ਬ੍ਰਿਸਬੇਨ (ਸਮਾਜ ਵੀਕਲੀ) : ਆਸਟਰੇਲੀਆ ਦੀ ਸਰਕਾਰ ਨੇ ਪਰਵਾਸੀਆਂ ਵੱਲੋਂ ਅੰਗਰੇਜ਼ੀ ਭਾਸ਼ਾ ਵਿੱਚ ਮੁਹਾਰਤ ਹਾਸਲ ਕਰਨ ਲਈ ਮੁਫ਼ਤ ਅੰਗਰੇਜ਼ੀ ਭਾਸ਼ਾ ਦੀ ਸਿਖਲਾਈ ਦੇਣ ਦਾ ਫੈਸਲਾ ਲਿਆ ਹੈ। ਸਰਕਾਰ ਅਨੁਸਾਰ ਇਸ ਨਵੇਂ ਪ੍ਰੋਗਰਾਮ ਤਹਿਤ ਦੇਸ਼ ਵਿੱਚ ਆਉਣ ਵਾਲੇ ਪਰਵਾਸੀਆਂ ਨੂੰ ਆਪਣੇ ਹੱਕਾਂ ਅਤੇ ਅਧਿਕਾਰਾਂ ਪ੍ਰਤੀ ਵਧੇਰੇ ਸੁਚੇਤ ਕੀਤਾ ਜਾ ਸਕੇਗਾ ਤਾਂ ਕਿ ਉਨ੍ਹਾਂ ਨੂੰ ਇੱਥੇ ਵਸਣ ਵਿੱਚ ਔਖਿਆਈ ਦਾ ਸਾਹਮਣਾ ਨਾ ਕਰਨਾ ਪਵੇ।
ਪਰਿਵਾਰਕ, ਸਕਿੱਲਡ ਅਤੇ ਮਾਨਵਤਾਵਾਦੀ ਵੀਜ਼ਾ ਵਾਲੇ ਪਰਵਾਸੀ, ਜਿਨ੍ਹਾਂ ਦੀ ਅੰਗਰੇਜ਼ੀ ਵਿੱਚ ਮੁਹਾਰਤ ਨਹੀਂ ਹੈ, ਹੁਣ ਆਸਟਰੇਲੀਆ ਦੀ ਸਰਕਾਰ ਦੇ ਬਾਲਗ ਪਰਵਾਸੀ ਅੰਗਰੇਜ਼ੀ ਪ੍ਰੋਗਰਾਮ (ਏ.ਐੱਮ.ਈ.ਪੀ) ਤਹਿਤ ਮੁਫ਼ਤ ਅੰਗਰੇਜ਼ੀ ਸਿੱਖਿਆ ਪ੍ਰਾਪਤ ਕਰ ਸਕਦੇ ਹਨ। ‘ਅਡਲਟ ਲਰਨਿੰਗ ਆਸਟਰੇਲੀਆ’ ਵਿੱਚ ਅਪਰੇਸ਼ਨ ਮੈਨੇਜਰ ਕੈਥਰੀਨ ਡੈਵਲਿਨ ਦਾ ਕਹਿਣਾ ਹੈ ਕਿ ਸੰਭਾਵਿਤ ਵਿਦਿਆਰਥੀਆਂ ਨੂੰ ਆਸਟਰੇਲੀਆ ਪਹੁੰਚਣ ਦੇ ਛੇ ਮਹੀਨਿਆਂ ਦੇ ਅੰਦਰ-ਅੰਦਰ ਏ.ਐੱਮ.ਈ.ਪੀ ’ਤੇ ਰਜਿਸਟਰ ਹੋਣਾ ਪੈਂਦਾ ਹੈ ਜਦਕਿ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਕੋਲ ਰਜਿਸਟਰ ਹੋਣ ਲਈ 12 ਮਹੀਨੇ ਦਾ ਸਮਾਂ ਹੁੰਦਾ ਹੈ।
ਜੇਕਰ ਕੋਈ ਦੇਸ਼ ਵਿੱਚ ਛੇ ਮਹੀਨਿਆਂ ਤੋਂ ਵੱਧ ਸਮੇਂ ਲਈ ਰਹਿ ਰਿਹਾ ਹੈ ਅਤੇ ਨੌਕਰੀ ਲੱਭਣ ਲਈ ਆਪਣੀ ਭਾਸ਼ਾ ਦੇ ਹੁਨਰ ਨੂੰ ਸੁਧਾਰਨਾ ਚਾਹੁੰਦਾ ਹੈ ਤਾਂ ‘ਸਕਿਲਜ਼ ਫ਼ਾਰ ਐਜੂਕੇਸ਼ਨ ਐਂਡ ਐਂਪਲਾਇਮੈਂਟ ਪ੍ਰੋਗਰਾਮ’ (ਐੱਸ.ਈ.ਈ) ਤੋਂ 650 ਘੰਟਿਆਂ ਦੀ ਮੁਫਤ ਸਿਖਲਾਈ ਪ੍ਰਾਪਤ ਕਰ ਸਕਦਾ ਹੈ। ਦੱਸਣਯੋਗ ਹੈ ਸਰਕਾਰ ਨੇ ਨਾਮਜ਼ਦਗੀ ਲਈ ਛੇ ਮਹੀਨਿਆਂ ਦੀ ਸਮਾਂ-ਸੀਮਾ ਨੂੰ ਵਧਾ ਕੇ 12 ਮਹੀਨਿਆਂ ਅਤੇ ਏ.ਐੱਮ.ਈ.ਪੀ ਟਿਊਸ਼ਨ ਨੂੰ ਪੂਰਾ ਕਰਨ ਲਈ ਪੰਜ ਸਾਲ ਦੀ ਨਿਰਧਾਰਿਤ ਸੀਮਾ ਨੂੰ ਵੀ ਹਟਾਉਣ ਦਾ ਫ਼ੈਸਲਾ ਕੀਤਾ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly