ਏਸ਼ਿਆਈ ਏਅਰਗੰਨ ਚੈਂਪੀਅਨਸ਼ਿਪ ’ਚ ਭਾਰਤ ਦਾ ਦਬਦਬਾ ਬਰਕਰਾਰ

ਸਰਬਜੋਤ ਸਿੰਘ ਅਤੇ ਈਸ਼ਾ ਸਿੰਘ ਨੇ 12ਵੀਂ ਏਸ਼ਿਆਈ ਏਅਰਗੰਨ ਚੈਂਪੀਅਨਸ਼ਿਪ ਵਿੱਚ ਕ੍ਰਮਵਾਰ ਪੁਰਸ਼ਾਂ ਅਤੇ ਮਹਿਲਾਵਾਂ ਦੇ ਦਸ ਮੀਟਰ ਏਅਰ ਪਿਸਟਲ ਜੂਨੀਅਰ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤਿਆ। ਇਸ ਤਰ੍ਹਾਂ ਭਾਰਤ ਨੇ ਤਾਇਪੈ ਦੇ ਤਾਓਯੁਆਨ ਵਿੱਚ ਚੱਲ ਰਹੀ ਇਸ ਚੈਂਪੀਅਨਸ਼ਿਪ ਵਿੱਚ ਚੌਥੇ ਦਿਨ ਦੀ ਸਮਾਪਤੀ ਮਗਰੋਂ ਕੁੱਲ ਸੋਨ ਤਗ਼ਮਿਆਂ ਦੀ ਗਿਣਤੀ ਅੱਠ ਕਰ ਲਈ ਹੈ। ਸਰਬਜੋਤ ਨੇ ਅਰਜੁਨ ਚੀਮਾ ਅਤੇ ਵਿਜੈਵੀਰ ਸਿੱਧੂ ਨਾਲ ਮਿਲ ਕੇ ਜੂਨੀਅਰ ਟੀਮ ਵਰਗ ਦਾ ਸੋਨ ਤਗ਼ਮਾ ਵੀ ਜਿੱਤਿਆ। ਭਾਰਤ ਨੇ ਹੁਣ ਤੱਕ ਇਸ ਚੈਂਪੀਅਨਸ਼ਿਪ ਵਿੱਚ ਅੱਠ ਸੋਨੇ, ਚਾਰ ਚਾਂਦੀ ਅਤੇ ਦੋ ਚਾਂਦੀ ਅਤੇ ਦੋ ਕਾਂਸੀ ਦੇ ਤਗ਼ਮੇ ਜਿੱਤੇ ਹਨ। ਸਰਬਜੋਤ ਕੌਰ ਕੁਆਲੀਫਾਇਰ ਵਿੱਚ 579 ਦੇ ਸਕੋਰ ਨਾਲ ਪਹਿਲੇ ਸਥਾਨ ’ਤੇ ਰਹੀ। ਇਸ ਮਗਰੋਂ ਉਸ ਨੇ ਫਾਈਨਲ ਵਿੱਚ 237.8 ਦਾ ਸਕੋਰ ਬਣਾ ਕੇ ਕੋਰੀਆ ਦੇ ਕਿਮ ਵੂਜੋਂਗ (236.6) ਨੂੰ ਪਛਾੜਿਆ। ਵਿਜੈਵੀਰ (217.5) ਨੇ ਕਾਂਸੀ ਦਾ ਤਗ਼ਮਾ ਜਿੱਤਿਆ, ਜਦਕਿ ਅਰਜਨ ਚੀਮਾ ਚੌਥੇ ਸਥਾਨ ’ਤੇ ਰਿਹਾ। ਭਾਰਤ ਦੇ ਤਿੰਨ ਨਿਸ਼ਾਨੇਬਾਜ਼ਾਂ ਨੇ ਮਿਲ ਕੇ ਕੁੱਲ 1718 ਦਾ ਸਕੋਰ ਬਣਾਇਆ ਅਤੇ ਉਹ ਚੀਨੀ ਤਾਇਪੈ ਦੇ ਨਿਸ਼ਾਨਚੀਆਂ ਦੇ 1699 ਦੇ ਸਕੋਰ ਤੋਂ ਕਾਫ਼ੀ ਅੱਗੇ ਰਹੇ। ਈਸ਼ਾ ਕੁੜੀਆਂ ਦੇ ਵਰਗ ਵਿੱਚ 576 ਅੰਕ ਨਾਲ ਕੁਆਲੀਫਾਈਂਗ ਵਿੱਚ ਸਿਖ਼ਰ ’ਤੇ ਰਹੀ। ਇਸ ਮਗਰੋਂ ਉਸ ਨੇ ਫਾਈਨਲ ਵਿੱਚ 240.1 ਦਾ ਸਕੋਰ ਬਣਾ ਕੇ ਪਹਿਲਾ ਸਥਾਨ ਹਾਸਲ ਕੀਤਾ। ਕੋਰੀਆ ਦੀ ਯੁਨ ਸਿਯੋਨਜਿਯੋਂਗ (235) ਨੇ ਚਾਂਦੀ ਦਾ ਤਗ਼ਮਾ ਜਿੱਤਿਆ। ਭਾਰਤ ਦੀ ਹਰਸ਼ਦਾ ਨਿਠਾਵੇ ਅਤੇ ਦੇਵਾਂਸ਼ੀ ਧਾਮਾ ਨੇ ਵੀ ਫਾਈਨਲ ਵਿੱਚ ਥਾਂ ਪੱਕੀ ਕੀਤੀ, ਪਰ ਉਹ ਕ੍ਰਮਵਾਰ ਪੰਜਵੇਂ ਅਤੇ ਅੱਠਵੇਂ ਸਥਾਨ ’ਤੇ ਰਹੇ। ਇਨ੍ਹਾਂ ਤਿੰਨਾਂ ਦਾ ਸਕੋਰ ਹਾਲਾਂਕਿ ਟੀਮ ਮੁਕਾਬਲੇ ਵਿੱਚ ਚਾਂਦੀ ਦਾ ਤਗ਼ਮਾ ਜਿੱਤਣ ਲਈ ਸਹੀ ਸੀ। ਕੋਰੀਆ ਨੇ ਸੋਨ ਤਗ਼ਮਾ ਜਿੱਤਿਆ।

Previous articleਰਾਜਸਥਾਨ ਦੇ ਰੌਇਲਜ਼ ਨੂੰ ਰੋਲਣ ਉਤਰਨਗੇ ਸੁਪਰ ਕਿੰਗਜ਼
Next articleਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਨਕੋਦਰ ਦੇ ਵਿਦਿਆਰਥੀਆਂ ਵਲੋਂ ਸ਼ਾਨਦਾਰ ਪ੍ਰਦਰਸ਼ਨ।