ਇਸ਼ਾਂਤ ਤੇ ਅਮਿਤ ਦਾ ਕਮਾਲ, ਰਾਜਸਥਾਨ ਪਲੇਅ-ਆਫ ਦੌੜ ’ਚੋਂ ਬਾਹਰ

ਇਸ਼ਾਂਤ ਸ਼ਰਮਾ ਅਤੇ ਅਮਿਤ ਮਿਸ਼ਰਾ ਦੀ ਤੇਜ਼ਧਾਰ ਗੇਂਦਬਾਜ਼ੀ ਦੀ ਬਦੌਲਤ ਦਿੱਲੀ ਕੈਪੀਟਲਜ਼ ਨੇ ਪੰਜ ਵਿਕਟਾਂ ਨਾਲ ਜਿੱਤ ਦਰਜ ਕਰਕੇ ਰਾਜਸਥਾਨ ਰੌਇਲਜ਼ ਦੀਆਂ ਪਲੇਅ-ਆਫ ਦੌੜ ਵਿੱਚ ਬਚੀਆਂ-ਖੁੱਚੀਆਂ ਉਮੀਦਾਂ ਖ਼ਤਮ ਕਰ ਦਿੱਤੀਆਂ ਅਤੇ ਆਈਪੀਐਲ ਸੂਚੀ ਵਿੱਚ ਦੂਜੇ ਸਥਾਨ ’ਤੇ ਆਪਣੀ ਸਥਿਤੀ ਮਜ਼ਬੂਤ ਕਰ ਲਈ। ਦਿੱਲੀ ਨੇ ਜਿੱਤ 23 ਗੇਂਦਾਂ ਬਾਕੀ ਰਹਿੰਦਿਆਂ ਹਾਸਲ ਕਰ ਲਈ। ਇਸ਼ਾਂਤ ਸ਼ਰਮਾ (38 ਦੌੜਾਂ ਦੇ ਕੇ) ਅਤੇ ਅਮਿਤ ਮਿਸ਼ਰਾ (17 ਦੌੜਾਂ ਦੇ ਕੇ) ਤਿੰਨ-ਤਿੰਨ ਵਿਕਟਾਂ ਝਟਕਾਈਆਂ।ਰਾਜਸਥਾਨ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਰਿਆਨ ਪਰਾਗ ਦੀਆਂ 50 ਦੌੜਾਂ ਦੀ ਬਦੌਲਤ 20 ਓਵਰਾਂ ਵਿੱਚ ਨੌਂ ਵਿਕਟਾਂ ’ਤੇ 115 ਦੌੜਾਂ ਬਣਾਈਆਂ ਸਨ। ਦਿੱਲੀ ਲਈ ਨਾਬਾਦ ਨੀਮ ਸੈਂਕੜਾ ਪਾਰੀ ਖੇਡਣ ਵਾਲੇ ਰਿਸ਼ਭ ਪੰਤ ਨੇ 17ਵੇਂ ਓਵਰ ਦੀ ਪਹਿਲੀ ਗੇਂਦ ’ਤੇ ਛੱਕਾ ਮਾਰ ਕੇ ਟੀਮ ਨੂੰ ਜਿੱਤ ਦਿਵਾਈ। ਜਿੱਤ ਮਗਰੋਂ ਦਿੱਲੀ ਦੀ ਟੀਮ ਨੇ ਇੱਥੇ ਆਪਣੇ ਘਰੇਲੂ ਮੈਦਾਨ ਦਾ ਚੱਕਰ ਮਾਰ ਕੇ ਦਰਸ਼ਕਾਂ ਦਾ ਧੰਨਵਾਦ ਕੀਤਾ। ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ਾਅ (ਅੱਠ ਦੌੜਾਂ) ਅਤੇ ਸ਼ਿਖਰ ਧਵਨ (16 ਦੌੜਾਂ) ਨੇ ਤਿੰਨ ਓਵਰਾਂ ਵਿੱਚ 28 ਦੌੜਾਂ ਬਣਾ ਕੇ ਟੀਮ ਨੂੰ ਤੇਜ਼ ਸ਼ੁਰੂਆਤ ਦਿਵਾਈ। ਈਸ਼ ਸੋਢੀ ਨੇ ਦੋਵਾਂ ਨੂੰ ਪੈਵਿਲੀਅਨ ਭੇਜ ਕੇ ਰਾਜਸਥਾਨ ਦੀ ਵਾਪਸੀ ਕਰਵਾਈ। ਦਿੱਲੀ ’ਤੇ ਇਨ੍ਹਾਂ ਦੋ ਝਟਕਿਆਂ ਦਾ ਕੋਈ ਖ਼ਾਸ ਅਸਰ ਨਹੀਂ ਹੋਇਆ ਅਤੇ ਕਪਤਾਨ ਸ਼੍ਰੇਅਸ ਅਈਅਰ ਨੇ ਪੰਤ ਨਾਲ ਤੇਜ਼ਤਰਾਰ ਪਾਰੀ ਜਾਰੀ ਰੱਖੀ। ਇਸ ਤੋਂ ਪਹਿਲਾਂ ‘ਕਰੋ ਜਾਂ ਮਰੋ’ ਦੇ ਮੈਚ ਵਿੱਚ ਰਾਜਸਥਾਨ ਦੇ ਕਪਤਾਨ ਅਜਿੰਕਿਆ ਰਹਾਣੇ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ, ਪਰ ਇਸ਼ਾਂਤ ਦੇ ਸ਼ੁਰੂਆਤੀ ਝਟਕਿਆਂ ਤੋਂ ਟੀਮ ਉਭਰ ਨਹੀਂ ਸਕੀ। ਆਸਾਮ ਦੇ 17 ਸਾਲ ਦੇ ਰਿਆਨ ਪਰਾਗ ਨੇ ਨੀਮ ਸੈਂਕੜਾ ਪਾਰੀ ਖੇਡ ਕੇ ਟੀਮ ਦੇ ਸਕੋਰ ਨੂੰ 100 ਤੋਂ ਪਾਰ ਪਹੁੰਚਾਇਆ। ਪਰਾਗ ਨੇ 49 ਗੇਂਦਾਂ ਵਿੱਚ 50 ਦੌੜਾਂ (ਚਾਰ ਚੌਕੇ ਅਤੇ ਦੋ ਛੱਕੇ) ਬਣਾਈਆਂ। ਰਾਜਸਥਾਨ ਦਾ ਕਪਤਾਨ ਰਹਾਣੇ (ਦੋ ਦੌੜਾਂ) ਦੂਜੇ ਓਵਰ ਵਿੱਚ ਇਸ਼ਾਂਤ ਸ਼ਰਮਾ ਦੀ ਗੇਂਦ ’ਤੇ ਵੱਡਾ ਸ਼ਾਟ ਖੇਡਣ ਦੇ ਚੱਕਰ ਵਿੱਚ ਸ਼ਿਖਰ ਧਵਨ ਨੂੰ ਕੈਚ ਦੇ ਬੈਠਾ। ਪਾਰੀ ਦੇ ਚੌਥੇ ਓਵਰ ਵਿੱਚ ਕੀਮੋ ਪੌਲ ਹੱਥੋਂ ਸਲਾਮੀ ਬੱਲੇਬਾਜ਼ ਲਿਆਮ ਲਿਵਿੰਗਸਟੋਨ ਦਾ ਕੈਚ ਨਿਕਲ ਕੇ ਚੌਕੇ ਲਈ ਚਲਾ ਗਿਆ, ਪਰ ਇਸ਼ਾਂਤ ਸ਼ਰਮਾ ਨੇ ਉਸ ਨੂੰ ਅਗਲੀ ਹੀ ਗੇਂਦ ’ਤੇ ਆਊਟ ਕਰ ਦਿੱਤਾ। ਆਈਪੀਐਲ ਦੇ ਮੌਜੂਦਾ ਸੈਸ਼ਨ ਵਿੱਚ ਪਹਿਲੀ ਵਾਰ ਬੱਲੇਬਾਜ਼ੀ ਲਈ ਉਤਰੇ ਮਹੀਪਾਲ ਲੋਮਰੋਰ ਨੇ ਪਹਿਲੀ ਹੀ ਗੇਂਦ ’ਤੇ ਚੌਕਾ ਮਾਰ ਕੇ ਆਪਣਾ ਖ਼ਾਤਾ ਖੋਲ੍ਹਿਆ। ਅਗਲੇ ਓਵਰ ਵਿੱਚ ਲੈਅ ਵਿੱਚ ਚੱਲ ਰਿਹਾ ਸੰਜੂ ਸੈਮਸਨ (ਪੰਜ ਦੌੜਾਂ) ਦੌੜਾਂ ਲੈਂਦਿਆਂ ਗ਼ਲਤਫ਼ਹਿਮੀ ਦਾ ਸ਼ਿਕਾਰ ਹੋਗਿਆ ਅਤੇ ਪ੍ਰਿਥਵੀ ਸ਼ਾਅ ਨੇ ਉਸ ਨੂੰ ਰਨ ਆਊਟ ਕਰ ਦਿੱਤਾ। ਲੋਮਰੋਰ (ਅੱਠ ਦੌੜਾਂ) ਇਸ਼ਾਂਤ ਦੇ ਤੀਜੇ ਓਵਰ ਦੀ ਤੀਜੀ ਗੇਂਦ ’ਤੇ ਵਿਕਟਕੀਪਰ ਰਿਸ਼ਭ ਪੰਤ ਹੱਥੋਂ ਕੈਚ ਆਊਟ ਹੋਇਆ। ਰਾਜਸਥਾਨ ਦੀ ਟੀਮ ਪਾਵਰਪਲੇਅ ਵਿੱਚ ਚਾਰ ਵਿਕਟਾਂ ਦਾ ਨੁਕਸਾਨ ਕਰਵਾ ਕੇ 30 ਦੌੜਾਂ ਹੀ ਬਣਾ ਸਕੀ। ਪਾਵਰਪਲੇਅ ਵਿੱਚ ਇਸ਼ਾਂਤ ਸ਼ਰਮਾ ਨੇ ਤਿੰਨ ਓਵਰਾਂ ਵਿੱਚ 20 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ।

ਇਸ਼ਾਂਤ ਸ਼ਰਮਾ ਦੀ ਥਾਂ ਗੇਂਦਬਾਜ਼ੀ ਲਈ ਆਏ ਅਮਿਤ ਮਿਸ਼ਰਾ ਦੇ ਓਵਰ ਵਿੱਚ ਰੌਇਲਜ਼ ਨੇ ਨੌਂ ਦੌੜਾਂ ਲਈਆਂ। ਰਾਜਸਥਾਨ ਦੀਆਂ 50 ਦੌੜਾਂ ਨੌਵੇਂ ਓਵਰ ਦੀ ਪੰਜਵੀਂ ਗੇਂਦ ’ਤੇ ਪੂਰੀਆਂ ਹੋਈਆਂ। ਇਸ ਤੋਂ ਬਾਅਦ ਮਿਸ਼ਰਾ ਨੇ ਰਿਆਨ ਪਰਾਗ ਅਤੇ ਸ਼੍ਰੇਅਸ ਗੋਪਾਲ (12 ਦੌੜਾਂ) ਵਿਚਾਲੇ 27 ਦੌੜਾਂ ਦੀ ਭਾਈਵਾਲੀ ਨੂੰ ਤੋੜਿਆ। ਦੌੜਾਂ ਦੀ ਰਫ਼ਤਾਰ ਵਧਾਉਣ ਦੇ ਚੱਕਰ ਵਿੱਚ ਗੋਪਾਲ ਕ੍ਰੀਜ਼ ਤੋਂ ਬਾਹਰ ਨਿਕਲ ਗਿਆ ਅਤੇ ਪੰਤ ਨੇ ਉਸ ਦੀ ਸਟੰਪ ਉਡਾ ਦਿੱਤੀ। ਅਗਲੀ ਗੇਂਦ ’ਤੇ ਸਟੂਅਰਟ ਬਿੰਨੀ ਖਾਤਾ ਖੋਲ੍ਹੇ ਬਿਨਾਂ ਪੈਵਿਲੀਅਨ ਪਰਤ ਗਿਆ। ਮਿਸ਼ਰਾ ਦੀ ਗੇਂਦ ’ਤੇ ਪੰਤ ਨੇ ਉਸ ਦਾ ਕੈਚ ਲਿਆ। ਮਿਸ਼ਰਾ ਹਾਲਾਂਕਿ ਹੈਟ੍ਰਿਕ ਬਣਾਉਣ ਤੋਂ ਖੁੰਝ ਗਿਆ। ਬੋਲਟ ਨੇ ਕ੍ਰਿਸ਼ਨੱਪਾ ਗੌਤਮ (ਛੇ ਦੌੜਾਂ) ਦਾ ਆਸਾਨ ਕੈਚ ਇਸ਼ਾਂਤ ਦੇ ਹੱਥੋਂ ਕਰਵਾ ਦਿੱਤਾ। ਟ੍ਰੈਂਟ ਬੋਲਟ ਨੇ ਇਸ ਮਗਰੋਂ ਈਸ਼ ਸੋਢੀ (ਛੇ ਦੌੜਾਂ) ਨੂੰ ਆਊਟ ਕਰਕੇ ਪਰਾਗ ਨਾਲ ਉਸ ਦੀ 30 ਦੌੜਾਂ ਦੀ ਸਾਂਝੇਦਾਰੀ ਤੋੜੀ। 19ਵੇਂ ਓਵਰ ਵਿੱਚ ਗੇਂਦਬਾਜ਼ੀ ਲਈ ਆਏ ਕੀਮੋ ਪੌਲ ਨੂੰ ਮਾਸਪੇਸ਼ੀਆਂ ਦੇ ਖਿਚਾਅ ਕਾਰਨ ਮੈਦਾਨ ਤੋਂ ਬਾਹਰ ਜਾਣਾ ਪਿਆ। ਉਸ ਦੀਆਂ ਬਾਕੀ ਪੰਜ ਗੇਂਦਾਂ ਸ਼ੇਫ਼ਾਨੇ ਰਦਰਫੋਰਡ ਨੇ ਕੀਤੀਆਂ। ਪਰਾਗ ਨੇ ਬੋਲਟ ਦੇ ਆਖ਼ਰੀ ਓਵਰ ਵਿੱਚ ਦੋ ਛੱਕੇ ਮਾਰੇ, ਪਰ ਪਾਰੀ ਦੀ ਆਖ਼ਰੀ ਗੇਂਦ ’ਤੇ ਬੋਲਟ ਦਾ ਦੂਜਾ ਸ਼ਿਕਾਰ ਬਣਿਆ।

Previous articleਸੱਤਾ ’ਚ ਆਏ ਤਾਂ ਕਿਸਾਨਾਂ ਲਈ ਵੱਖਰਾ ਬਜਟ ਬਣਾਵਾਂਗੇ: ਰਾਹੁਲ
Next articleਪਲੇਅ-ਆਫ਼ ਤੋਂ ਬਾਹਰ ਹੋਏ ਪੰਜਾਬ ਦਾ ਚੇਨੱਈ ਖ਼ਿਲਾਫ਼ ਆਖ਼ਰੀ ਮੁਕਾਬਲਾ