ਐੜੇ ਕਰੇ ਅੜਵਾਈ !

ਬੁੱਧ ਸਿੰਘ ਨੀਲੋਂ

(ਸਮਾਜ ਵੀਕਲੀ)

ਅੱਜ ਕੱਲ੍ਹ ਅੈੜਾ ਬਹੁਤ ਅੜਵਾਈਆਂ ਕਰਦਾ ਹੈ। ਉਹ ਸਮਝਦਾ ਹੈ ਕਿ ਲੋਕ ਬਹੁਤੇ ਅੜਵੈੜੇ ਹੋ ਗਏ ਹਨ।
ਹੁਣ ਉਸਦੀ ਹਾਲਤ ਇਹ ਬਣ ਗਈ ਹੈ ਕਿ ਅਖੇ ‘ਅਹਿਰਨ ਕੱਛੇ ਮਾਰਨੀ, ਸੂਈ ਦਾ ਕਰਨਾ ਦਾਨ, ਇਹ ਹਾਲਤ ਅੱਜ ਮੋਦੀ ਦੀ ਬਣ ਗਈ ਹੈ। ਅਕਲਾਂ ਬਾਝੋਂ ਖੂਹ ਖਾਲੀ ਹੋਣ ਤਾਂ ਅੱਖ ਲੱਗੀ ਤੇ ਮਾਲ ਬੇਗਾਨਾ ਹੁੰਦਾ ਹੈ, ਪਰ ਜਿਨਾਂ ਦਾ ਅੱਗਾ ਹਨੇਰ ਦਾ ਹੋਵੇ ਤਾਂ ਪਿੱਛਾ ਗਿੱਦੜ ਦਾ ਹੁੰਦਾ।

ਜਦੋਂ ਗਿੱਦੜ ਰਾਜ ਕਰਨ ਲੱਗ ਜਾਣ ਤਾਂ ‘ਅੰਨੇ ਕੁੱਤੇ‘ਹਿਰਨਾਂ ਦੇ ਸ਼ਿਕਾਰੀ’ ਬਣ ਕੇ ਦੋਵੇਂ ਹੱਥੀ ਲੁੱਟ ਮਚਾਉਂਦੇ ਹਨ।

ਜਦੋਂ ਕੋਈ ‘ਅਸਮਾਨ ਨੂੰ ਟਾਕੀ ਲਾਉਂਦਾ’ ਹੈ ਤਾਂ ਉਸ ਦੀ ਅਕਲ ਅਕਾਲ ਚਲਾਣਾ ਕਰ ਜਾਂਦੀ ਹੈ। ਫੇਰ ਉਹ ਅੱਖਾਂ ਚੁਰਾਉਣ ਲੱਗਦਾ ਹੈ, ਹੁਣ ਇਹੋ ਹੀ ਹਾਲਤ ਦੇਸ਼ ਵਿੱਚ ਭਾਜਪਾ ਵਾਲਿਆਂ ਦੀ ਬਣੀ ਹੋਈ ਹੈ।ਹੁਣ ਉਹ ਕਿਸੇ ਨਾਲ ਅੱਖਾਂ ਨਹੀਂ ਮਿਲਾਉਂਦੇ, ਜਿਹੜੇ ਵੋਟਰਾਂ ਨੇ ਉਨਾਂ ਨੂੰ ਅੱਖਾਂ ’ਤੇ ਬਿਠਾਇਆ ਸੀ, ਹੁਣ ਉਹ ਉਨ੍ਹਾਂ ਨੂੰ ਅੱਖਾਂ ਦਿਖਾਉਣ ਲੱਗ ਪਏ ਹਨ.

ਲੋਕ ਭਾਜਪਾ ਦੀਆਂ ਅਗਲੀਆਂ ਪਿਛਲੀਆਂ ਨਹੀਂ ਫਰੋਲਦੇ ਹਨ। ਪਰ ਕੁੱਝ ਲਾਲਚੀ ਲੋਕ ਹੁਣ ਆਪਣਾ ਅੱਗਾ ਸਵਾਰਨ ਲਈ ਲੋਕਾਂ ਦੇ ਅੱਖਾਂ ਵਿੱਚ ਘੱਟਾ ਪਾਉਣ ਲੱਗ ਪਏ ਹਨ। ਲੋਕ ਤਾਂ ਹੱਥਾਂ ਨੂੰ ਥੁੱਕ ਲਾਈ ਫਿਰਦੇ ਹਨ, ਭਾਜਪਾ ਵਾਲੇ ਹੱਥ ਮੱਲਦੇ ਉਨਾਂ ’ਤੇ ਕਚੀਚੀਆਂ ਵੱਟਦੇ ਹਨ। ਬਾਬਰ ਕੇ ਭਗਵਿਆਂ ਦੇ ਨਾਲ ਇਹ ਘਿਉਂ ਖਿਚੜੀ ਹੋ ਗਏ ਹਨ।

ਲੋਕਾਂ ਦੇ ਮਸਲਿਆਂ ਨੂੰ ਜਦੋਂ ਕੋਈ ਅੱਖੋਂ ਉਹਲੇ ਕਰਦਾ ਹੈ ਤਾਂ ਲੋਕਾਂ ਦੀਆਂ ਅੱਖਾਂ ਵਿੱਚ ਰੋਹ ਜਾਗਦਾ ਹੈ| ਇਸ ਜਾਗਦੇ ਰੋਹ ਵਿੱਚ ਕਈਆਂ ਦੀ ਨੀਂਦ ਖਰਾਬ ਹੋ ਜਾਂਦੀ।

ਜਿਹਨੇ ਅੱਖ ਦੀ ਰਮਜ਼ ਨਾ ਜਾਣੀ ਗੋਲੀ ਮਾਰੋ ਆਸ਼ਕ ਦੇ ਵਾਲੀ ਹੋ ਗਈ ਹੈ।

ਪਰ ਜਿਨਾਂ ਨੂੰ ਅੱਖਾਂ ਨਾਲ ਗੱਲ ਕਰਨੀ ਤੇ ਸਮਝਣੀ ਆ ਜਾਵੇ, ਉਹ ਫਿਰ ਹਰ ਕਿਸੇ ਦੇ ਹੱਥਾਂ ਤੇ ਸਰੋਂ ਜਮਾਉਣ ਲੱਗ ਪੈਂਦੇ ਹਨ| ‘
ਅੱਖਾਂ ’ਚੋਂ ਪੜ੍ਹਨਾ ਹਰਿਕ ਕਿਸੇ ਦੇ ਵਸਦਾ ਰੋਗ ਨਹੀਂ ਪਰ ਜਿਹੜੇ ਅੱਖਾਂ ਦੇ ਵੈਦ ਨੇ, ਉਹ ਤਾਂ ਅੱਖਾਂ ਵਿੱਚੋਂ ਸੁਰਮਾ ਕੱਢ ਲੈ ਜਾਂਦੇ ਹਨ।
ਫੇਰ ਦੂਜਿਆਂ ਦੀਆਂ ਅੱਖਾਂ ਅੱਡੀਆਂ ਹੀ ਰਹਿ ਜਾਂਦੀਆਂ ਹਨ।

ਇਹ ਪੰਜਾਬ ਦੀ ਹੋਣੀ ਹੈ ਕਿ ਇਹ ਹਮੇਾਂਸ਼ਾ ਅੰਨੇ ਖੂਹ ਵਿੱਚ ਡਿੱਗਦਾ ਹੈ, ਪਰ ਇਸ ਨੂੰ ਖੂਹ ਵਿੱਚੋਂ ਕੱਢਣ ਵਾਲਾ ਕਦੇ ‘ਗੋਰਖ ਨਾਥ’ ਨਹੀਂ ਬਹੁੜਿਆ ਭਾਵੇਂ ਇਸ ਦੀਆਂ ਬਹੁੜੀਆਂ ਪੈਂਦੀਆਂ ਨੂੰ ਹੁਣ ਕੋਈ ਨਹੀਂ ਸੁਣ ਰਿਹਾ ਹੈ ਹਰ ਕੋਈ ਅੱਖਾਂ ਨੀਵੀਆਂ ਕਰਕੇ ਕੋਲ ਦੀ ਲੰਘ ਰਿਹਾ ਹੈ।

ਲੋਕਾਂ ਵਿੱਚ ਮਾਇਆ ਕੱਠੀ ਕਰਨ ਦੀ ਲੱਗੀ ‘ਅੰਨੀ ਦੌੜ’ ਨੇ ਉਨਾਂ ਦੀ ਜ਼ਿੰਦਗੀ ਦਾ ਆਨੰਦ ਖੋਹ ਲਿਆ ਹੈ। ਉਹ ਅਰਸ਼ ਤੋਂ ਫਰਸ਼ ਤੋਂ ਡਿੱਗ ਕੇ ਅੱਕ ਫਲਾਹੀ ਹੱਥ ਮਾਰਦੇ ਹਨ। ਪਰ ਉਨਾਂ ਦੇ ਪੱਲੇ ਖੱਜਲ ਖੁਆਰੀਆਂ ਤੋਂ ਬਿਨਾਂ ਕੱਖ ਵੀ ਨਹੀਂ ਪੈਂਦਾ ।

ਬਹੁਗਿਣਤੀ ਲੋਕ ਤਾਂ ਪੁੜਾਂ ਹੇਠ ਆ ਕੇ ਆਟਾ ਹੋ ਰਹੇ ਹਨ, ਪਰ ਉਹ ਜ਼ਿੰਦਗੀ ਦੇ ਅਰਥ ਭੁੱਲ ਕੇ ਨਰਕ ਦੀ ਜੂਨ ਭੋਗਣ ਦੇ ਆਦੀ ਹੋ ਰਹੇ ਹਨ| ਇਸੇ ਕਰਕੇ ਹਰ ਪੰਜ ਸਾਲ ਬਾਅਦ ਉਨਾਂ ਨੂੰ ਕੋਈ ਨਾ ਕੋਈ ਪਾਰਟੀ ‘ਅਟੇਰ’ ਹੀ ਲੈਂਦੀ ਹੈ।

ਜਦੋਂ ਅੱਖਾਂ ਵਿੱਚ ਤੱਕਲੇ ਚੁਬਦੇ ਹਨ, ਫਿਰ ਅੰਦਰੋਂ ਅੰਦਰੀ ਇਹ ਵਿਸ਼ ਘੋਲਦੇ ਹਨ। ਲੋਕਾਂ ਦੀ ਅੰਬ ਵੱਢ ਕੇ ਅੱਕਾਂ ਦੀ ਵਾੜ ਕਰਨ ਦੀ ਆਦਤ ਬਦਲਣੀ ਅਸਮਾਨੋਂ ਤਾਰੇ ਤੋੜ ਲਿਆਉਣ ਵਰਗੀ ਗੱਲ ਬਣ ਗਈ ਹੈ।

ਜਦੋਂ ਲੋਕਾਂ ਨੂੰ ਹਰ ਵਾਰੀ ‘ਅੱਕ ਚੱਬਣਾ’ ਪੈਂਦਾ ਹੈ ਤਾਂ ਫਿਰ ਉਹ ‘ਆਪਣਾ ਆਪ ਵੇਚਣ’ ਲੱਗੇ ਇੱਕ ਪਲ ਨਹੀਂ ਲਾਉਂਦੇ ਕਈਆਂ ਨੂੰ ਅੱਗ ਲਾਉਣ ਤੇ ਬੁਝਾਉਣ ਦੀ ਆਦਤ ਹੁੰਦੀ ਹੈ, ਇਸੇ ਕਰਕੇ ਉਹ ‘ਅੱਗ ਲਾ ਕੇ ਡੱਬੂ ਕੰਧ ਤੇ’ ਕਰਕੇ ਨੌ ਦੋ ਗਿਆਰਾਂ ਹੋ ਜਾਂਦੇ ਹਨ।
ਅੜਬ ਸੁਭਾਅ ਦੇ ਲੋਕਾਂ ਲਈ ਸਦਾ ਹੀ ਮੌਸਮ ਖਰਾਬ ਰਹਿੰਦਾ ਹੈ। ਉਨਾਂ ਵੱਲੋਂ ਹੱਥਾਂ ਨਾਲ ਦਿੱਤੀਆਂ ਗੱਠਾਂ ਨੂੰ ਕਈ ਵਾਰ ‘ਮੂੰਹ ਨਾਲ ‘ਖੋਲ੍ਹਣਾ’ ਪੈਂਦਾ ਹੈ।

ਬਹੁਗਿਣਤੀ ਲੋਕ ਵਾੜ ’ਚ ਬੋਲੀਏ ਫਸਾਉਣ ਦੇ ਆਦੀ ਹੁੰਦੇ ਹਨ, ਉਨਾਂ ਦੀ ਇਹ ਆਦਤ ਕਈ ਵਾਰ ਪੁੱਠੀ ਵੀ ਪੈਂਦੀ ਹੈ। ਪਿੰਡਾਂ ਵਿੱਚ ਅਕਸਰ ਹੀ ਹਰ ਗੱਲ ਵਿੱਚ ਅੜਿੱਕਾ ਅੜਾਉਣ ਵਾਲੇ ਤੇ ਟੁੱਚਰਾਂ ਕਰਨ ਵਾਲਿਆਂ ਦੀ ਭੀੜ ਦੇ ਕਾਰਨ ਕਈ ਵਾਰ ਸਾਂਝੇ ਕੰਮ ਵੀ ਪਿੱਛੇ ਪੈ ਜਾਂਦੇ ਹਨ।

ਐੜਾ ਆਪ ਤਾਂ ਕਦੇ ਅੜਵਾਈਆਂ ਕਰਦਾ ਨਹੀਂ, ਇਹ ਊੜੇ ਦਾ ਸਾਥੀ ਹੈ ਪਰ ਊੜੇ ਦੀ ਆੜੇ ਦੇ ਨਾਲ ਨੀ ਬਣੀ, ਇਸੇ ਕਰਕੇ ਆੜਾ ਹਰ ਵਾਰ ਅੱਗੇ ਲੱਗ ਕੇ ਹੀ ਖੁਸ਼ ਰਹਿੰਦਾ ਹੈ। ਉਰਦੂ ਦੇ ਚਾਰ ਅੱਖਰ ਨੇ ਜਿਹੜੇ ਆਪਣੀ ਸ਼ਕਲ ਨਹੀਂ ਬਦਲਦੇ। ਉਹ ਹਮੇਸ਼ਾਂ ‘ਕੱਲੇ’ ਰਹਿੰਦੇ ਹਨ। ਐੜਾ ਵੀ ਜਦੋਂ ਅੜਬਪੁਣੇ ਵਿੱਚ ਆਉਂਦਾ ਹੈ ਤਾਂ ਕਈਆਂ ਦੀਆਂ ਛਾਲਾਂ ਚਕਾ ਦੇਂਦਾ ਹੈ।

ਇਸੇ ਕਰਕੇ ਜਿਹੜੇ ਹੁਣ ਅੱਖਾਂ ’ਚ ਪਾਏ ਰੜਕਦੇ ਨਹੀਂ, ਉਨਾਂ ਲਈ ਹੁਣ ਲੋਕ ਹੱਥਾਂ ਉੱਤੇ ਥੁੱਕੀ ਫਿਰਦੇ ਹਨ, ਪਰ ਉਨਾਂ ਦਾ ਇਹ ਗੁੱਸਾ ਹਮੇਸ਼ਾਂ ਢਿੱਡ ਵਿੱਚ ਰਹਿ ਜਾਂਦਾ ਇਸੇ ਕਰਕੇ ਕਹਿੰਦੇ ਭਾਈ ਐੜੇ ਦਾ ਸਦਾ ਹੀ ਸਤਿਕਾਰ ਕਰੋ| ਊੜੇ ਐੜੇ ਨੂੰ ਪਿਆਰ ਕਰੋ| ਬੰਦਿਆਂਂ ਦਾ ਸਤਿਕਾਰ ਕਰੋ|

ਹੁਣ ਪੇਚਾ ਪਿਆ ਹੋਇਆ ਹੈ ਦੋਵੇ ਪਾਸੇ ਤੋਂ ਗੁਡੇ ਅਸਮਾਨੀ ਲੱਗੇ ਹਨ ਦੇਖੋ ਕੌਣ ਕਿਸ ਨੂੰ ਕੱਟਦਾ ਹੈ?

ਪਰ ਭਗਵੇਂ ਨੇ ਹੁਣ ਪਿੱਛੇ ਹਟ ਕੇ ਅਗਲੇ ਸਾਲ ਜਿਹੜੀ ਢੁਡ ਮਾਰਨੀ ਉਸ ਦਾ ਕੋਈ ਤੋੜ ਨੀ ਲੱਭਣਾ!
ਭਲਾ ਹੁਣ ਕੀ ਬਣੂਗਾ ? ਅੈੜਾ ਹੁਣ ਬਾਕੀਆਂ ਨੂੰ ਪੁੱਛਦਾ ਹੈ?

ਬੁੱਧ ਸਿੰਘ ਨੀਲੋੰ
9464370823

Previous articleਜਗਰਾਉਂ ਦੀ ਮਹਾਂ ਪੰਚਾਇਤ ਨੇ ਛੱਬੀ ਜਨਵਰੀ ਵਾਲੇ ਸਾਰੇ ਚਿੱਬ!
Next articleਇੱਕ ਉੱਚ – ਅਧਿਕਾਰੀ ਦੀ ਬੌਖਲਾਹਟ