“ਏਹੁ ਹਮਾਰਾ ਜੀਵਣਾ ਹੈ – 86”

(ਸਮਾਜ ਵੀਕਲੀ)

ਸਾਡੇ ਦੇਸ਼ ਵਿੱਚ ਜਾਤਾਂ ਪਾਤਾਂ ਅਤੇ ਧਰਮਾਂ ਦੀਆਂ ਵੰਡੀਆਂ ਦੇ ਨਾਲ ਨਾਲ ਸਿਆਸੀ ਵੰਡੀਆਂ ਨਾਲ ਆਮ ਲੋਕਾਂ ਨੂੰ ਬਹੁਤ ਤਰੀਕਿਆਂ ਦੇ ਹੱਥਕੰਡੇ ਅਪਣਾ ਕੇ ਵੰਡਿਆ ਜਾਂਦਾ ਹੈ। ਜਿਵੇਂ ਕਿ ਮੈਂ ਸਿਰਲੇਖ ਵਿੱਚ ਜੱਟ ਦਾ ਜ਼ਿਕਰ ਕੀਤਾ ਹੈ ਤਾਂ ਪਾਠਕਾਂ ਜਾਂ ਆਮ ਲੋਕਾਂ ਦੀ ਧਾਰਨਾ ਸਿਰਫ਼ ਇੱਕ ਜਾਤ ਨਾਲ ਜੋੜ ਕੇ ਦੇਖਣਾ ਹੈ ,ਜਦ ਕਿ ਇਹ ਇੱਕ ਕਹਾਵਤ ਹੈ। ਪਿੱਛੇ ਜਿਹੇ ਕਿਸਾਨੀ ਸੰਘਰਸ਼ ਦੌਰਾਨ ਭਾਰਤ ਦੇ ਲੋਕ ਧਾਰਮਿਕ ਭੇਦ ਭਾਵ ਵਿੱਚ ਵੰਡੇ ਨਜ਼ਰ ਆਉਣ ਲੱਗ ਪਏ ਸਨ,ਇਹ ਤਾਂ ਸ਼ੁਕਰ ਹੈ ਕਿ ਵੇਲਾ ਰਹਿੰਦੇ ਇਸ ਮਸਲੇ ਦਾ ਨਿਪਟਾਰਾ ਹੋ ਗਿਆ ਨਹੀਂ ਤਾਂ ਫ਼ਿਰਕੂ ਰੰਗਤ ਹੋਰ ਗੂੜ੍ਹੀ ਚੜ੍ਹਨ ਨੂੰ ਜ਼ਿਆਦਾ ਦੇਰ ਨਹੀਂ ਲੱਗਣੀ ਸੀ।

ਜੱਟ, ਜ਼ਿਮੀਂਦਾਰ,ਕਿਸਾਨ, ਮਜ਼ਦੂਰ ਸਾਰੇ ਸ਼ਬਦਾਂ ਦਾ ਭਾਵਾਰਥ ਸਾਂਝਾ ਹੀ ਹੈ ਪਰ ਸਾਡੇ ਦੇਸ਼ ਵਿੱਚ ਇਸ ਵਿੱਚੋਂ ਜੱਟ, ਜ਼ਿਮੀਂਦਾਰ ਤੇ ਕਿਸਾਨ ਸ਼ਬਦਾਂ ਨੂੰ ਇੱਕ ਵਿਸ਼ੇਸ਼ ਜਾਤ ਨਾਲ ਅਤੇ ਮਜ਼ਦੂਰਾਂ ਨੂੰ ਅਲੱਗ ਜਾਤ ਨਾਲ ਜੋੜ ਕੇ ਵੰਡੀਕਰਨ ਕੀਤਾ ਜਾਂਦਾ ਹੈ ਜਿਸ ਨਾਲ ਇਹ ਵਰਗ ਵੀ ਆਪਸ ਵਿੱਚ ਵੰਡੇ ਜਾਂਦੇ ਹਨ।ਜਦ ਇਹਨਾਂ ਦਾ ਇਕੱਠੇ ਸੰਘਰਸ਼ ਕਰਨ ਦਾ ਸਮਾਂ ਹੁੰਦਾ ਹੈ ਤਾਂ ਇਹਨਾਂ ਨੂੰ ਇੱਕ ਵਿਸ਼ੇਸ਼ ਧਰਮ ਨਾਲ਼ ਜੋੜ ਕੇ ਵਿਰੋਧੀ ਧਿਰ ਮੰਨ ਲਿਆ ਜਾਂਦਾ ਹੈ ਜਿਸ ਕਰਕੇ ਇਹਨਾਂ ਉਪਰੋਕਤ ਗੱਲਾਂ ਕਾਰਨ ਖੂਬ ਸਿਆਸਤ ਹੁੰਦੀ ਹੈ ਜਿਸ ਦਾ ਲਾਹਾ ਸਿਆਸਤਦਾਨ ਖੱਟਦੇ ਹਨ।

ਉਪਰੋਕਤ ਜਾਣਕਾਰੀ ਆਪ ਸਭ ਨਾਲ ਸਾਂਝੀ ਕਰਨ ਤੋਂ ਮੇਰਾ ਭਾਵ ਇਸ ਗੱਲ ਤੇ ਰੋਸ਼ਨੀ ਪਾਉਣਾ ਹੈ ਕਿ ਜਿਵੇਂ ਪਿੱਛੇ ਜਿਹੇ ਸ਼ਹਿਰੀ ਤਬਕਿਆਂ ਦੇ ਵਪਾਰੀ ਇਹਨਾਂ ਪੇਂਡੂ ਕਾਮਿਆਂ ਨੂੰ ਅੰਨਦਾਤਾ ਜਾਂ ਹੋਰ ਸਤਿਕਾਰਿਤ ਸ਼ਬਦ ਦਾ ਵਿਰੋਧ ਕਰਕੇ ਇਸ ਜਮਾਤ ਦੇ ਖ਼ਿਲਾਫ਼ ਭੰਡੀ ਪ੍ਰਚਾਰ ਕਰਦੇ ਨਜ਼ਰ ਰਹੇ ਸਨ। ਹੋ ਸਕਦਾ ਹੈ ਕਿ ਉਹ ਕਿਸੇ ਸਿਆਸੀ ਖੇਲ ਦਾ ਹਿੱਸਾ ਹੋਵੇ।ਪਰ ਅੱਜ ਮੈਂ ਉਹਨਾਂ ਦੁਆਰਾ ਅੰਨਦਾਤੇ ਦੇ ਵਿਰੋਧੀ ਭੰਡੀ ਪ੍ਰਚਾਰਕਾਂ ਦੇ ਸਾਹਮਣੇ ਜਿਊਂਦੀ ਜਾਗਦੀ ਤਸਵੀਰ ਨੂੰ ਧਿਆਨ ਗੋਚਰੇ ਰੱਖਦਿਆਂ ਇਸ ਗੱਲ ਦਾ ਅਹਿਸਾਸ ਕਰਵਾਉਣਾ ਚਾਹੁੰਦੀ ਹਾਂ ਕਿ ਕਿਸਾਨਾਂ, ਮਜ਼ਦੂਰਾਂ, ਜ਼ਿਮੀਂਦਾਰਾਂ ਨੂੰ ਅੰਨਦਾਤਾ ਕਹਿਣ ਤੋਂ ਨਕਾਰਨਾ ਉਹਨਾਂ ਦੀ ਬਹੁਤ ਵੱਡੀ ਭੁੱਲ ਹੈ। ਇਸ ਲੇਖ ਰਾਹੀਂ ਕੁਦਰਤ ਦੀ ਮਾਰ ਝੱਲ ਰਹੇ ਦੁਖਾਂਤ ਦੇ ਮੱਦੇਨਜ਼ਰ ਕਿਸਾਨਾਂ ਦੀ ਇੱਕ ਤਸਵੀਰ ਪੇਸ਼ ਕਰਨਾ ਚਾਹੁੰਦੀ ਹਾਂ। ਕੋਈ ਵੀ ਵਿਅਕਤੀ ਅਗਰ ਥੋੜ੍ਹਾ ਬਹੁਤ ਗੈਰਤਮੰਦ ਹੋਵੇਗਾ ਤਾਂ ਉਹ ਉਹਨਾਂ ਦੀ ਇਸ ਆਰਥਿਕ ਮੰਦਹਾਲੀ ਦੇ ਕਾਰਨਾਂ ਬਾਰੇ ਤਾਂ ਜ਼ਰੂਰ ਸਮਝ ਸਕੇਗਾ।

ਪਿਛਲੇ ਚਾਰ ਦਿਨਾਂ ਤੋਂ ਮੋਹਲੇਧਾਰ ਮੀਂਹ ਪੈ ਰਿਹਾ ਹੈ। ਜ਼ਿਮੀਂਦਾਰਾਂ ਦੀਆਂ ਪੱਕੀਆਂ ਫ਼ਸਲਾਂ ਆਏਂ ਸਿਰ ਸੁੱਟੀਂ ਪਈਆਂ ਹਨ ਜਿਵੇਂ ਯੁੱਧ ਦੇ ਮੈਦਾਨ ਵਿੱਚ ਇੱਕ ਦੁਸ਼ਮਣ ਫੌਜਾਂ ਵੱਲੋਂ ਵਿਰੋਧੀ ਫੌਜਾਂ ਦੇ ਆਹੂ ਲਾਹ ਕੇ ਸੁੱਟ ਦਿੱਤੇ ਹੋਣ। ਕਿਸਾਨਾਂ ਦੀਆਂ ਪੁੱਤਾਂ ਵਾਂਗ ਪਾਲੀਆਂ ਫਸਲਾਂ ਐਨ ਸਿਖ਼ਰ ਜੋਬਨ ਤੇ ਪਹੁੰਚ ਕੇ ਕੁਦਰਤੀ ਆਫ਼ਤਾਂ ਦੀਆਂ ਸ਼ਿਕਾਰ ਹੋ ਜਾਂਦੀਆਂ ਹਨ। ਖੇਤੀਬਾੜੀ ਕਰਨ ਵਾਲੇ ਕਿਸਾਨ ਕੋਲ ਆਪਣੀ ਐਨੀ ਜ਼ਮੀਨ ਨਹੀਂ ਹੁੰਦੀ ਜਿੰਨੀ ਉਸ ਨੇ ਠੇਕੇ ਤੇ ਲੈ ਕੇ ਵਾਹੀ ਕੀਤੀ ਹੁੰਦੀ ਹੈ। ਜ਼ਮੀਨ ਦਾ ਠੇਕਾ ,ਬੀਜ, ਦਵਾਈਆਂ, ਸਪਰੇਆਂ, ਬਿਜਲੀ, ਟਰੈਕਟਰਾਂ ਟਰਾਲੀਆਂ ਅਤੇ ਹੋਰ ਸੰਦਾਂ ਅਤੇ ਡੀਜ਼ਲ, ਮੋਟਰਾਂ, ਦਿਹਾੜੀਦਾਰਾਂ ਦੇ ਖਰਚੇ ਤਾਂ ਉਸ ਨੇ ਕਰਨੇ ਹੀ ਹੁੰਦੇ ਹਨ।ਇਹ ਸਾਰੇ ਖ਼ਰਚਿਆਂ ਵਿੱਚੋਂ ਕੁਝ ਕੁ ਪਹਿਲਾਂ ਕੀਤੇ ਹੁੰਦੇ ਹਨ ਅਤੇ ਕੁਝ ਕੁ ਉਧਾਰ ਫ਼ੜ ਕੇ ਕੀਤੇ ਹੁੰਦੇ ਹਨ , ਸੰਦਾਂ ਦੀਆਂ ਕਿਸ਼ਤਾਂ ਉਤਾਰਨੀਆਂ ਹੁੰਦੀਆਂ ਹਨ,ਕੁਝ ਖਰਚੇ ਬਾਅਦ ਵਿੱਚ ਕਰਨੇ ਹੁੰਦੇ ਹਨ।

ਫ਼ਸਲ ਦੀ ਕਟਾਈ,ਉਸ ਨੂੰ ਵੇਚਣ ਲਈ ਮੰਡੀਆਂ ਵਿੱਚ ਸਹੀ ਭਾਅ ਲੈਣ ਲਈ ਜੱਦੋਜਹਿਦ ਕਰਨੀ, ਧੱਕੇ ਖਾਣੇ, ਆਪਣੀ ਪੁੱਤਾਂ ਵਰਗੀ ਫਸਲ ਦਾ ਮੁੱਲ ਪਵਾਉਣ ਲਈ ਅਫ਼ਸਰਾਂ ਦੇ ਮਿੰਨਤਾਂ ਤਰਲੇ ਕਰਨੇ ਉਸ ਤੋਂ ਵੀ ਵੱਧ ਬਿਜਾਈ ਲਈ ਜ਼ਮੀਨ ਵਾਹੁਣ ਤੋਂ ਲੈਕੇ ਕਟਾਈ ਕਰਕੇ ਫ਼ਸਲ ਦੀ ਸਾਂਭ ਸੰਭਾਲ ਤੇ ਉਸ ਤੋਂ ਬਾਅਦ ਅਗਲੀ ਫ਼ਸਲ ਲਈ ਜ਼ਮੀਨ ਵਾਹ ਕੇ ਤਿਆਰ ਕਰਨ ਤੱਕ, ਫਿਰ ਜਦ ਮੁੱਲ ਪਾਉਣ ਦਾ ਸਮਾਂ ਆਉਂਦਾ ਹੈ ਤਾਂ ਆਹ ਕੁਦਰਤੀ ਆਪਦਾਵਾਂ ਦੀ ਭੇਂਟ ਆਪਣੀ ਮਿਹਨਤ ਅਤੇ ਪੈਸਾ ਰੁੜ੍ਹਦਾ ਦੇਖਣਾ,ਇਹ ਕਿਸਾਨ ਦੇ ਹਿੱਸੇ ਹੀ ਆਇਆ ਹੈ। ਜਿੰਨੀ ਮਿਹਨਤ ਕਿਸਾਨਾਂ ਨੇ ਕੀਤੀ ਹੁੰਦੀ ਹੈ ਸ਼ਾਇਦ ਕਿਸੇ ਹੋਰ ਕਿੱਤਾਕਾਰਾਂ ਨੂੰ ਨਹੀਂ ਕਰਨੀ ਪੈਂਦੀ। ਚਲੋ ਜੇ ਕਰਨੀ ਵੀ ਪੈਂਦੀ ਹੈ ਤਾਂ ਉਹਨਾਂ ਨੂੰ ਉਸ ਦੀ ਵਸੂਲੀ ਸਮੇਂ ਸਿਰ ਮਿਲ਼ ਕੇ ਪੈਸਾ ਹੱਥ ਵਿੱਚ ਆ ਜਾਂਦਾ ਹੈ।

ਕਿਸਾਨ ਦੋਵੇਂ ਹੱਥਾਂ ਨਾਲ ਪੈਸਾ ਖੇਤਾਂ ਵਿੱਚ ਵਿਛਾ ਕੇ ਉਸ ਨੂੰ ਉੱਗਦਾ ਵੇਖ ਰਹੇ ਹੁੰਦੇ ਹਨ,ਜਦ ਇਸ ਤਰ੍ਹਾਂ ਹਾੜੀ ਸਾਉਣੀ ਦੀਆਂ ਪੱਕੀਆਂ ਫ਼ਸਲਾਂ ਹੜਾਂ ਸੋਕਿਆਂ ਨਾਲ ਮਰ ਜਾਂਦੀਆਂ ਹਨ ਤਾਂ ਉਸ ਤੋਂ ਪੁੱਛ ਕੇ ਦੇਖੋ ਜਿਸ ਨੇ ਆਪਣਾ ਦਿਨ ਰਾਤ ਇੱਕ ਕਰਕੇ ਸਾਡਾ ਪੇਟ ਪਾਲਣ ਲਈ ਆਪਣਾ ਤਨ ਮਨ ਧਨ ਦਾਅ ਤੇ ਲਾਇਆ ਹੁੰਦਾ ਹੈ,ਉਹ ਸਭ ਕੁਝ ਉਜੜ ਜਾਂਦਾ ਹੈ,ਬਾਕੀ ਦੇ ਖਰਚੇ ਕਰਜ਼ੇ ਲੈ ਲੈ ਕੇ ਲਾਹੁੰਦਾ ਹੈ, ਇਸ ਤਰ੍ਹਾਂ ਅਗਲੀ ਫ਼ਸਲ ਤੱਕ ਕਰਜ਼ੇ ਉੱਪਰ ਵਿਆਜ ਚੜ੍ਹ ਚੜ੍ਹ ਕੇ ਦੁੱਗਣਾ ਹੋ ਜਾਂਦਾ ਹੈ, ਫਿਰ ਉਹਨਾਂ ਦੇ ਪੱਲੇ ਕਰਜ਼ਾ ਜਾਂ ਖ਼ੁਦਕੁਸ਼ੀਆਂ ਰਹਿ ਜਾਂਦੀਆਂ ਹਨ।

ਉਹ ਵੀ ਮਿਹਨਤ ਮਜ਼ਦੂਰੀ ਜਾਂ ਹੋਰ ਕਾਰੋਬਾਰ ਕਰਕੇ ਸ਼ਹਿਰੀ ਲੋਕਾਂ ਵਾਂਗ ਆਪਣੀ ਗੁਜ਼ਰ ਬਸਰ ਸੁਧਾਰ ਸਕਦਾ ਹੈ।ਪਰ ਸੋਚੋ ਜੇ ਕਿਸਾਨ ਮਜ਼ਦੂਰ ਜ਼ਮੀਨਾਂ ਵਿੱਚ ਫ਼ਸਲਾਂ ਉਗਾਉਣੀਆਂ ਬੰਦ ਕਰ ਦੇਣਗੇ ਤਾਂ ਕਿਸਾਨ ਨੂੰ ਅੰਨਦਾਤਾ ਕਹਿਣ ਤੋਂ ਨਕਾਰਨ ਵਾਲੇ ਲੋਕਾਂ ਦੇ ਡਾਈਨਿੰਗ ਟੇਬਲਾਂ ਤੇ ਲੱਗੇ ਖਾਣਿਆਂ ਦੀ ਕੀਮਤ ਐਨੀ ਵਧ ਜਾਏਗੀ ਕਿ ਉਸ ਦਾ ਸਵਾਦ ਬਹੁਤ ਕੌੜਾ ਹੋ ਜਾਵੇਗਾ ਜੋ ਉਹਨਾਂ ਨੂੰ ਸੰਘੀ ਤੋਂ ਹੇਠਾਂ ਉਤਾਰਨ ਲਈ ਬਹੁਤ ਕੁਝ ਸੋਚਣਾ ਪਵੇਗਾ। ਕਿਸਾਨਾਂ ਦੀ ਮਿਹਨਤ ਅਤੇ ਉਹਨਾਂ ਦੀ ਲਗਨ ਨੂੰ ਦਿਲੋਂ ਸਤਿਕਾਰ ਦੇਣਾ ਹੀ ਅਸਲੀ ਏਹੁ ਹਮਾਰਾ ਜੀਵਣਾ ਹੈ।

ਬਰਜਿੰਦਰ ਕੌਰ ਬਿਸਰਾਓ
9988901324

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article5ਜਾਬ ਬਾਕਸਿੰਗ ਜਰਖੜ ਅਕੈਡਮੀ ਦੇ ਸੁਖਜਿੰਦਰ ਸਿੰਘ ਜਰਖੜ, ਅੰਜਲੀ ਗੁਪਤਾ ਦੇ ਸੋਨ ਤਮਗਿਆ ਸਮੇਤ ਜਿੱਤੇ ਕੁੱਲ 11 ਤਮਗੇ।
Next articleਗੀਤ