ਫ਼ਰੀਦਕੋਟ (ਸਮਾਜਵੀਕਲੀ) – ਰਾਜਸਥਾਨ, ਮੱਧ-ਪ੍ਰਦੇਸ਼ ਅਤੇ ਹਰਆਿਣਾ ‘ਚੋਂ ਮਜ਼ਦੂਰਾਂ ਨੂੰ ਲਿਆ ਕੇ ਇੱਥੇ ਇਕਾਂਤਵਾਸ ਵਿੱਚ ਭੇਜੇ ਇਨ੍ਹਾਂ ਫ਼ਰੀਦਕੋਟ-ਫਿਰੋਜ਼ਪੁਰ ਰੋਡ ਨੂੰ ਜਾਮ ਕਰਕੇ ਧਰਨਾ ਲਾ ਦਿੱਤਾ। ਮਜ਼ਦੂਰ ਗੁਰਦੀਪ ਸਿੰਘ, ਰਾਜਪਾਲ ਸਿੰਘ ਅਤੇ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਹ ਰਾਜਸਥਾਨ, ਹਰਿਆਣਾ ਅਤੇ ਮੱਧ ਪ੍ਰਦੇਸ਼ ਵਿੱਚ ਕੰਬਾਈਨਾਂ ਲੈ ਕੇ ਗਏ ਸਨ ਅਤੇ ਇਨ੍ਹਾਂ ਸੂਬਿਆਂ ਵਿੱਚ 14 ਦਿਨਾਂ ਦੇ ਇਕਾਂਤਵਾਸ ਤੋਂ ਬਾਅਦ ਉਹ ਇੱਥੇ ਪਰਤੇ ਹਨ ਅਤੇ ਇੱਥੋਂ ਦੇ ਅਬਨੂਰ ਬਹੁ-ਤਕਨੀਕੀ ਕਾਲਜ ਵਿੱਚ ਇਕਾਂਤਵਾਸ ‘ਚ ਰੱਖਿਆ ਗਿਆ ਹੈ।
ਇਥੇ ਕੋਈ ਵੀ ਮੁੱਢਲੀ ਸਹੂਲਤ ਨਹੀਂ ਦਿੱਤੀ ਜਾ ਰਹੀ ਅਤੇ ਵਾਪਸੀ ਤੋਂ 40 ਘੰਟੇ ਬਾਅਦ ਵੀ ਨਮੂਨੇ ਇਕੱਤਰ ਨਹੀਂ ਕੀਤੇ ਗਏ। ਮਜ਼ਦੂਰਾਂ ਨੇ ਇਹ ਵੀ ਦੋਸ਼ ਲਾਇਆ ਕਿ ਕੰਬਾਈਨ ਮਾਲਕ ਵੀ ਗਏ ਸਨ ਪਰ ਉਨ੍ਹਾਂ ਨੂੰ ਇਕਾਂਤਵਾਸ ਨਹੀਂ ਕੀਤਾ ਗਿਆ ਅਤੇ ਇਕਾਂਤਵਾਸ ਵਾਲੇ ਅਹਾਤੇ ਵਿੱਚ ਸਿਰਫ਼ ਮਜ਼ਦੂਰ ਹੀ ਰੱਖੇ ਗਏ ਹਨ ਅਤੇ ਪਾਣੀ ਵੀ ਨਹੀਂ ਦਿੱਤਾ ਗਿਆ।
ਐੱਸਡੀਐੱਮ ਪਰਮਦੀਪ ਸਿੰਘ ਨੇ ਮਜ਼ਦੂਰਾਂ ਦੇ ਸ਼ਿਕਵੇ ਸੁਣੇ ਅਤੇ ਸਥਿਤੀ ਨੂੰ ਸ਼ਾਂਤ ਕੀਤਾ। ਮਜ਼ਦੂਰਾਂ ਦੇ ਪ੍ਰਦਰਸ਼ਨ ਮਗਰੋਂ ਸੈਂਪਲ ਹਾਸਲ ਕਰ ਲਏ ਗਏ ਹਨ। ਡਿਪਟੀ ਕਮਿਸ਼ਨਰ ਕੁਮਾਰ ਸੌਰਭ ਰਾਜ ਨੇ ਕਿਹਾ ਕਿ ਬਾਹਰਲੇ ਸੂਬਿਆਂ ‘ਚੋਂ ਆਏ ਨਾਗਰਿਕਾਂ ਨੂੰ ਇਕਾਂਤਵਾਸ ਵਿੱਚ ਰੱਖਿਆ ਗਿਆ ਹੈ ਅਤੇ ਜ਼ਰੂਰੀ ਸਹੂਲਤਾਂ ਹਰ ਹਾਲਤ ਵਿੱਚ ਮੁਹੱਈਆ ਕਰਵਾਈਆਂ ਜਾਣਗੀਆਂ।