ਪਟਿਆਲਾ ,ਸਮਾਜ ਵੀਕਲੀ: ਸਰਕਾਰੀ ਰਾਜਿੰਦਰਾ ਹਸਪਤਾਲ ’ਚ ਪੰਜਾਬ ਦੇ ਕਈ ਜ਼ਿਲ੍ਹਿਆਂ ਸਮੇਤ ਹੋਰ ਰਾਜਾਂ ਤੋਂ ਵੀ ਮਰੀਜ਼ ਆ ਰਹੇ ਹਨ ਜਿਸ ਦੌਰਾਨ ਸਟਾਫ਼ ਦੀ ਘਾਟ ਮਹਿਸੂਸ ਕਰਦਿਆਂ ਪੰਜਾਬ ਸਰਕਾਰ ਦੇ ਕਹਿਣ ’ਤੇ ਏਮਜ਼ ਬਠਿੰਡਾ ਵੱਲੋਂ ਤਿੰਨ ਦਿਨ ਪਹਿਲਾਂ ਮੇਲ ਨਰਸਿੰਗ ਸਟਾਫ਼ ਦੇ ਪੰਜਾਹ ਮੈਂਬਰ ਭੇਜੇ ਗਏ ਸਨ ਪਰ ਇੱਥੇ ਫਿਜ਼ੀਕਲ ਕਾਲਜ ਵਿਚਲੇ ਹੋਸਟਲ ਵਿੱਚ ਠਹਿਰਾਏ ਗਏ ਇਸ ਸਟਾਫ਼ ਵੱਲੋਂ ਖਾਣੇ ਦੀ ਗੁਣਵੱਤਾ ਚੰਗੀ ਨਾ ਹੋਣ ਸਮੇਤ ਖਾਣਾ ਸਮੇਂ ਸਿਰ ਨਾ ਮਿਲਣ ਦੇ ਦੋਸ਼ ਲਾਏ ਗਏ। ਸਟਾਫ਼ ਨੇ ਕਮਰਿਆਂ ’ਚ ਕੂਲਰ ਅਤੇ ਗੁਸਲਖ਼ਾਨਿਆਂ ਦੀ ਸਫ਼ਾਈ ਨਾ ਹੋਣ ਸਮੇਤ ਹੋਰ ਘਾਟਾਂ ਸਬੰਧੀ ਵੀ ਮੁੱਦਾ ਚੁੱਕਿਆ। ਇਸ ਸਟਾਫ਼ ਦੇ ਨੁਮਾਇੰਦਿਆਂ ਵਿਵੇਕ ਅਤੇ ਮੁਕੇਸ਼ ਸੈਣੀ ਸਮੇਤ ਕਈ ਹੋਰਾਂ ਨੇ ਦੋਸ਼ ਲਾਏ ਕਿ ਇਨ੍ਹਾਂ ਘਾਟਾਂ ਬਾਰੇ ਜਦੋਂ ਉਨ੍ਹਾਂ ਇੱਕ ਅਧਿਕਾਰੀ ਦੇ ਧਿਆਨ ’ਚ ਲਿਆਂਦਾ ਤਾਂ ਅੱਗੋਂ ਉਸ ਦਾ ਗੱਲ ਕਰਨ ਦਾ ਰਵੱਈਆ ਠੀਕ ਨਹੀਂ ਸੀ ਜਿਸ ਕਾਰਨ ਉਨ੍ਹਾਂ ਭੁੱਖ ਹੜਤਾਲ ਕੀਤੀ।
ਏਮਜ਼ ਬਠਿੰਡਾ ਦੇ ਅਧਿਕਾਰੀਆਂ ਦਾ ਤਰਕ ਸੀ ਕਿ ਉਨ੍ਹਾਂ ਇਹ ਸਟਾਫ਼ ਵਾਪਸ ਭੇਜਣ ਲਈ ਨਹੀਂ ਸੀ ਕਿਹਾ ਬਲਕਿ ਰਾਜਿੰਦਰਾ ਹਸਪਤਾਲ ਵੱਲੋਂ ਖ਼ੁਦ ਹੀ ਵਾਪਸ ਭੇਜ ਦਿੱਤਾ ਗਿਆ ਹੈ। ਇਹ ਮਾਮਲਾ ਵਧੇਰੇ ਚਰਚਾ ਵਿੱਚ ਆਉਣ ’ਤੇ ਸਰਕਾਰ ਵਿਰੋਧੀ ਪਾਰਟੀਆਂ ਵੱਲੋਂ ਪੰਜਾਬ ਸਰਕਾਰ ਦੀ ਨੁਕਤਾਚੀਨੀ ਸ਼ੁਰੂ ਹੋ ਗਈ। ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਅਤੇ ‘ਆਪ’ ਆਗੂ ਹਰਮੀਤ ਪਠਾਣਮਾਜਰਾ, ਪ੍ਰੋੋ. ਸੁੁਮੇਰ ਸਿੰਘ ਅਤੇ ਇੰਦਰਜੀਤ ਸਿੰਘ ਸੰਧੂ ਸਮੇਤ ਕਈ ਹੋਰ ‘ਆਪ’ ਆਗੂਆਂ ਨੇ ਇਸ ਸਬੰਧੀ ਸਰਕਾਰ ਨੂੰ ਕਟਹਿਰੇ ’ਚ ਖੜ੍ਹਾ ਕੀਤਾ। ਇਸ ਮਾਮਲੇ ਦੇ ਵਧੇਰੇ ਤੂਲ ਫੜਨ ਮਗਰੋਂ ਆਪਣੇ ਫੇਸਬੁੱਕ ਪੇਜ ’ਤੇ ਪੱਖ ਰੱਖਦਿਆਂ ਪਟਿਆਲਾ ਦੇ ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਸਟਾਫ਼ ਵੱਲੋਂ ਲਾਏ ਗਏ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly