ਇਰਾਨ ਨੇ ਅਮਰੀਕਾ ਦਾ ਜਾਸੂਸ ਡਰੋਨ ਸੁੱਟਿਆ

ਇਰਾਨ ਦੇ ਰੈਵੋਲਿਊਸ਼ਨਰੀ ਗਾਰਡਜ਼ ਨੇ ਇਕ ਅਮਰੀਕੀ ‘ਜਾਸੂਸ ਡਰੋਨ’ ਸੁੱਟ ਲਿਆ ਹੈ। ਗਾਰਡਜ਼ ਮੁਤਾਬਕ ਅਮਰੀਕੀ ਡਰੋਨ ਇਰਾਨੀ ਹਵਾਈ ਖੇਤਰ ਦੀ ਉਲੰਘਣਾ ਕਰ ਰਿਹਾ ਸੀ। ਇਸ ਨਾਲ ਦੋਵਾਂ ਮੁਲਕਾਂ ਵਿਚਾਲੇ ਸਮੁੰਦਰੀ ਖੇਤਰ ਵਿਚ ਬਣਿਆ ਤਣਾਅ ਵਧ ਸਕਦਾ ਹੈ। ਇਸ ਦੇ ਨਾਲ ਹੀ ਤੇਲ ਕੀਮਤਾਂ ਵੀ ਚੜ੍ਹ ਗਈਆਂ ਹਨ। ਭਾਅ ਵਿਚ ਵਾਧਾ ਰਾਸ਼ਟਰਪਤੀ ਡੋਨਲਡ ਟਰੰਪ ਦੇ ਟਵੀਟ ਮਗਰੋਂ ਦਰਜ ਕੀਤਾ ਗਿਆ ਹੈ। ਡਰੋਨ ਸੁੱਟੇ ਜਾਣ ਮਗਰੋਂ ਟਰੰਪ ਨੇ ਟਵੀਟ ਕੀਤਾ ਕਿ ‘ਇਰਾਨ ਨੇ ਬਹੁਤ ਵੱਡੀ ਗਲਤੀ ਕਰ ਦਿੱਤੀ ਹੈ’।
ਇਰਾਨ ਵੱਲੋਂ ਜਾਰੀ ਬਿਆਨ ਮੁਤਾਬਕ ਅਮਰੀਕਾ ਦੇ ਬਣੇ ਗਲੋਬਲ ਹਾਅਕ ਡਰੋਨ ਨੂੰ ਮਿਜ਼ਾਈਲ ਨਾਲ ਸੁੱਟਿਆ ਗਿਆ ਹੈ। ਇਹ ਹਰਮੋਜ਼ਗਾਨ ਸੂਬੇ ਨੇੜਲੇ ਪਾਣੀਆਂ ’ਤੇ ਉੱਡ ਰਿਹਾ ਸੀ। ਇਰਾਨੀ ਫ਼ੌਜ ਨੇ ਇਸ ਦੀਆਂ ਤਸਵੀਰਾਂ ਅਜੇ ਨਸ਼ਰ ਨਹੀਂ ਕੀਤੀਆਂ। ਦੱਸਣਯੋਗ ਹੈ ਕਿ ਖਾੜੀ ਵਿਚੋਂ ਲੰਘਦੇ ਵਪਾਰਕ ਬੇੜਿਆਂ ’ਤੇ ਕਥਿਤ ਹਮਲਿਆਂ ਸਬੰਧੀ ਦੋਵਾਂ ਮੁਲਕਾਂ ਵਿਚਾਲੇ ਟਕਰਾਅ ਬਣਿਆ ਹੋਇਆ ਹੈ। ਅਮਰੀਕਾ ਇਨ੍ਹਾਂ ਦੀ ਜ਼ਿੰਮੇਵਾਰੀ ਤਹਿਰਾਨ ਸਿਰ ਪਾ ਰਿਹਾ ਹੈ ਜਦਕਿ ਇਰਾਨ ਨੇ ਇਸ ਤੋਂ ਇਨਕਾਰ ਕੀਤਾ ਹੈ ਤੇ ਕਿਹਾ ਹੈ ਕਿ ਇਹ ਅਮਰੀਕਾ ਖ਼ੁਦ ਕਰਵਾ ਰਿਹਾ ਹੈ ਤਾਂ ਕਿ ਇਰਾਨ ਸਿਰ ਇਸ ਦੀ ਜ਼ਿੰਮੇਵਾਰੀ ਪਾ ਕੇ ਫ਼ੌਜੀ ਕਾਰਵਾਈ ਕੀਤੀ ਜਾਵੇ। ਰੈਵੋਲਿਊਸ਼ਨਰੀ ਗਾਰਡਜ਼ ਦੇ ਮੁਖੀ ਨੇ ਕਿਹਾ ਕਿ ਡਰੋਨ ਦਾ ਸੁੱਟਿਆ ਜਾਣਾ ‘ਸਪੱਸ਼ਟ ਸੁਨੇਹਾ’ ਹੈ ਕਿ ਇਰਾਨ ਆਪਣੀਆਂ ਸਰਹੱਦਾਂ ਦੀ ਰਾਖੀ ਕਰਨਾ ਚੰਗੀ ਤਰ੍ਹਾਂ ਜਾਣਦਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਦੇਸ਼ੀ ਚੁਣੌਤੀ ਦਾ ਇਰਾਨ ਸਖ਼ਤ ਜਵਾਬ ਦੇਵੇਗਾ। ਹਾਲਾਂਕਿ ਇਰਾਨ ਨੇ ਜੰਗ ਛੇੜਨ ਤੋਂ ਇਨਕਾਰ ਕੀਤਾ ਹੈ। ਦੋ ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਡਰੋਨ ਕੌਮਾਂਤਰੀ ਹਵਾਈ ਖੇਤਰ ਵਿਚ ਸੁੱਟਿਆ ਗਿਆ ਹੈ। ਸਾਊਦੀ ਅਰਬ ਨੇ ਵੀ ਦੋਸ਼ ਲਾਇਆ ਹੈ ਕਿ ਯਮਨ ਵਿਚ ਇਰਾਨ ਦੀ ਹਮਾਇਤ ਪ੍ਰਾਪਤ ਬਾਗੀਆਂ ਨੇ ਉਨ੍ਹਾਂ ਦੇ ਮੁਲਕ ਦੇ ਇਕ ਪਲਾਂਟ ’ਤੇ ਰਾਕੇਟ ਦਾਗ਼ਿਆ ਹੈ।

Previous articleਨਹਿਰ ’ਚ ਵੈਨ ਡਿੱਗਣ ਕਾਰਨ 7 ਬੱਚੇ ਰੁੜ੍ਹੇ
Next articleਜੀਐੱਸਟੀ ਕੌਂਸਲ ਦੀ ਮੀਟਿੰਗ ਅੱਜ: ਈ-ਵਾਹਨਾਂ ’ਤੇ ਟੈਕਸ ਘਟਾਉਣ ਬਾਰੇ ਹੋਵੇਗਾ ਫ਼ੈਸਲਾ