ਪਲੇਅ-ਆਫ਼ ਤੋਂ ਬਾਹਰ ਹੋਏ ਪੰਜਾਬ ਦਾ ਚੇਨੱਈ ਖ਼ਿਲਾਫ਼ ਆਖ਼ਰੀ ਮੁਕਾਬਲਾ

ਆਈਪੀਐਲ ਟੀ-20 ਦੇ ਮੌਜੂਦਾ ਸੀਜ਼ਨ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਕੋਲੋਂ ਸੱਤ ਵਿਕਟਾਂ ਦੀ ਨਮੋਸ਼ੀਜਨਕ ਹਾਰ ਮਗਰੋਂ ਪਲੇਅ-ਆਫ਼ ਤੋਂ ਬਾਹਰ ਹੋ ਚੁੱਕੀ ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਐਤਵਾਰ ਨੂੰ ਲੀਗ ਦੇ ਆਖ਼ਰੀ ਮੈਚ ਲਈ ਚੇਨੱਈ ਸੁਪਰ ਕਿੰਗਜ਼ ਇਲੈਵਨ ਨਾਲ ਭਿੜੇਗੀ। ਮੁਹਾਲੀ ਦੇ ਪੀਸੀਏ ਸਟੇਡੀਅਮ ਵਿੱਚ ਇਹ ਮੈਚ ਬਾਅਦ ਦੁਪਹਿਰ ਚਾਰ ਵਜੇ ਸ਼ੁਰੂ ਹੋਵੇਗਾ। ਪੰਜਾਬ ਦੀ ਟੀਮ ਪਹਿਲਾਂ ਹੀ ਮੁਹਾਲੀ ਵਿੱਚ ਮੌਜੂਦ ਹੈ ਤੇ ਚੇਨੱਈ ਸੁਪਰ ਕਿੰਗਜ਼ ਦੀ ਟੀਮ ਨੇ ਅੱਜ ਇੱਥੇ ਪਹੁੰਚ ਕੇ ਅਭਿਆਸ ਕੀਤਾ, ਜਦੋਂਕਿ ਪੰਜਾਬ ਦੀ ਟੀਮ ਨੇ ਅਭਿਆਸ ਸੈਸ਼ਨ ਵਿੱਚ ਹਿੱਸਾ ਨਹੀਂ ਲਿਆ। ਮਹਿੰਦਰ ਸਿੰਘ ਧੋਨੀ ਦੀ ਅਗਵਾਈ ਹੇਠਲੀ ਚੇਨੱਈ ਦੀ ਟੀਮ ਆਈਪੀਐਲ ਦੀ ਅੰਕ ਸੂਚੀ ਵਿੱਚ ਸਭ ਤੋਂ ਉੱਪਰ ਰਹਿ ਕੇ ਪਹਿਲਾਂ ਹੀ ਪਲੇਅ-ਆਫ਼ ਵਿੱਚ ਪਹੁੰਚ ਚੁੱਕੀ ਹੈ। ਚੇਨੱਈ ਨੇ ਹੁਣ ਤੱਕ ਖੇਡੇ 13 ਮੈਚਾਂ ਵਿੱਚੋਂ ਨੌਂ ਮੈਚਾਂ ਵਿੱਚ ਜਿੱਤ ਦਰਜ ਕਰਕੇ 18 ਅੰਕ ਬਣਾਏ ਹੋਏ ਹਨ। ਆਈਪੀਐਲ ਦੇ ਚਾਲੂ ਸੀਜ਼ਨ ਵਿੱਚ ਚੇਨੱਈ ਪਹਿਲਾਂ ਹੀ (6 ਅਪਰੈਲ ਨੂੰ) ਕਿੰਗਜ਼ ਇਲੈਵਨ ਪੰਜਾਬ ਨੂੰ 22 ਦੌੜਾਂ ਨਾਲ ਹਰਾ ਚੁੱਕੀ ਹੈ। ਧੋਨੀ ਦੀ ਟੀਮ ਦੇ ਖਿਡਾਰੀ ਬੇਹੱਦ ਉਤਸ਼ਾਹਿਤ ਹਨ, ਜਦੋਂਕਿ ਪੰਜਾਬ ਦੀ ਟੀਮ ਤਾਜ਼ਾ ਹਾਰ ਅਤੇ ਪਲੇਅ-ਆਫ਼ ਵਿੱਚੋਂ ਬਾਹਰ ਹੋਣ ਕਾਰਨ ਉਤਸ਼ਾਹਹੀਣ ਹੈ। ਟੀਮ ਨੇ ਹੁਣ ਤੱਕ ਖੇਡੇ 13 ਮੈਚਾਂ ਵਿੱਚੋਂ ਸਿਰਫ਼ ਪੰਜ ਮੈਚਾਂ ਵਿੱਚ ਹੀ ਜਿੱਤ ਦਰਜ ਕੀਤੀ ਹੈ। ਇਨ੍ਹਾਂ ਵਿੱਚੋਂ ਚਾਰ ਮੈਚ ਮੁਹਾਲੀ ਵਿੱਚ ਹੀ ਜਿੱਤੇ ਸਨ, ਜਦੋਂ ਕਿ ਪੰਜਾਬ ਦੀ ਟੀਮ ਇੱਥੇ ਦੋ ਮੈਚ ਹਾਰ ਚੁੱਕੀ ਹੈ। ਪੰਜਾਬ ਦੀ ਟੀਮ ਲਈ ਐਤਵਾਰ ਦਾ ਮੁਕਾਬਲੇ ਲਈ ਪਹਿਲਾਂ ਵਰਗਾ ਜ਼ੋਸ ਨਜ਼ਰ ਨਹੀਂ ਆ ਰਿਹਾ। ਉਸ ਦੇ ਦਸ ਅੰਕ ਹਨ ਤੇ ਅੰਕ ਸੂਚੀ ਵਿੱਚ ਅੱਠ ਟੀਮਾਂ ਵਿੱਚੋਂ ਸੱਤਵੇਂ ਸਥਾਨ ’ਤੇ ਹੈ।

Previous articleਇਸ਼ਾਂਤ ਤੇ ਅਮਿਤ ਦਾ ਕਮਾਲ, ਰਾਜਸਥਾਨ ਪਲੇਅ-ਆਫ ਦੌੜ ’ਚੋਂ ਬਾਹਰ
Next articleਖ਼ਰਾਬ ਪ੍ਰਦਰਸ਼ਨ ਕਾਰਨ ਪਲੇਅ-ਆਫ਼ ਤੋਂ ਬਾਹਰ ਹੋਏ: ਅਸ਼ਵਿਨ