰਨਾ ਪਵੇਗਾ।ਜੇ ਇਹ ਮੈਲ ਨਾਲ ਦੀ ਨਾਲ ਨਾ ਉਤਾਰੀ ਜਾਵੇਗੀ ਤਾਂ ਇਸ ਵਿਅਰਥ ਸੋਚਾਂ ਵਾਲੀ ਪਰਤ ਮੋਟੀ ਹੁੰਦੀ ਜਾਵੇਗੀ।ਜਿਸ ਨਾਲ ਮਨ ਦੀਆਂ ਸ਼ਕਤੀਆਂ ਉਸ ਬੋਝ ਹੇਠ ਦਬ ਕੇ ਕਮਜ਼ੋਰ ਹੋ ਜਾਂਦੀਆਂ ਹਨ।ਜਿਸ ਨਾਲ ਪਹਿਲਾਂ ਮਾਨਸਿਕਤਾ ਨੂੰ ਕਮਜ਼ੋਰ ਹੁੰਦੀ ਹੈ, ਫ਼ਿਰ ਮਨ ਰੋਗੀ ਹੁੰਦਾ ਹੈ,ਤੇ ਫਿਰ ਸਰੀਰ ਰੋਗੀ ਹੁੰਦਾ ਹੈ।

ਅੱਜ ਕੱਲ੍ਹ ਮਾਨਸਿਕ ਰੋਗੀਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਰੋਜ਼ ਅਸੀਂ ਦੇਖਦੇ ਹਾਂ ਕਿ ਕਿਸ ਤਰ੍ਹਾਂ ਸਮਾਜ ਸੇਵੀ ਸੰਸਥਾਵਾਂ ਵੱਲੋਂ ਵੱਡੇ ਵੱਡੇ ਅਹੁਦਿਆਂ ਤੋਂ ਰਿਟਾਇਰ ਹੋਏ ਵਿਅਕਤੀ, ਅਮੀਰ ਅਮੀਰ ਲੋਕਾਂ ਨੂੰ ਮਾਨਸਿਕ ਤੌਰ ਤੇ ਬਿਮਾਰ ਹੋਇਆਂ ਨੂੰ, ਉਹਨਾਂ ਦੀ ਨਰਕ ਭਰੀ ਜ਼ਿੰਦਗੀ ਵਿੱਚੋਂ ਬਾਹਰ ਕੱਢ ਕੇ ਨਵੀਂ ਜ਼ਿੰਦਗੀ ਦੇਣ ਦੇ ਉਪਰਾਲੇ ਕੀਤੇ ਜਾ ਰਹੇ ਹਨ।ਜੇ ਉਹ ਮਾਨਸਿਕ ਰੋਗੀਆਂ ਨੇ ਵੀ ਸਮੇਂ ਸਿਰ ਆਪਣੇ ਆਪ ਨੂੰ ਅੰਦਰੋਂ ਘੋਖ ਕੇ ਵਿਅਰਥ ਗੱਲਾਂ ਨੂੰ ਦਿਮਾਗ ਉੱਤੇ ਭਾਰੂ ਨਾ ਹੋਣ ਦਿੱਤਾ ਹੁੰਦਾ ਤਾਂ ਉਹਨਾਂ ਦੀ ਜ਼ਿੰਦਗੀ ਵੀ ਨਰਕ ਭਰੀ ਨਾ ਬਣਦੀ। ਸੋ ਅੱਜ ਦੇ ਹਰ ਮਨੁੱਖ ਦੀ ਇੱਕ ਬਹੁਤ ਵੱਡੀ ਲੋੜ ਹੈ ਆਪਾਂ ਪੜਚੋਲਣ ਦੀ।ਹਰ ਮਨੁੱਖ ਨੂੰ ਆਪਣੇ ਹਰ ਦਿਨ,ਹਰ ਪਲ ਸਵੈ ਪੜਚੋਲ ਕਰਕੇ ਆਪਣੇ ਮਨ ਅਤੇ ਆਲ਼ੇ ਦੁਆਲ਼ੇ ਨੂੰ ਖੁਸ਼ ਰੱਖਣਾ ਚਾਹੀਦਾ ਹੈ। ਸਵੈ ਚਿੰਤਨ ਹੀ ਮਨ ਦੀ ਖੁਰਾਕ ਅਤੇ ਕਸਰਤ ਹੈ ਜਿਸ ਨੂੰ ਵੇਲੇ ਸਿਰ ਅਪਣਾ ਕੇ ਆਪਣੇ ਆਪ ਨੂੰ ਮਾਨਸਿਕ ਤੌਰ ਤੇ ਰਿਸ਼ਟ-ਪੁਸ਼ਟ ਬਣਾਉਣਾ ਹੀ ਅਸਲੀ ਏਹੁ ਹਮਾਰਾ ਜੀਵਣਾ ਹੈ।

ਬਰਜਿੰਦਰ ਕੌਰ ਬਿਸਰਾਓ
9988901324

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੰਵਿਧਾਨਕ ਜਿੰਮੇਵਾਰੀ ਛੱਡ ਕੇ ਭਗਵੰਤ ਮਾਨ ਦਾ ਭਜਣਾ ਅਤਿ ਨਿੰਦਣਯੋਗ : ਜਸਵੀਰ ਗੜ੍ਹੀ ਬਸਪਾ
Next articleਮਹਿਤਪੁਰ ਚੋਂ ਵਿਸ਼ਾਲ ਭਗਵਤੀ ਜਾਗਰਣ 11 ਅਕਤੂਬਰ ਨੂੰ ।