ਪੰਜਾਬ ਦੇ ਪੁੱਤ ਧਰਮਿੰਦਰ ਦੀ ਪਤਨੀ ਹੇਮਾ ਮਾਲਿਨੀ ਨੇ ਕਿਹਾ: ਕਿਸਾਨਾਂ ਨੂੰ ਪਤਾ ਹੀ ਨਹੀਂ ਉਹ ਕੀ ਚਾਹੁੰਦੇ ਹਨ, ਉਹ ਤਾਂ ਸਿਰਫ ‘ਕਠਪੁਤਲੀ’ ਬਣੇ ਹੋਏ ਨੇ, ਸਨੀ ਦਿਓਲ ਵੀ ਕਰ ਚੁੱਕਿਆ ਕਾਨੂੰਨਾਂ ਦਾ ਸਮਰਥਨ

ਮਥੁਰਾ (ਸਮਾਜ ਵੀਕਲੀ) : ਹਿੰਦੀ ਫਿਲਮਾਂ ਦੇ ਅਦਾਕਾਰ ਧਰਮਿੰਦਰ ਦੀ ਅਦਾਕਾਰਾ ਪਤਨੀ ਅਤੇ ਮਥੁਰਾ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਲੋਕ ਸਭਾ ਮੈਂਬਰ ਹੇਮਾ ਮਾਲਿਨੀ ਨੇ ਕਿਹਾ ਕਿ ਦਿੱਲੀ ਦੀਆਂ ਸਰਹੱਦਾਂ ’ਤੇ ਅੰਦੋਲਨ ਕਰ ਰਹੇ ਕਿਸਾਨ ਨਹੀਂ ਜਾਣਦੇ ਕਿ ਉਹ ਕੀ ਚਾਹੁੰਦੇ ਹਨ ਅਤੇ ਉਹ ਸਿਰਫ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ ਕਿਉਂਕਿ ਕਿਸੇ ਨੇ ਉਨ੍ਹਾਂ ਨੂੰ ਅਜਿਹਾ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ, “ਇਹ ਚੰਗਾ ਹੈ ਕਿ ਸੁਪਰੀਮ ਕੋਰਟ ਨੇ ਕਾਨੂੰਨਾਂ ‘ਤੇ ਰੋਕ ਲਗਾ ਦਿੱਤੀ ਹੈ। ਉਮੀਦ ਹੈ ਕਿ ਹਾਲਾਤ ਸ਼ਾਂਤੀਪੂਰਨ ਹੋਣਗੇ। ਕਿਸਾਨ ਇੰਨੀਆਂ ਮੀਟਿੰਗਾਂ ਤੋਂ ਬਾਅਦ ਵੀ ਸਹਿਮਤੀ ’ਤੇ ਆਉਣ ਲਈ ਤਿਆਰ ਨਹੀਂ ਹਨ।

ਉਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਉਹ ਕੀ ਚਾਹੁੰਦੇ ਹਨ ਅਤੇ ਕੀ ਸਮੱਸਿਆ ਹੈ। ਇਸ ਦਾ ਮਤਲਬ ਹੈ ਕਿ ਉਹ ਅਜਿਹਾ ਕਰ ਰਹੇ ਹਨ ਕਿਉਂਕਿ ਕਿਸੇ ਨੇ ਉਨ੍ਹਾਂ ਨੂੰ ਅਜਿਹਾ ਕਰਨ ਲਈ ਕਿਹਾ ਹੈ।” ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਟਾਵਰਾਂ ਦੀ ਭੰਨਤੋੜ ‘ਚੰਗੀ ਗੱਲ ਨਹੀਂ ਹੈ। ਉਨ੍ਹਾਂ ਕਿਹਾ, “ਪੰਜਾਬ ਨੂੰ ਬਹੁਤ ਨੁਕਸਾਨ ਹੋਇਆ ਹੈ। ਉਨ੍ਹਾਂ (ਕਿਸਾਨਾਂ) ਨੂੰ ਟਾਵਰਾਂ ਦੀ ਭੰਨਤੋੜ ਕਰਦਿਆਂ ਵੇਖ ਕੇ ਚੰਗਾ ਨਹੀਂ ਲੱਗਿਆ। ਸਰਕਾਰ ਨੇ ਉਨ੍ਹਾਂ ਨੂੰ ਵਾਰ ਵਾਰ ਗੱਲਬਾਤ ਲਈ ਬੁਲਾਇਆ ਹੈ ਪਰ ਉਨ੍ਹਾਂ ਕੋਲ ਆਪਣਾ ਏਜੰਡਾ ਵੀ ਨਹੀਂ ਹੈ।” ਵਰਨਣਯੋਗ ਹੈ ਕਿ ਅਦਾਕਾਰ ਪੁੱਤ ਤੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸਨੀ ਦਿਓਲ ਵੀ ਕਿਸਾਨ ਕਾਨੂੰਨਾਂ ਦਾ ਸਮਰਥਨ ਕਰ ਚੁੱਕਿਆ ਹੈ।

Previous articleਧੀਆਂ
Next articleਅੰਤਰਰਾਸ਼ਟਰੀ ਇਨਕਲਾਬੀ ਮੰਚ ਵੱਲੋਂ ਗਿਆਨੀ ਜੰਗੀਰ ਸਿੰਘ ਰਤਨ ਦਾ ਵਿਸ਼ੇਸ਼ ਸਨਮਾਨ