ਚੱਕਰਵਾਤੀ ਤੂਫ਼ਾਨ ਕਰਕੇ ਦਰੱਖ਼ਤ ਤੇ ਖੰਭੇ ਡਿੱਗੇ ਅਤੇ ਛੱਤਾਂ ਉੱਡੀਆਂ; 220 ਰੇਲਗੱਡੀਆਂ ਰੱਦ
ਚੱਕਰਵਾਤੀ ਤੂਫ਼ਾਨ ‘ਫਾਨੀ’ ਅੱਜ ਜਦੋਂ ਉੜੀਸਾ ਪਹੁੰਚਿਆ ਤਾਂ ਪੂਰੇ ਇਹਤਿਆਤੀ ਕਦਮਾਂ ਦੇ ਬਾਵਜੂਦ ਉਸ ਨੇ ਕਹਿਰ ਮਚਾ ਦਿੱਤਾ। ਮੋਹਲੇਧਾਰ ਮੀਂਹ ਅਤੇ 175 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚਲ ਰਹੀਆਂ ਹਵਾਵਾਂ ਕਰਕੇ ਅੱਠ ਵਿਅਕਤੀਆਂ ਦੀ ਜਾਨ ਚਲੀ ਗਈ ਜਦਕਿ ਕਈ ਕੱਚੇ ਘਰ ਢਹਿ ਗਏ ਅਤੇ ਪਿੰਡਾਂ ਤੇ ਕਸਬਿਆਂ ’ਚ ਪਾਣੀ ਭਰ ਗਿਆ। ਚੱਕਰਵਾਤੀ ਤੂਫ਼ਾਨ ‘ਫਾਨੀ’ ਨੇ ਪੁਰੀ ’ਚ ਸਵੇਰੇ 8 ਵਜੇ ਦੇ ਕਰੀਬ ਟਕਰਾਉਣ ਮਗਰੋਂ ਤਬਾਹੀ ਮਚਾ ਦਿੱਤੀ। ਵਿਸ਼ੇਸ਼ ਰਾਹਤ ਕਮਿਸ਼ਨਰ ਬੀ ਪੀ ਸੇਠੀ ਨੇ ਦੱਸਿਆ ਕਿ ਚੱਕਰਵਾਤੀ ਤੂਫਾਨ ਕਾਰਨ ਵੱਖ ਵੱਖ ਥਾਵਾਂ ’ਤੇ ਅੱਠ ਵਿਅਕਤੀਆਂ ਦੀ ਮੌਤ ਹੋਈ ਹੈ। ਪੁਰੀ ’ਚ ਕਿਸ਼ੋਰ ਲੜਕੇ ਦੀ ਉਸ ਸਮੇਂ ਮੌਤ ਹੋ ਗਈ ਜਦੋਂ ਇਕ ਦਰੱਖ਼ਤ ਉਸ ’ਤੇ ਡਿੱਗ ਪਿਆ। ਨਯਾਗੜ੍ਹ ’ਚ ਮਹਿਲਾ ’ਤੇ ਹਵਾ ’ਚ ਉੱਡ ਰਿਹਾ ਮਲਬਾ ਡਿੱਗਣ ਕਰਕੇ ਮੌਤ ਹੋ ਗਈ। ਇਸੇ ਤਰ੍ਹਾਂ ਕੇਂਦਰਪਾੜਾ ਜ਼ਿਲ੍ਹੇ ’ਚ ਰਾਹਤ ਕੈਂਪ ’ਚ ਠਹਿਰੀ ਬਿਰਧ ਮਹਿਲਾ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋ ਗਈ। ਕੌਮੀ ਆਫ਼ਤ ਪ੍ਰਬੰਧਨ ਬਲ ਦੇ ਡੀਆਈਜੀ ਰਣਦੀਪ ਰਾਣਾ ਨੇ ਦੱਸਿਆ ਕਿ ਇਹਤਿਆਤੀ ਕਦਮ ਉਠਾਏ ਜਾਣ ਕਾਰਨ ਭਾਰੀ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ। ਸੂਬਾ ਸਰਕਾਰ ਨੇ ਦੋ ਦਿਨ ਪਹਿਲਾਂ ਹੀ 10 ਹਜ਼ਾਰ ਪਿੰਡਾਂ ’ਚੋਂ ਕਰੀਬ 11 ਲੱਖ ਵਿਅਕਤੀਆਂ ਨੂੰ ਸੁਰੱਖਿਅਤ ਥਾਵਾਂ ’ਤੇ ਭੇਜ ਦਿੱਤਾ ਸੀ। ਲੋਕਾਂ ਨੂੰ ਚਾਰ ਹਜ਼ਾਰ ਟਿਕਾਣਿਆਂ ’ਚ ਪਨਾਹ ਦਿੱਤੀ ਗਈ ਹੈ। ਇਨ੍ਹਾਂ ’ਚੋਂ 800 ਕੇਂਦਰ ਵਿਸ਼ੇਸ਼ ਤੌਰ ’ਤੇ ਬਣਾਏ ਗਏ ਹਨ। ਪੂਰਬੀ ਤੱਟੀ ਰੇਲਵੇ ਦੇ ਅਧਿਕਾਰੀ ਨੇ ਦੱਸਿਆ ਮੁਸਾਫਰਾਂ ਦੀ ਸੁਰੱਖਿਆ ਨੂੰ ਧਿਆਨ ’ਚ ਰੱਖਦਿਆਂ ਹਾਵੜਾ-ਚੇਨਈ ਮਾਰਗ ’ਤੇ ਤਕਰੀਬਨ 220 ਰੇਲ ਗੱਡੀਆਂ ਰੱਦ ਕੀਤੀਆਂ ਗਈਆਂ ਹਨ। ਸ੍ਰੀ ਸੇਠੀ ਨੇ ਦੱਸਿਆ ਕਿ ਚੱਕਰਵਾਤੀ ਤੂਫ਼ਾਨ ਖੁਰਦਾ, ਕੱਟਕ, ਜਾਜਪੁਰ, ਭੱਦਰਕ ਅਤੇ ਬਾਲਾਸੋਰ ’ਚੋਂ ਗੁਜ਼ਰ ਰਿਹਾ ਹੈ ਅਤੇ ਫਿਰ ਇਹ ਪੱਛਮੀ ਬੰਗਾਲ ’ਚ ਦਾਖ਼ਲ ਹੋ ਜਾਵੇਗਾ। ਉੜੀਸਾ ਦੀ ਰਾਜਧਾਨੀ ਭੁਬਨੇਸ਼ਵਰ ਅਤੇ ਹੋਰ ਕਈ ਇਲਾਕਿਆਂ ’ਚ ਦੂਰਸੰਚਾਰ ਦੀਆਂ ਲਾਈਨਾਂ ਠੱਪ ਹੋ ਗਈਆਂ ਅਤੇ ਮੋਬਾਈਲ ਟਾਵਰਾਂ ਤੇ ਬਿਜਲੀ ਸਪਾਲਾਈ ਨੂੰ ਨੁਕਸਾਨ ਹੋਇਆ ਹੈ। ਤੂਫ਼ਾਨ ਨੂੰ ਦੇਖਦਿਆਂ ਭੁਬਨੇਸ਼ਵਰ ਅਤੇ ਕੋਲਕਾਤਾ ਦੇ ਹਵਾਈ ਅੱਡਿਆਂ ਨੂੰ ਬੰਦ ਕਰ ਦਿੱਤਾ ਗਿਆ ਸੀ। ਕੋਲਕਾਤਾ-ਚੇਨੱਈ ਰੂਟ ’ਤੇ 220 ਟਰੇਨਾਂ ਨੂੰ ਸ਼ਨਿਚਰਵਾਰ ਤਕ ਲਈ ਰੱਦ ਕਰ ਦਿੱਤਾ ਗਿਆ ਹੈ। ‘ਫਾਨੀ’ ਨੇ ਸਿਆਸੀ ਪਾਰੇ ਨੂੰ ਕੁਝ ਠੰਢਾ ਕਰ ਦਿੱਤਾ ਹੈ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅਗਲੇ 48 ਘੰਟਿਆਂ ’ਚ ਹੋਣ ਵਾਲੀਆਂ ਆਪਣੀਆਂ ਸਾਰੀਆਂ ਰੈਲੀਆਂ ਨੂੰ ਰੱਦ ਕਰ ਦਿੱਤਾ ਹੈ ਅਤੇ ਉਨ੍ਹਾਂ ਵੱਲੋਂ ਹਾਲਾਤ ’ਤੇ ਨਜ਼ਰ ਰੱਖੀ ਜਾ ਰਹੀ ਹੈ। ਸਮੁੰਦਰੀ ਤੂਫ਼ਾਨ ‘ਫਾਨੀ’ ਕਾਰਨ ਭੁਬਨੇਸ਼ਵਰ ਹਵਾਈ ਅੱਡੇ ਉੱਤੇ ਲੱਗੇ ਯੰਤਰਾਂ ਨੂੰ ਨੁਕਸਾਨ ਪੁੱਜਾ ਹੈ। ਹਵਾਈ ਅੱਡੇ ਦੇ ਅਧਿਕਾਰੀਆਂ ਅਨੁਸਾਰ ਸ਼ਨਿੱਚਰਵਾਰ ਨੂੰ ਦੁਪਹਿਰ 1 ਵਜੇ ਉਡਾਣਾਂ ਦੇ ਸ਼ੁਰੂ ਹੋਣ ਦੀ ਸੰਭਾਵਨਾ ਹੈ।