ਜਲੰਧਰ (ਸਮਾਜਵੀਕਲੀ): ਕਰੋਨਾ ਵਾਇਰਸ ਦੀ ਨਾਮੁਰਾਦ ਮਹਾਮਾਰੀ ਦੇ ਚਲਦੇ ਹੋਏ ਅੰਬੇਡਕਰਾਈਟ ਇੰਟਰਨੈਸ਼ਨਲ ਕੋ-ਓਰਡੀਨੇਸ਼ਨ ਸੋਸਾਇਟੀ (ਏਕ੍ਸ) ਕਨੇਡਾ ਨੇ ਬੁੱਧ ਪੂਰਨਿਮਾ ਸਾਈਬਰ-ਔਨਲਾਈਨ ਦੁਆਰਾ ਮਨਾਉਣ ਦਾ ਆਯੋਜਨ ਕੀਤਾ. ਸਤਿਕਾਰਯੋਗ ਭਾਂਤੇ ਚਾਂਦਿਮਾ ਨੇ ਤ੍ਰਿਸ਼ਰਨ – ਪੰਚਸ਼ੀਲ ਦੇ ਕੇ ਸਮਾਗਮ ਦਾ ਆਰੰਭ ਕੀਤਾ ਅਤੇ ਪ੍ਰਵਚਨ ਕੀਤੇ. ਭਾਂਤੇ ਚਾਂਦਿਮਾ ਨੇ ਕਿਹਾ ਕਿ ਬੈਸਾਖ ਪੂਰਨਿਮਾ ਜੋ ਬੁੱਧ ਪੂਰਨਿਮਾ ਦੇ ਨਾਂ ਨਾਲ ਮਸ਼ਹੂਰ ਹੈ, ਅੰਤਰਰਾਸ਼ਟਰੀ ਪੱਧਰ ਤੇ ਬਹੁਤ ਹੀ ਖਾਸ ਦਿਨ ਵਜੋਂ ਜਾਣੀ ਜਾਂਦੀ ਹੈ ਅਤੇ ਪੂਰੇ ਵਿਸ਼ਵ ‘ਚ ਬਹੁਤ ਹੀ ਸ਼ਰਧਾ ਪੂਰਵਕ ਮਨਾਈ ਜਾਂਦੀ ਹੈ.
ਬੈਸਾਖ ਪੂਰਨਿਮਾ ਵਾਲੇ ਦਿਨ ਤਥਾਗਤ ਗੌਤਮ ਬੁੱਧ ਦਾ ਜਨਮ 563 ਬੀ. ਸੀ. ਪੂਰਵ ਲੂੰਬਨਿ ਵਿਖੇ, ਪਿਤਾ ਰਾਜਾ ਸੁਧੋਦਾਨਾ, ਜੋ ਸ਼ਕਿਆ ਵੰਸ਼ ਦਾ ਆਗੂ ਸੀ ਅਤੇ ਮਾਤਾ ਮਹਾਰਾਣੀ ਮਾਇਆ ਦੇਵੀ ਦੇ ਘਰ ਹੋਇਆ. 29 ਸਾਲ ਦੀ ਉਮਰ ਵਿਚ ਗੌਤਮ ਬੁੱਧ ਨੇ ਘਰ ਛੱਡ ਦਿੱਤਾ 6 ਸਾਲ ਦੇ ਯੋਗ ਅਭਿਆਸ ਤੋਂ ਬਾਅਦ ਬੈਸਾਖ ਦੀ ਪੂਰਨਿਮਾ ਵਾਲੇ ਦਿਨ ਇੱਕ ਪਿੱਪਲ ਦੇ ਰੁੱਖ ਥੱਲੇ ਉਨ੍ਹਾਂ ਨੂੰ ਬੌਧ ਗਯਾ ਵਿਖੇ ਗਿਆਨ ਦੀ ਪ੍ਰਾਪਤੀ ਹੋਈ. 45 ਸਾਲ ਲਗਾਤਾਰ ਘੁੱਮ ਕੇ ਬੁੱਧ ਧੱਮ ਦਾ ਪ੍ਰਚਾਰ ਕਰਨ ਤੋਂ ਬਾਅਦ ਕੁਸ਼ੀਨਗਰ ਵਿਖੇ ਬੈਸਾਖ ਦੀ ਪੂਰਨਿਮਾ ਵਾਲੇ ਦਿਨ ਹੀ ਮਹਾਂਮਾਨਵ ਗੌਤਮ ਬੁੱਧ ਦਾ ਮਹਾਪਰਿਨਿਰਵਾਂਨ ਹੋਇਆ. ਭਾਂਤੇ ਚਾਂਦਿਮਾ ਨੇ ਕਿਹਾ ਕਿ ਤਥਾਗਤ ਬੁੱਧ ਦੀਆਂ ਸਿਖਿਆਵਾਂ ਨੂੰ ਆਪਣਾਕੇ ਹੀ ਦੁਨੀਆ ਦਾ ਕਲਿਆਣ ਹੋ ਸਕਦਾ ਹੈ.
ਕਈ ਦੇਸ਼ਾਂ ਜਿਵੇਂ ਕਿ ਭਾਰਤ, ਅਮਰੀਕਾ, ਨਿਊਜ਼ੀਲੈਂਡ ਅਤੇ ਕਨੇਡਾ ਆਦਿ ਤੋਂ ਲੋਕ ਔਨਲਾਈਨ ਇਸ ਸਮਾਰੋਹ ਵਿਚ ਸ਼ਾਮਲ ਹੋਏ. ਡਾ ਵੈਸ਼ਾਲੀ ਐਸ. ਟੀ. ਪ੍ਰਧਾਨ, ਰਾਜ ਰਤਨ ਅੰਬੇਡਕਰ ਅਤੇ ਐਲ. ਆਰ. ਬਾਲੀ ਨੇ ਮੁੱਖ ਬੁਲਾਰਿਆਂ ਵਜੋਂ ਆਪਣੇ ਭਾਸ਼ਣ ਕੀਤੇ.
ਸ਼੍ਰੀ ਬਾਲੀ ਨੇ ਆਪਣੇ ਭਾਸ਼ਣ ਵਿਚ ਬੁੱਧ ਧੱਮ ‘ਤੇ ਵਿਸਥਾਰ ਨਾਲ ਚਾਨਣਾ ਪਾਇਆ ਅਤੇ ਕਿਹਾ ਕਿ ਤਥਾਗਤ ਗੌਤਮ ਬੁੱਧ ਨੇ ਖੋਜ ਕੀਤੀ ਕਿ ਸੰਸਾਰ ਵਿਚ ਦੁੱਖ ਹਨ, ਦੁੱਖਾਂ ਦਾ ਕਾਰਣ ਹੈ ਅਤੇ ਦੁੱਖਾਂ ਦਾ ਨਿਵਾਰਨ ਹੈ. ਗਿਆਨ ਪ੍ਰਾਪਤੀ ਤੋਂ ਬਾਅਦ ਬੁੱਧ ਨੇ ਆਜ਼ਾਦੀ, ਸਮਾਨਤਾ ਅਤੇ ਭਾਈਚਾਰੇ ਨਾਲ ਜੀਵਨ ਜੀਣ ਦਾ ਤਰੀਕਾ ਦੱਸਿਆ ਜਿਸ ਨੂੰ ਬੁੱਧ ਧੱਮ ਕਿਹਾ ਜਾਂਦਾ ਹੈ. ਬੁੱਧ ਧੱਮ ਪ੍ਰਗਿਆ ਅਤੇ ਕਰੁਣਾ ਦਾ ਸੁਮੇਲ ਹੈ. ਜਿਨ੍ਹਾਂ ਦੇਸ਼ਾਂ ਨੇ ਬੁੱਧ ਧੱਮ ਅਪਣਾਇਆ ਉਨ੍ਹਾਂ ਨੇ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕੀਤੀ. ਸ਼੍ਰੀ ਬਾਲੀ ਨੇ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਆਪਣੇ ਵਿਦੇਸ਼ੀ ਦੌਰਿਆਂ ‘ਚ ਕਹਿੰਦੇ ਹਨ ਕਿ ਭਾਰਤ ਨੇ ਦੁਨੀਆ ਨੂੰ ਯੁੱਧ ਨਹੀਂ, ਬੁੱਧ ਦਿੱਤਾ ਪਰ ਆਪ ਉਹ ਬੁੱਧ ਧੱਮ ਤੇ ਆਚਰਣ ਨਹੀਂ ਕਰਦੇ.
ਇਹ ਜਾਣਕਾਰੀ ਆਲ ਇੰਡੀਆ ਸਮਤਾ ਸੈਨਿਕ ਦਲ(ਰਜਿ), ਪੰਜਾਬ ਯੂਨਿਟ ਦੇ ਜਨਰਲ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਇੱਕ ਪ੍ਰੈਸ ਬਿਆਨ ਵਿਚ ਦਿੱਤੀ. ਸ਼੍ਰੀ ਭਾਰਦਵਾਜ ਨੇ ਕਿਹਾ ਕਿ ਅੰਬੇਡਕਰ ਮਿਸ਼ਨ ਸੋਸਾਇਟੀ ਪੰਜਾਬ ਵੱਲੋਂ ਵਾਈਸ ਪ੍ਰਧਾਨ ਚਰਨ ਦਾਸ ਸੰਧੂ ਅਤੇ ਸਮਤਾ ਸੈਨਿਕ ਦਲ ਵੱਲੋਂ ਸੂਬਾ ਪ੍ਰਧਾਨ ਜਸਵਿੰਦਰ ਵਰਿਆਣਾ ਨੇ ਔਨਲਾਈਨ ਸ਼ਾਮਲ ਹੋ ਕੇ ਆਪਣੇ ਵਿਚਾਰ ਪੇਸ਼ ਕੀਤੇ. ਅੰਬੇਡਕਰਾਈਟ ਇੰਟਰਨੈਸ਼ਨਲ ਕੋ-ਓਰਡੀਨੇਸ਼ਨ ਸੋਸਾਇਟੀ ਕਨੇਡਾ ਵੱਲੋਂ ਸਮਾਗਮ ਦਾ ਸੰਚਾਲਨ ਆਨੰਦ ਬਾਲੀ ਨੇ ਬਾਖੂਬੀ ਕੀਤਾ ਅਤੇ ਇਸਦੇ ਮੈਂਬਰਾਂ, ਮੈਡਮ ਚੰਚਲ ਮੱਲ, ਹਰਜਿੰਦਰ ਮੱਲ, ਪਰਮ ਕੈਂਥ, ਮੋਹਿੰਦਰ ਸੱਲਣ, ਮਨਜੀਤ ਕੈਂਥ ਅਤੇ ਐਡਵੋਕੇਟ ਇੰਦਰਜੀਤ ਨੇ ਸਭ ਦਾ ਸਵਾਗਤ ਅਤੇ ਧੰਨਵਾਦ ਕੀਤਾ.
ਬਲਦੇਵ ਰਾਜ ਭਾਰਦਵਾਜ
ਜਨਰਲ ਸਕੱਤਰ
ਆਲ ਇੰਡੀਆ ਸਮਤਾ ਸੈਨਿਕ ਦਲ (ਰਜਿ), ਪੰਜਾਬ ਯੂਨਿਟ