ਮੈਡਰਿਡ : ਸਪੈਨਿਸ਼ ਫੁੱਟਬਾਲ ਲੀਗ ਲਾ ਲੀਗਾ ਦੇ ਮੌਜੂਦਾ ਸੈਸ਼ਨ ਵਿਚ ਰੀਅਲ ਮੈਡਰਿਡ ਤੇ ਏਟਲੇਟਿਕੋ ਮੈਡਰਿਡ ਨੇ ਬਹੁਤ ਹੱਦ ਤਕ ਆਪਣੀਆਂ ਪਰੇਸ਼ਾਨੀਆਂ ਨੂੰ ਘੱਟ ਕਰਨ ਦਾ ਕੰਮ ਕੀਤਾ ਹੈ। ਇਸ ਕਾਰਨ ਸ਼ਨਿਚਰਵਾਰ ਨੂੰ ਵਾਂਡਾ ਮੈਟਰੋਪੋਲੀਟਾਨੋ ਵਿਚ ਹੋਣ ਵਾਲੇ ਮੁਕਾਬਲੇ ਵਿਚ ਜਿਸ ਨੂੰ ਵੀ ਜਿੱਤ ਮਿਲੇਗੀ ਉਸ ਨੂੰ ਵੱਡੀ ਰਾਹਤ ਮਿਲੇਗੀ। ਪਿਛਲੇ ਹਫ਼ਤੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਰੀਅਲ ਦੇ ਜਿਨੇਦਿਨ ਜਿਦਾਨ ਨਾਲ ਉਨ੍ਹਾਂ ਦੇ ਕਲੱਬ ਦੇ ਮੈਨੇਜਰ ਵਜੋਂ ਭਵਿੱਖ ਨੂੰ ਲੈ ਕੇ ਛੇ ਸਵਾਲ ਕੀਤੇ ਗਏ ਸਨ। ਇਸ ਵਿਚ ਇਕ ਸਵਾਲ ਇਹ ਵੀ ਸੀ ਕਿ ਕੀ ਉਹ ਜੋਸ ਮੌਰਿਨ੍ਹੋ ਵੱਲੋਂ ਇਸ ਅਹੁਦੇ ਲਈ ਜਨਤਕ ਤੌਰ ‘ਤੇ ਬੋਲਣ ਨਾਲ ਗੁੱਸੇ ਵਿਚ ਤਾਂ ਨਹੀਂ ਹਨ। ਜਿਦਾਨ ਨੇ ਕਿਹਾ ਕਿ ਮੈਨੂੰ ਪਤਾ ਹੈ ਕਿ ਇਹ ਕਿਵੇਂ ਕੰਮ ਕਰਦਾ ਹੈ। ਇਹ ਮਾਅਨੇ ਨਹੀਂ ਰੱਖਦਾ ਕਿ ਮੈਨੂੰ ਇਸ ਨਾਲ ਫ਼ਰਕ ਪੈਂਦਾ ਹੈ ਜਾਂ ਨਹੀਂ। ਜੇ ਤੁਸੀਂ ਹਾਰਦੇ ਹੋ ਤਾਂ ਚੀਜ਼ਾਂ ਬਦਲਦੀਆਂ ਹਨ। ਓਧਰ ਉਸੇ ਦੌਰਾਨ ਏਟਲੇਟਿਕੋ ਮੈਡਰਿਡ ਨੂੰ ਆਪਣੇ ਘਰ ਵਿਚ ਸੇਲਟਾ ਵਿਗੋ ਖ਼ਿਲਾਫ਼ ਗੋਲਰਹਿਤ (0-0) ਡਰਾਅ ਨਾਲ ਸਬਰ ਕਰਨਾ ਪਿਆ ਜਿਸ ਕਾਰਨ ਉਸ ਦੇ ਹਮਲੇ ਨੂੰ ਲੈ ਕੇ ਉਸ ਦੇ ਪ੍ਰਸ਼ੰਸਕਾਂ ਨੇ ਚਿੰਤਾ ਜ਼ਾਹਰ ਕੀਤੀ। ਏਟਲੇਟਿਕੋ ਦੇ ਮੈਨੇਜਰ ਡਿਏਗੋ ਸਿਮੋਨ ਨੇ ਕਿਹਾ ਕਿ ਏਟਲੇਟਿਕੋ ਦੇ ਸਮਰਥਕ ਜ਼ਿਆਦਾ ਉਮੀਦ ਕਰ ਰਹੇ ਹਨ ਇਸ ਲਈ ਮੈਨੂੰ ਨਿੰਦਾ ਨਾਲ ਕੋਈ ਹੈਰਾਨੀ ਨਹੀਂ ਹੈ। ਜਦ ਤੁਸੀਂ ਹਾਰਦੇ ਹੋ ਤਦ ਕੋਚ ਨੂੰ ਦੋਸ਼ ਦਿੱਤਾ ਜਾਂਦਾ ਹੈ। ਵਾਂਡਾ ਮੈਟ੍ਰੋਪੋਲੀਟਾਨੋ ਵਿਚ ਲਾ ਲੀਗਾ ਦੀ ਅੰਕ ਸੂਚੀ ਵਿਚ ਚੋਟੀ ‘ਤੇ ਕਾਬਜ ਰੀਅਲ ਤੇ ਤੀਜੇ ਸਥਾਨ ‘ਤੇ ਕਾਬਜ ਏਟਲੇਟਿਕੋ ਵਿਚਾਲੇ ਮੁਕਾਬਲਾ ਹੋਵੇਗਾ। ਰੀਅਲ ਨੇ ਓਸਾਸੁਨਾ ਨੂੰ 2-0 ਨਾਲ ਮਾਤ ਦੇ ਕੇ ਸੂਚੀ ਵਿਚ ਚੋਟੀ ਦਾ ਸਥਾਨ ਹਾਸਲ ਕੀਤਾ ਸੀ। ਉਥੇ ਏਟਲੇਟਿਕੋ ਮੈਡਰਿਡ ਨੇ ਡਿਏਗੋ ਕੋਸਟਾ ਤੇ ਜੋਆਓ ਫੇਲਿਕਸ ਦੇ ਗੋਲ ਦੀ ਮਦਦ ਨਾਲ ਰੀਅਲ ਮਾਲੋਰਕਾ ਨੂੰ 2-0 ਨਾਲ ਮਾਤ ਦਿੱਤੀ ਸੀ।