ਹਰਫਨਮੌਲਾ ਖਿਡਾਰੀ ਗਲੇਨ ਮੈਕਸਵੈੱਲ ਦੀਆਂ ਅਜੇਤੂ 113 ਦੌੜਾਂ ਦੀ ਬਦੌਲਤ ਆਸਟਰੇਲੀਆ ਨੇ ਭਾਰਤ ਨੂੰ 7 ਵਿਕਟਾਂ ਨਾਲ ਹਰਾ ਕੇ ਟੀ-20 ਦਾ ਦੂਜਾ ਮੈਚ ਜਿੱਤ ਕੇ ਲੜੀ ਆਪਣੇ ਨਾਮ ਕਰ ਲਈ। ਭਾਰਤ ਨੇ ਆਸਟਰੇਲੀਆ ਨੂੰ 191 ਦੌੜਾਂ ਦਾ ਟੀਚਾ ਦਿੱਤਾ ਸੀ। ਇਸ ਤੋਂ ਪਹਿਲਾਂ ਭਾਰਤ ਨੇ ਕਪਤਾਨ ਵਿਰਾਟ ਕੋਹਲੀ ਦੇ ਸ਼ਾਨਦਾਰ ਅਰਧ ਸੈਂਕੜੇ ਅਤੇ ਮਹਿੰਦਰ ਸਿੰਘ ਧੋਨੀ ਨਾਲ ਉਸ ਦੀ 100 ਦੌੜਾਂ ਦੀ ਸਾਝੇਦਾਰੀ ਮਗਰੋਂ ਭਾਰਤ ਨੇ ਇਥੇ ਚਾਰ ਵਿਕਟਾਂ ’ਤੇ 190 ਦੌੜਾਂ ਬਣਾਈਆਂ ਸਨ। ਕੇ ਐਲ ਰਾਹੁਲ (26 ਗੇਂਦਾਂ ’ਤੇ 47 ਦੌੜਾਂ) ਨੇ ਛੱਕੇ ਲਗਾਉਣ ਦੀ ਸ਼ੁਰੂਆਤ ਕੀਤੀ ਅਤੇ ਬਾਅਦ ’ਚ ਕੋਹਲੀ ਤੇ ਧੋਨੀ ਨੇ ਇਸ ਨੂੰ ਅੱਗੇ ਵਧਾਇਆ। ਕੋਹਲੀ ਨੇ 38 ਗੇਂਦਾਂ ’ਤੇ ਛੇ ਛੱਕਿਆਂ ਅਤੇ ਚਾਰ ਚੌਕਿਆਂ ਨਾਲ ਅਜੇਤੂ 72 ਦੌੜਾਂ ਬਣਾਈਆਂ ਜਦਕਿ ਧੋਨੀ ਦੀ 23 ਗੇਂਦਾਂ ’ਤੇ ਖੇਡੀ ਗਈ 40 ਦੌੜਾਂ ਦੀ ਪਾਰੀ ’ਚ ਤਿੰਨ ਚੌਕੇ ਅਤੇ ਤਿੰਨ ਛੱਕੇ ਸ਼ਾਮਲ ਹਨ। ਰਾਹੁਲ ਨੇ ਆਪਣੀ ਪਾਰੀ ’ਚ ਤਿੰਨ ਚੌਕੇ ਅਤੇ ਚਾਰ ਛੱਕੇ ਲਗਾਏ। ਭਾਰਤ ਲਗਾਤਾਰ ਦੂਜੇ ਮੈਚ ’ਚ ਟਾਸ ਹਾਰਿਆ ਅਤੇ ਉਸ ਨੂੰ ਪਹਿਲਾਂ ਬੱਲੇਬਾਜ਼ੀ ਕਰਨੀ ਪਈ। ਰੋਹਿਤ ਸ਼ਰਮਾ ਦੀ ਥਾਂ ’ਤੇ ਟੀਮ ’ਚ ਲਏ ਗਏ ਸ਼ਿਖਰ ਧਵਨ 24 ਗੇਂਦਾਂ ’ਚ 14 ਦੌੜਾਂ ਬਣਾ ਕੇ ਆਊਟ ਹੋ ਗਏ। ਉਸ ਦਾ ਆਊਟ ਹੋਣਾ ਵਿਵਾਦਾਂ ’ਚ ਰਿਹਾ ਕਿਉਂਕਿ ਮਾਰਕਸ ਸਟੋਈਨਿਸ ਦੇ ਕੈਚ ਲੈਣ ਤੋਂ ਪਹਿਲਾਂ ਗੇਂਦ ਜ਼ਮੀਨ ਨੂੰ ਲਗਦੀ ਨਜ਼ਰ ਆ ਰਹੀ ਸੀ ਪਰ ਤੀਜੇ ਅੰਪਾਇਰ ਨੇ ਉਸ ਨੂੰ ਆਊਟ ਦੇ ਦਿੱਤਾ।
Sports ਆਸਟਰੇਲੀਆ ਨੇ ਭਾਰਤ ਨੂੰ ਹਰਾ ਕੇ ਟੀ-20 ਲੜੀ ਜਿੱਤੀ