(ਸਮਾਜ ਵੀਕਲੀ)
ਸਿਆਣਿਆਂ ਨੇ ਇੱਕ ਸਿਆਣੀ ਗੱਲ ਆਖੀ ਹੈ ਕਿ ਕਲਮ ਅਤੇ ਕਰਮ ਦੋਹਾਂ ਵਿੱਚ ਅਥਾਹ ਸ਼ਕਤੀ ਤੇ ਸਮਰੱਥਾ ਹੁੰਦੀ ਹੈ। ਇਹ ਗੱਲ ਮੈਂ ਆਪਣੀ ਜ਼ਿੰਦਗੀ ਵਿੱਚ ਵੀ ਅਜ਼ਮਾਈ ਤੇ ਪ੍ਰਤੱਖ ਰੂਪ ਵਿੱਚ ਵੇਖੀ ਹੰਢਾਈ ਵੀ ਹੈ। ਮੈਂ ਗੱਲ ਕਰਨ ਜਾ ਰਿਹਾ ਹਾਂ ਸਾਡੀ ਸੋਚ ਦੀ। ਜੇ ਸੋਚ ਸਹੀ ਪਾਸੇ ਵੱਲ ਬਦਲ ਜਾਵੇ ਤਾਂ ਜੀਵਨ ਅਤੇ ਦੁਨੀਆਂ ਨੂੰ ਦੇਖਣ ਤੇ ਮਾਨਣ ਦਾ ਵੱਖਰਾ ਹੀ ਅੰਦਾਜ਼ ਹੋ ਨਿੱਬੜਦਾ ਹੈ , ਪਰ ਇਹ ਵੀ ਜ਼ਰੂਰੀ ਨਹੀਂ ਕਿ ਉਚੇਰੀ ਪੜ੍ਹਾਈ – ਲਿਖਾਈ ਕਰਕੇ ਜਾਂ ਉੱਚ – ਅਹੁਦੇ ‘ਤੇ ਪਹੁੰਚ ਕੇ ਸਾਡੀ ਸੋਚ ਉਸਾਰੂ ਤੇ ਸਕਾਰਾਤਮਕ ਪੱਖ ਦੀ ਬਣ ਜਾਵੇਗੀ। ਸੋਚ ਬਦਲਣ ਦੇ ਲਈ ਸਹਿਣਸ਼ੀਲਤਾ , ਤਿਆਗ , ਸਮਰਪਣ ਤੇ ਉਚੇਚਾ ਨਜ਼ਰੀਆ ਅਪਣਾਉਣ ਦੀ ਲੋੜ ਹੁੰਦੀ ਹੈ।
ਇਹ ਸਾਡੇ ‘ਤੇ ਹੀ ਨਿਰਭਰ ਹੁੰਦਾ ਹੈ ਕਿ ਅਸੀਂ ਆਪਣੀ ਸੋਚ ਨੂੰ ਉਸਾਰੂ – ਸੁਚਾਰੂ ਬਣਾਉਣਾ ਹੈ ਜਾਂ ਨਹੀਂ। ਕਿਸੇ ਦੀ ਕੋਸ਼ਿਸ਼ ਕਰਨ ਨਾਲ ਜਾਂ ਲੱਖ ਯਤਨ ਕਰਨ ‘ਤੇ ਦੂਸਰੇ ਵਿਅਕਤੀ ਦੀ ਸੋਚ ਨਹੀਂ ਬਦਲ ਸਕਦੀ। ਸੋਚ ਕਈ ਵਾਰ ਅੜੀਅਲ , ਰੂੜੀਵਾਦੀ ਤੇ ਨਕਾਰਾਤਮਕ ਪੱਖ ‘ਤੇ ਵੀ ਖੜ੍ਹੀ ਰਹਿੰਦੀ ਹੈ। ਗੱਲ 2017 ਸੰਨ ਦੀ ਹੈ ; ਜਦੋਂ ਮੇਰੇ ਅੰਤਰਜਾਤੀ ਅਤੇ ਦੂਸਰੇ ਧਰਮ ਵਿੱਚ ਹੋਏ ਵਿਆਹ ਦੀ ਸੱਚੀ ਘਟਨਾ ਪੰਜਾਬੀ ਦੇ ਅਖ਼ਬਾਰ ਵਿੱਚ ਛਪੀ। ਉਸ ਦਿਨ ਅਨੇਕਾਂ ਲੋਕਾਂ ਤੇ ਪਾਠਕਾਂ ਦੇ ਦੇਸ਼ਾਂ – ਵਿਦੇਸ਼ਾਂ ਤੋਂ ਅਣਗਿਣਤ ਫੋਨ ਆਏ। ਦੂਰੋਂ – ਨੇਡ਼ਿਓਂ , ਬਜ਼ੁਰਗਾਂ , ਨੌਜਵਾਨਾਂ , ਅਫਸਰਾਂ , ਪੱਤਰਕਾਰਾਂ , ਅਖ਼ਬਾਰਾਂ ਦੇ ਸੰਪਾਦਕਾਂ ਅਤੇ ਹੋਰ ਉੱਚ – ਅਹੁਦੇ ‘ਤੇ ਬਿਰਾਜਮਾਨ ਅਧਿਕਾਰੀਆਂ ਦੇ ਫੋਨ ਆਏ।
ਸਭ ਦਾ ਨਜ਼ਰੀਆ 2008 ਵਿੱਚ ਹੋਏ ਮੇਰੇ ਅੰਤਰਜਾਤੀ ਅਤੇ ਦੂਸਰੇ ਧਰਮ ਵਿੱਚ ਹੋਏ ਵਿਆਹ ਪ੍ਰਤੀ ਸਕਾਰਾਤਮਕ ਹੀ ਰਿਹਾ ; ਪ੍ਰੰਤੂ ਅਚਾਨਕ ਦਿਨ ਦੇ ਲਗਪਗ ਦੋ ਵਜੇ ਦੀ ਗੱਲ ਹੈ। ਮੇਰੇ ਮੋਬਾਇਲ ਫੋਨ ਦੀ ਘੰਟੀ ਵੱਜੀ ਤਾਂ ਮੈਂ ਅੱਗਿਓਂ ਜਾਣ – ਪਛਾਣ ਦੱਸੀ – ਪੁੱਛੀ ਤੇ ਉਸ ਸੱਜਣ ਨੂੰ ਸਤਿ ਸ੍ਰੀ ਅਕਾਲ ਬੁਲਾਈ। ਫੋਨ ਕਰਨ ਵਾਲੇ ਇਹ ਸੱਜਣ ਪੰਜਾਬ ਦੇ ਇੱਕ ਜ਼ਿਲ੍ਹੇ ਦੇ ਸਰਕਾਰੀ ਉੱਚ – ਅਧਿਕਾਰੀ / ਅਫ਼ਸਰ ਸਨ। ਉਨ੍ਹਾਂ ਨੇ ਪਹਿਲਾਂ ਮੇਰੇ ਤੋਂ ਮੇਰੇ ਵਿਆਹ ਦੀ ਸਾਰੀ ਜਾਣਕਾਰੀ ਹਾਸਲ ਕੀਤੀ।
ਫਿਰ ਦੱਸਿਆ ਕਿ ਉਹ ਉੱਚ – ਅਫ਼ਸਰ ਹਨ ਅਤੇ ਉਨ੍ਹਾਂ ਨੇ ਆਪਣੇ – ਆਪ ਨੂੰ ਇੱਕ ਅਖੌਤੀ ( ਬ੍ਰਾਹਮਣ ) ਉੱਚ – ਜਾਤੀ ਨਾਲ ਸਬੰਧਤ ਦੱਸਿਆ। ਉਹ ਅਫ਼ਸਰ ਮੇਰੇ ਵਿਆਹ ਦੇ ਫ਼ੈਸਲੇ ‘ਤੇ ਅਤੇ ਉਸ ਦਿਨ ਅਖ਼ਬਾਰ ਵਿੱਚ ਛਪੀ ਮੇਰੇ ਵਿਆਹ ਦੀ ਸੱਚੀ ਘਟਨਾ ਬਾਰੇ ਪੜ੍ਹ ਕੇ ਲਾਲ – ਪੀਲਾ ਹੋ ਰਿਹਾ ਸੀ। ਅੱਗ – ਭਬੂਲਾ ਹੋਇਆ ਉਹ ਅਧਿਕਾਰੀ ਫੋਨ ‘ਤੇ ਮੇਰੇ ਨਾਲ ਇੰਜ ਵਾਰਤਾਲਾਪ ਕਰ ਰਿਹਾ ਸੀ , ਜਿਵੇਂ ਮੈਂ ਵਿਆਹ ਨਹੀਂ , ਸਗੋਂ ਕੋਈ ਭਾਰੀ ਕਤਲ ਕਰ ਦਿੱਤਾ ਹੋਵੇ ਜਾਂ ਬਹੁਤ ਭਾਰੀ ਗੁਨਾਹ ਕਰ ਦਿੱਤਾ ਹੋਵੇ।
ਉਸ ਨੇ ਮੈਨੂੰ ਬਹੁਤ ਬੁਰਾ – ਭਲਾ ਕਿਹਾ। ਅਚਾਨਕ ਹੀ ਬਣੀ ਇਸ ਅਦਭੁੱਤ ਸਥਿਤੀ ਤੋਂ ਪਹਿਲਾਂ ਤਾਂ ਮੈਂ ਥੋੜ੍ਹਾ ਘਬਰਾ ਗਿਆ , ਪਰ ਮੈਂ ਸਾਰਾ ਕੁਝ ਚੁੱਪਚਾਪ ਸਹਿੰਦਾ , ਸੁਣਦਾ , ਸਮਝਦਾ ਅਤੇ ਉਸ ਦੀ ਪੜਚੋਲ ਕਰਦਾ ਰਿਹਾ ; ਪਰ ਉਹ ਅਧਿਕਾਰੀ ਕੇਵਲ ਤੇ ਕੇਵਲ ਇੱਕ ਅਖੌਤੀ ਉੱਚ – ਜਾਤੀ ( ਮਨੁੱਖ ਵਲੋਂ ਬਣਾਈ ਬ੍ਰਾਹਮਣ ਜਾਤੀ ) ਨੂੰ ਹੀ ਵਾਰ – ਵਾਰ ਤਵੱਜੋ ਦੇ ਰਿਹਾ ਸੀ ਤੇ ਇਨਸਾਨੀਅਤ – ਮਾਨਵਤਾ ਜਿਹੀ ਕੋਈ ਵੀ ਗੱਲ ਉਸ ਦੀ ਸੋਚ ਤੋਂ ਬਾਹਰ ਦਿਸ ਰਹੀ ਸੀ। ਉਸ ਦੀਆਂ ਗੱਲਾਂ , ਭਾਰੀ ਗੁੱਸੇ ਅਤੇ ਅਸ਼ਾਂਤੀ ਦਾ ਮੈਂ ਬਹੁਤ ਨਿਮਰਤਾ ਅਤੇ ਸਲੀਕੇ ਨਾਲ ਜਵਾਬ ਦਿੰਦਾ ਰਿਹਾ। ਪਰ ਉਹ ਅਫ਼ਸਰ ਸੀ ਕਿ ਮੇਰੀ ਇੱਕ ਵੀ ਸੁਣਨ ਨੂੰ ਤਿਆਰ ਨਹੀਂ ਸੀ। ਲਗਭਗ ਪੌਣਾ ਘੰਟਾ ਉਸ ਨਾਲ਼ ਗੱਲਬਾਤ ਹੁੰਦੀ ਰਹੀ। ਆਖ਼ਿਰ ਉਸ ਨੇ ਮੈਨੂੰ ਇੱਕ ਪ੍ਰਸ਼ਨ ਕੀਤਾ , ” ਤੇਰੇ ਆਰਟੀਕਲ ਵਿੱਚ ਕੀ ਮਹੱਤਤਾ ਹੈ ? ਕੀ ਖਾਸੀਅਤ ਹੈ ਇਸ ਰਚਨਾ ਵਿੱਚ ?
ਤੂੰ ਆਪਣੇ ਆਪ ਨੂੰ ਕੀ ਸਮਝਦਾ ਹੈ ? ” ਸਾਰੇ ਦਿਨ ਦੀ ਸਕਾਰਾਤਮਕਤਾ ਤੋਂ ਬਾਅਦ ਅਚਾਨਕ ਹੋਏ ਇਸ ਤਾਬੜਤੋੜ ਸ਼ਬਦੀ – ਹਮਲੇ ਨੇ ਮੈਨੂੰ ਇੱਕ ਵਾਰ ਝੰਜੋੜ ਕੇ ਰੱਖ ਦਿੱਤਾ , ਹਿਲਾ ਕੇ ਰੱਖ ਦਿੱਤਾ ਅਤੇ ਘਬਰਾਹਟ ਵਿੱਚ ਪਾ ਦਿੱਤਾ। ਉਸ ਸਮੇਂ ਜੇਕਰ ਮੈਂ ਚਾਹੁੰਦਾ ਤਾਂ ਮੈਂ ਉਸ ਅਫ਼ਸਰ ਦਾ ਫੋਨ ਵੀ ਕੱਟ ਸਕਦਾ ਸੀ , ਉਸ ਨੂੰ ਚੰਗਾ – ਮੰਦਾ ਵੀ ਕਹਿ ਸਕਦਾ ਸੀ ਜਾਂ ਉਸ ਦੀ ਚੰਗੀ ਝਾੜਝੰਬ ਵੀ ਕਰ ਸਕਦਾ ਸੀ ; ਪਰ ਸਥਿਤੀ ਤੋਂ ਭੱਜਣਾ ਮੇਰੀ ਫ਼ਿਤਰਤ ਨਹੀਂ ਅਤੇ ਪਾਠਕਾਂ ਦੀ ਗੱਲ ਤੇ ਭਾਵਨਾ ਨੂੰ ਮੈਂ ਹਮੇਸ਼ਾ ਇੱਜ਼ਤ – ਸਤਿਕਾਰ ਦਿੰਦਾ ਆਇਆ ਹਾਂ ।
ਮੈਂ ਤਰਕ ਨਾਲ ਅਤੇ ਸ਼ਾਂਤੀ ਨਾਲ ਉਸ ਅਫਸਰ ਅੱਗੇ ਆਪਣਾ ਪੱਖ ਰੱਖਦਾ ਰਿਹਾ । ਉਸ ਅਧਿਕਾਰੀ ਦੇ ਉਪਰੋਕਤ ਪ੍ਰਸ਼ਨਾਂ ਦਾ ਮੈਂ ਨਿਮਰਤਾ ਨਾਲ ਜਵਾਬ ਦਿੱਤਾ , ” ਮੈਂ ਕੁਝ ਨਹੀਂ ਕੀਤਾ। ਜੋ ਵੀ ਹੈ , ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਭਾਣੇ / ਹੁਕਮ ਅਨੁਸਾਰ ਹੋਇਆ ਤੇ ਹੁੰਦਾ ਹੈ। ਮੈਨੂੰ ਨਹੀਂ ਲੱਗਦਾ ਕਿ ਮੈਂ ਅੰਤਰਜਾਤੀ ਅਤੇ ਦੂਸਰੇ ਧਰਮ ਵਿੱਚ ਵਿਆਹ ਕਰਕੇ ਕੋਈ ਭਿਅੰਕਰ ਗੁਨਾਹ ਕਰ ਲਿਆ ਹੋਵੇ ਜਾਂ ਕੋਈ ਸਮਾਜਿਕ ਉਲੰਘਣਾ ਕੀਤੀ ਹੋਵੇ ਜਾਂ ਕਿਸੇ ਅਖੌਤੀ ਜਾਤ /ਸਮਾਜ ਦਾ ਅਪਮਾਨ ਕੀਤਾ ਹੋਵੇ।
ਅਸੀਂ ਸਾਰੇ ਇੱਕ ਪ੍ਰਮਾਤਮਾ ਦੀ ਸੰਤਾਨ ਹਾਂ ਅਤੇ ਮੈਂ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਬਾਣੀ ਵਿੱਚ ਵਿਸ਼ਵਾਸ ਰੱਖਦਾ ਆਇਆ ਹਾਂ ਤੇ ਮਾਨਵਤਾ ਦੀ ਹੀ ਗੱਲ ਕੀਤੀ ਤੇ ਕਰਦਾ ਹਾਂ , ਨਾ ਕਿ ਕਿਸੇ ਜਾਤ ਜਾਂ ਕਿਸੇ ਰੰਗ – ਨਸਲ ਦੀ। ਬਾਕੀ ਜਨਾਬ ਰਹੀ ਗੱਲ ਮੇਰੇ ਇਸ ਆਰਟੀਕਲ ਦੀ , ਸੋ ਇਸ ਦੀ ਖਾਸੀਅਤ ਹੋਰ ਕੁਝ ਹੋਵੇ ਜਾਂ ਨਾ ਹੋਵੇ ; ਪਰ ਇਸਦੀ ਇਹ ਖਾਸੀਅਤ ਜ਼ਰੂਰ ਹੈ ਕਿ ਇਸ ਆਰਟੀਕਲ ਨੇ ਤੁਹਾਡੇ ਜਿਹੇ ਉੱਚ – ਅਧਿਕਾਰੀ ਨੂੰ ਇੱਕ ਪ੍ਰਾਇਮਰੀ ਸਕੂਲ ਦੇ ਮੇਰੇ ਜਿਹੇ ਮਾਮੂਲੀ ਜਿਹੇ ਅਧਿਆਪਕ ਨੂੰ ਫੋਨ ਕਰਨ ਅਤੇ ਉਸ ਨਾਲ ਗੱਲ ਕਰਨ ਲਈ ਮਜਬੂਰ ਕਰ ਦਿੱਤਾ।
ਕਿੱਥੇ ਮੈਂ ਨਿਮਾਣਾ ਜਿਹਾ ਇੱਕ ਅਧਿਆਪਕ ਤੇ ਕਿੱਥੇ ਤੁਸੀਂ ਇੰਨੇ ਵੱਡੇ ਅਹੁਦੇ ‘ਤੇ ਵਿਰਾਜਮਾਨ ਆਲਾ – ਅਧਿਕਾਰੀ। ਬਸ ਇਹੋ ਮੇਰੀ ਰਚਨਾ , ਮੇਰੀ ਕਲਮ ਅਤੇ ਮੇਰੇ ਕਰਮ ਦੀ ਖ਼ਾਸੀਅਤ ਹੈ , ਜਨਾਬ।” ਜਦੋਂ ਫੇਰ ਵੀ ਉਹ ਮੇਰੀ ਕੋਈ ਗੱਲ ਸੁਣਨ ਲਈ ਤਿਆਰ ਨਾ ਹੋਇਆ ਤਾਂ ਮੈਂ ਉਸ ਅਫ਼ਸਰ ਨੂੰ ਇੱਕ ਪ੍ਰਸ਼ਨ ਕੀਤਾ , ” ਕੀ ਇਹ ਜਾਤਾਂ , ਇਹ ਊਚ – ਨੀਚਤਾ ਪ੍ਰਮਾਤਮਾ ਨੇ ਬਣਾਏ ਹਨ ? ਜੇ ਬਣਾਏ ਹਨ ਤਾਂ ਦੱਸੋ ਕਦੋਂ ਤੇ ਕਿੱਥੇ ਅਤੇ ਤੁਹਾਡੇ ਕੋਲ ਇਸ ਸਬੰਧੀ ਜੋ ਸਬੂਤ ਹਨ , ਤਾਂ ਦਿਖਾਓ ? ”
ਇੰਨਾ ਕੁਝ ਸੁਣਦੇ ਸਾਰ ਹੀ ਉਸ ਅਫ਼ਸਰ ਨੇ ਬੁੜ – ਬੁੜ ਕਰਦੇ ਹੋਇਆਂ ਫ਼ੋਨ ਕੱਟ ਦਿੱਤਾ। ਦੋਸਤੋ ! ਇਹ ਹੁੰਦੀ ਹੈ ਕਲਮ ਅਤੇ ਕਰਮ ਦੀ ਤਾਕਤ , ਪਰ ਮੈਂ ਅੱਜ ਵੀ ਉਸ ਉੱਚ – ਅਧਿਕਾਰੀ ਦੀ ਰੂੜੀਵਾਦੀ , ਅਖੌਤੀ ਜਾਤੀਵਾਦ , ਪ੍ਰੰਪਰਾਗਤ ਸੋਚ , ਘਿਸੀ ਪਿਟੀ ਸੋਚ , ਸੰਕੀਰਨ ਸੋਚ ਤੇ ਮਾੜੀ ਸੋਚ ਅਤੇ ਪ੍ਰਵਿਰਤੀ ਨੂੰ ਯਾਦ ਕਰ ਕੇ ਸੋਚਾਂ ਵਿੱਚ ਪੈ ਜਾਂਦਾ ਹਾਂ। ਸੱਚਮੁੱਚ ਕਿਸੇ ਦੀ ਸੋਚ ਹੀ ਉਸ ਦੀ ਸ਼ਖ਼ਸੀਅਤ ਦਾ ਆਈਨਾ ਹੁੰਦੀ ਹੈ ਤੇ ਸੋਚ ਨੂੰ ਉਸਾਰੂ , ਸਕਾਰਾਤਮਕ ਤੇ ਸੁਚਾਰੂ ਪੱਖ ਵੱਲ ਬਦਲ ਲੈਣਾ ਹਰ ਕਿਸੇ ਇਨਸਾਨ ਦੇ ਵੱਸ ਦੀ ਗੱਲ ਨਹੀਂ ਹੁੰਦੀ , ਭਾਵੇਂ ਕਿ ਉਹ ਕਿਸੇ ਵੀ ਵਿਸ਼ੇਸ਼ ਅਹੁਦੇ ਜਾਂ ਵਿਸ਼ੇਸ਼ ਸਥਾਨ ਨਾਲ ਸਬੰਧਿਤ ਕਿਉਂ ਨਾ ਹੋਵੇ। ਸਹੀ , ਸਕਾਰਾਤਮਕ ਤੇ ਉਸਾਰੂ ਸੋਚ ਨਾਲ਼ ਹੀ ਸਾਡਾ ਜੀਵਨ ਤੇ ਸਾਡਾ ਸਮਾਜ ਬਦਲ ਸਕਦਾ ਹੈ , ਨਾ ਕਿ ਸੰਕੀਰਣ ਸੋਚ ਅਪਣਾਉਣ ਨਾਲ਼।
ਮਾਸਟਰ ਸੰਜੀਵ ਧਰਮਾਣੀ .
ਸ੍ਰੀ ਅਨੰਦਪੁਰ ਸਾਹਿਬ .
9478561356 .