ਆਰਜ਼ੀ ਵੀਜ਼ੇ ਵਾਲਿਆਂ ਦੀ ਆਵਾਜ਼ ਨਿਊਜ਼ੀਲੈਂਡ ਸਰਕਾਰ ਤੱਕ ਪੁੱਜੀ

ਆਕਲੈਂਡ (ਸਮਾਜਵੀਕਲੀ):  ਕੋਵਿਡ-19 ਕਾਰਨ ਵੱਖ-ਵੱਖ ਤਰ੍ਹਾਂ ਦੀ ਪ੍ਰੇਸ਼ਾਨੀ ਝੱਲ ਰਹੇ ਆਰਜ਼ੀ ਵੀਜ਼ੇ ਵਾਲਿਆਂ ਦੀ ਆਵਾਜ਼ ਅੱਜ ਲਿਖਤੀ ਰੂਪ ’ਚ ਨਿਊਜ਼ੀਲੈਂਡ ਸਰਕਾਰ ਤੱਕ ਪੁੱਜ ਗਈ ਹੈ। ਸੁਪਰੀਮ ਸਿੱਖ ਸੁਸਾਇਟੀ ਆਫ਼ ਨਿਊਜ਼ੀਲੈਂਡ ਨੇ ਪਰਵਾਸੀਆਂ ਦੇ ਤਿੰਨ ਮਹੱਤਵਪੂਰਨ ਮੁੱਦਿਆਂ ਬਾਰੇ ਇਮੀਗਰੇਸ਼ਨ ਮੰਤਰੀ ਈਐਨ ਲੀਸ-ਗੈਲੋਵੇਅ ਨੂੰ ਮੰਗ ਪੱਤਰ ਸੌਂਪਿਆ ਹੈ। ਉਂਜ ਮੰਤਰੀ ਨੇ ਮੌਕੇ ’ਤੇ ਕੋਈ ਵਾਅਦਾ ਨਹੀਂ ਕੀਤਾ ਪਰ ਅਗਲੇ ਕੁਝ ਦਿਨਾਂ ’ਚ ਭਾਈਚਾਰੇ ਨਾਲ ਸੰਪਰਕ ਕਰਨ ਦੇ ਸੰਕੇਤ ਦਿੱਤੇ ਹਨ।

ਜੈ ਬਾਠ ਅਤੇ ਜੈਸਮੀਨ ਬਾਠ ਵੱਲੋਂ ਤਿਆਰ ਕੀਤੇ ਗਏ ਮੰਗ ਪੱਤਰ ’ਚ ਨਿਊਜ਼ੀਲੈਂਡ ਤੋਂ ਬਾਹਰ ਫਸੇ ਬੈਠੇ ਆਰਜ਼ੀ ਵਰਕ ਵੀਜ਼ੇ ਵਾਲਿਆਂ ਨੂੰ ਵਾਪਸ ਲਿਆਉਣ ’ਤੇ ਜ਼ੋਰ ਦਿੱਤਾ ਗਿਆ ਹੈ। ਪੜ੍ਹਾਈ ਮੁਕੰਮਲ ਕਰ ਚੁੱਕੇ ਨੌਜਵਾਨਾਂ ਨੂੰ ਵੀ ਵਰਕ ਵੀਜ਼ੇ ਜਾਰੀ ਕਰਨ ਦੀ ਮੰਗ ਰੱਖੀ ਗਈ ਹੈ। ਅਜਿਹੇ ਲੋਕਾਂ ਵੱਲ ਵੀ ਧਿਆਨ ਦੇਣ ’ਤੇ ਜ਼ੋਰ ਦਿੱਤਾ ਗਿਆ ਹੈ ਜੋ ਇਸ ਵੇਲੇ ਓਵਰ ਸਟੇਅ ਹੋ ਚੁੱਕੇ ਹਨ।

ਅਜਿਹੇ ਮਾਪਿਆਂ ਬਾਰੇ ਨੁਕਤਾ ਵੀ ਉਭਾਰਿਆ ਗਿਆ ਹੈ, ਜੋ ਇਸ ਵੇਲੇ ਨਿਊਜ਼ੀਲੈਂਡ ’ਚ ਆਪਣੇ ਪੁੱਤਾਂ-ਧੀਆਂ ਕੋਲ ਆਏ ਹੋਏ ਹਨ ਪਰ ਉਨ੍ਹਾਂ ਦੇ ਵੀਜ਼ੇ ਖ਼ਤਮ ਹੋ ਚੁੱਕੇ ਹਨ। ਉਨ੍ਹਾਂ ਦਾ ਵੀਜ਼ਾ ਆਪਣੇ-ਆਪ ਇੱਕ ਸਾਲ ਲਈ ਵਧਾਉਣ ਦੀ ਅਪੀਲ ਕੀਤੀ ਗਈ ਹੈ। ਸੁਪਰੀਮ ਸਿੱਖ ਸੁਸਾਇਟੀ ਦੇ ਬੁਲਾਰੇ ਦਲਜੀਤ ਸਿੰਘ ਨੇ ਦੱਸਿਆ ਕਿ ਟੈਂਪਰੇਰੀ ਵੀਜ਼ੇ ਵਾਲਿਆਂ ਨਾਲ ਸਬੰਧਤ ਕਈ ਹੋਰ ਨੁਕਤੇ ਵੀ ਉਨ੍ਹਾਂ ਮੰਤਰੀ ਨਾਲ ਸਾਂਝੇ ਕੀਤੇ ਹਨ। ਲੇਬਰ ਪਾਰਟੀ ਦੀ ਚੋਣ ਮੁਹਿੰਮ ਬਾਰੇ ਉਨ੍ਹਾਂ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨਿਨੀ ’ਚ ਆਉਣ ਦੀ ਇੱਛਾ ਵੀ ਪ੍ਰਗਟ ਕੀਤੀ ਹੈ।

Previous articleਜਾਧਵ ਨਾਲ ਮੁਲਾਕਾਤ ਕਰਾਉਣ ਲਈ ਪਾਕਿਸਤਾਨ ਮੁੜ ਤਿਆਰ: ਕੁਰੈਸ਼ੀ
Next articleUAE  Covid -19 Update