ਇੰਗਲੈਂਡ ਵਿਰੁੱਧ ਇੱਕਪਾਸੜ ਲੜੀ ਜਿੱਤਣ ਲਈ ਖੇਡੇਗੀ ਭਾਰਤੀ ਮਹਿਲਾ ਕ੍ਰਿਕਟ ਟੀਮ

ਇੰਗਲੈਂਡ ਖ਼ਿਲਾਫ਼ ਇੱਕ ਰੋਜ਼ਾ ਅੰਤਰਰਾਸ਼ਟਰੀ ਤਿੰਨ ਮੈਚਾਂ ਦੀ ਲੜੀ ਦੇ ਦੋ ਮੈਚ ਜਿੱਤ ਕੇ ਪੂਰੀ ਤਰ੍ਹਾਂ ਚੜ੍ਹਦੀ ਕਲਾ ਵਿੱਚ ਚੱਲ ਰਹੀ ਮੇਜ਼ਬਾਨ ਟੀਮ ਵੀਰਵਾਰ ਨੂੰ ਇੰਗਲੈਂਡ ਦੇ ਨਾਲ ਤੀਜਾ ਇੱਕ ਰੋਜ਼ਾ ਮੈਚ ਜਿੱਤਣ ਦੇ ਇਰਾਦੇ ਨਾਲ ਖੇਡੇਗੀ ਅਤੇ ਇਸ ਤਰ੍ਹਾਂ ਟੀਮ ਲੜੀ ਜਿੱਤ ਕੇ ਵਿਰੋਧੀਆਂ ਨੂੰ ਜਿੱਤ ਤੋਂ ਪੂਰੀ ਤਰ੍ਹਾਂ ਵਾਂਝੇ ਕਰ ਦੇਣ ਲਈ ਯਤਨਸ਼ੀਲ ਰਹੇਗੀ। ਮਿਤਾਲੀ ਰਾਜ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਪਹਿਲਾ ਇੱਕ ਰੋਜ਼ਾ ਅੰਤਰਰਾਸ਼ਟਰੀ ਮੈਚ ਵਿਸ਼ਵ ਚੈਂਪੀਅਨ ਇੰਗਲੈਂਡ ਤੋਂ 66 ਦੌੜਾਂ ਦੇ ਨਾਲ ਜਿੱਤਿਆ ਸੀ। ਦੂਜੇ ਮੈਚ ਵਿੱਚ ਭਾਰਤ ਨੇ ਸੱਤ ਵਿਕਟਾਂ ਨਾਲ ਜਿੱਤ ਹਾਸਲ ਕੀਤੀ ਸੀ ਅਤੇ ਇਸ ਤਰ੍ਹਾਂ ਭਾਰਤੀ ਟੀਮ ਨੇ 2-0 ਦੀ ਅਜਿੱਤ ਲੀਡ ਹਾਸਲ ਕੀਤੀ ਹੋਈ ਹੈ। ਇਸ ਵਿੱਚ ਅਹਿਮ ਗੱਲ ਇਹ ਹੈ ਕਿ ਭਾਰਤ ਨੇ ਆਈਸੀਸੀ ਮਹਿਲਾ ਚੈਂਪੀਅਨਸ਼ਿਪ ਵਿੱਚ ਚਾਰ ਅਹਿਮ ਅੰਕ ਹਾਸਲ ਕਰ ਲਏ ਹਨ, ਜਿਸ ਦੇ ਨਾਲ 2021 ਦੇ ਵਿਸ਼ਵ ਕੱਪ ਵਿੱਚ ਸਿੱਧੇ ਦਾਖ਼ਲੇ ਲਈ ਉਸ ਦੀਆਂ ਉਮੀਦਾਂ ਨੂੰ ਫਾਇਦਾ ਮਿਲ ਸਕਦਾ ਹੈ। ਭਾਰਤ ਕੋਲ ਦੋ ਹੋਰ ਅੰਕ ਹਾਸਲ ਕਰਨ ਦਾ ਮੌਕਾ ਹੈ। ਇਸ ਲਈ ਪੂਰੀ ਸੰਭਾਵਨਾ ਹੈ ਕਿ ਭਾਰਤ ਆਖ਼ਰੀ ਗਿਆਰਾਂ ਖਿਡਾਰੀਆਂ ਦੀ ਟੀਮ ਵਿੱਚ ਕਿਸੇ ਪ੍ਰਕਾਰ ਦਾ ਤਜ਼ਰਬਾ ਕਰਨ ਦੀ ਕੋਸ਼ਿਸ਼ ਨਹੀਂ ਕਰੇਗਾ। ਨਵੇਂ ਕੋਚ ਡਬਲਿਊ ਵੀ ਰਮਨ ਦੀ ਅਗਵਾਈ ਵਿੱਚ ਭਾਰਤੀ ਟੀਮ ਨੇ ਜੇਤੂ ਲੈਅ ਹਾਸਲ ਕਰ ਲਈ ਹੈ। ਸਲਾਮੀ ਬੱਲੇਬਾਜ਼ ਅਤੇ ਸਾਲ ਦੀ ਬੇਹਰਤਰੀਨ ਖਿਡਾਰਨ ਸਮ੍ਰਿਤੀ ਮੰਧਾਨਾ ਬੇਹਤਰੀਨ ਫਰਮ ਵਿੱਚ ਹੈ। ਦੂਜੇ ਮੈਚ ਵਿੱਚ ਵੀ ਉਸ ਨੇ 62 ਦੌੜਾਂ ਹਾਸਲ ਕਰਕੇ ਭਾਰਤ ਦੀ ਜਿੱਤ ਵਿੱਚ ਯੋਗਦਾਨ ਪਾਇਆ ਹੈ। ਇੱਕ ਰੋਜ਼ਾ ਅੰਤਰਰਾਸ਼ਟਰੀ ਕਿ੍ਕਟ ਦੇ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੀ ਮਿਤਾਲੀ ਨੇ ਦੋ ਮੈਚਾਂ ਵਿੱਚ 44 ਅਤੇ 47 ਦੌੜਾਂ ਦੀਆਂ ਸ਼ਾਨਦਾਰ ਪਾਰੀਆਂ ਖੇਡੀਆਂ ਹਨ। ਅਨੁਭਵੀ ਪੂਨਮ ਰਾਓਤ ਨੂੰ ਹਰਲੀਨ ਦਿਓਲ ਉੱਤੇ ਤਰਜੀਹ ਦਿੰਦਿਆਂ ਇੱਕ ਰੋਜ਼ਾ ਟੀਮ ਵਿੱਚ ਵਾਪਸੀ ਦਾ ਮੌਕਾ ਦਿੱਤਾ ਗਿਆ ਹੈ। ਉਸ ਨੇ 22 ਦੌੜਾਂ ਦੀ ਪਾਰੀ ਖੇਡ ਕੇ ਆਪਣੀ ਚੋਣ ਨੂੰ ਜਾਇਜ਼ ਠਹਿਰਾਇਆ ਹੈ। ਪੂਨਮ ਦੀ ਹਾਜ਼ਰੀ ਨਾਲ ਮੱਧ ਕ੍ਰਮ ਦੀ ਸਮੱਸਿਆ ਕੁੱਝ ਹੱਦ ਤੱਕ ਹੱਲ ਹੋਈ ਹੈ ਪਰ ਉਸਨੂੰ ਅਤੇ ਸਲਾਮੀ ਬੱਲੇਬਾਜ਼ ਜਮੀਮਾ ਰੌਡਰਿਗਜ਼ ਨੂੰ ਚੰਗੀ ਸ਼ੁਰੂਆਤ ਨੂੰ ਵੱਡੀ ਪਾਰੀ ਵਿੱਚ ਬਦਲਣ ਦੀ ਲੋੜ ਹੈ। ਦੀਪਤੀ ਭਟਨਾਗਰ ਮੋਨਾ ਮੇਸ਼ਰਾਮ ਅਤੇ ਵਿਕਟ ਕੀਪਰ ਤਾਨੀਆ ਭਾਟੀਆ ਨੂੰ ਸਿਖ਼ਰਲੇ ਕ੍ਰਮ ਦੇ ਅਸਫਲ ਰਹਿਣ ਦੀ ਹਾਲਤ ਵਿੱਚ ਵੱਡੀਆਂ ਪਾਰੀਆਂ ਖੇਡਣ ਲਈ ਤਿਆਰ ਰਹਿਣ ਦੀ ਲੋੜ ਹੈ। ਗੇਂਦਬਾਜ਼ ਝੂਲਨ ਗੋਸਵਾਮੀ ਅਤੇ ਸ਼ਿਖਾ ਪਾਂਡੇ ਨੇ ਪ੍ਰਭਾਵਿਤ ਕੀਤਾ ਹੈ। ਦੀਪਤੀ ਸ਼ਰਮਾ, ਪੂਨਮ ਯਾਦਵ ਅਤੇ ਏਕਤਾ ਬਿਸ਼ਟ ਦੀ ਤਿੱਕੜੀ ਦੀ ਤੇਜ਼ ਗੇਂਦਬਾਜ਼ੀ ਵੀ ਇੰਗਲੈਂਡ ਦੀਆਂ ਖਿਡਾਰਨਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ। ਦੂਜੇ ਪਾਸ ਇੰਗਲੈਂਡ ਦੀ ਟੀਮ ਵਿੱਚ ਕਈ ਵੱਡੀਆਂ ਖਿਡਾਰਨਾਂ ਹਨ, ਜੋ ਭਾਰਤ ਦੀ ਚੜ੍ਹਤ ਨੂੰ ਰੋਕਣ ਦੇ ਸਮਰੱਥ ਮੰਨੀਆਂ ਜਾਂਦੀਆਂ ਹਨ ਤੇ ਮਹਿਮਾਨ ਟੀਮ ਇਸ ਤੀਜੇ ਮੈਚ ਨੂੰ ਜਿੱਤਣ ਲਈ ਹਰ ਕੋਸ਼ਿਸ਼ ਕਰੇਗੀ। 

Previous articleਨਿਸ਼ੀਕੇਰੀ ਅਤੇ ਨਡਾਲ ਵੱਲੋਂ ਜਿੱਤਾਂ ਦਰਜ
Next articleਆਸਟਰੇਲੀਆ ਨੇ ਭਾਰਤ ਨੂੰ ਹਰਾ ਕੇ ਟੀ-20 ਲੜੀ ਜਿੱਤੀ