ਬਠਿੰਡਾ– ਸਫ਼ਾਈ ਪੱਖੋਂ ਪਹਿਲੇ ਨੰਬਰ ’ਤੇ ਆਏ ਬਠਿੰਡਾ ਸ਼ਹਿਰ ਦੇ ਮੱਥੇ ’ਤੇ ਆਬਾਦੀ ਵਿਚਲਾ ਕਚਰਾ ਪਲਾਂਟ ਕਲੰਕ ਹੈ। ਸਵੱਛ ਭਾਰਤ ਮੁਹਿੰਮ ’ਚੋਂ ਮੋਹਰੀ ਹੋਣ ’ਤੇ ਬਠਿੰਡਾ ਦੇ ਅਧਿਕਾਰੀ ਤੇ ਸਿਆਸੀ ਆਗੂ ਬਾਗ਼ੋ-ਬਾਗ਼ ਨੇ ਪਰ ਕਚਰਾ ਪਲਾਂਟ ਨੇ ਵੱਡੀ ਗਿਣਤੀ ਲੋਕਾਂ ਦੇ ਨੱਕ ‘ਚ ਦਮ ਕੀਤਾ ਹੋਇਆ ਹੈ। ਅਕਾਲੀ-ਭਾਜਪਾ ਸਰਕਾਰ ਦੌਰਾਨ ਨਗਰ ਨਿਗਮ ਬਠਿੰਡਾ ਵੱਲੋਂ ਇੱਕ ਕੰਪਨੀ ਨਾਲ ਕੀਤੇ ਸਮਝੌਤੇ ਤਹਿਤ ਆਈਟੀਆਈ ਚੌਕ ਨੇੜੇ ਮਿਉਂਸੀਪਲ ਸਾਲਿਡ ਵੇਸਟ ਮੈਨੇਜਮੈਂਟ ਯੋਜਨਾ ਤਹਿਤ ਇਹ ਪਲਾਟ ਲਾਇਆ ਗਿਆ ਸੀ, ਜਿਸ ਦੀ ਮਿਆਦ ਨਵੰਬਰ 2030 ਤੱਕ ਹੈ। ਸ਼ਹਿਰ ਭਰ ’ਚੋਂ ਸਾਰਾ ਕੂੜਾ ਚੁੱਕ ਕੇ ਇਸ ਪਲਾਂਟ ਦੇ ਵਿੱਚ ਲਿਆਂਦਾ ਜਾਂਦਾ ਹੈ। ਇਸ ਦੇ ਨੇੜੇ ਭਾਈ ਮਤੀ ਦਾਸ ਨਗਰ, ਜੋਗਾ ਨਗਰ, ਨਛੱਤਰ ਨਗਰ, ਹਰਬੰਸ ਨਗਰ, ਊਧਮ ਸਿੰਘ ਨਗਰ ਸਣੇ ਦਰਜਨ ਕਲੋਨੀਆਂ ਹਨ। ਇਲਾਕੇ ਦੇ ਲੋਕਾਂ ਨੇ ਆਖਿਆ ਹੈ ਕਿ ਕਚਰਾ ਪਲਾਂਟ ਨੇ ਜ਼ਿੰਦਗੀ ਨਰਕ ਕਰ ਦਿੱਤੀ ਹੈ ਤੇ ਸਾਹ ਲੈਣਾ ਔਖਾ ਹੋ ਗਿਆ ਹੈ। ਇਸ ਪਲਾਂਟ ਮਗਰੋਂ ਰਿਸ਼ਤੇਦਾਰਾਂ ਨੇ ਵੀ ਇੱਥੇ ਰਾਤ ਕੱਟਣੀ ਬੰਦ ਕਰ ਦਿੱਤੀ। ਕਚਰਾ ਪਲਾਂਟ ਨੂੰ ਅਬਾਦੀ ਤੋਂ ਦੂਰ ਲਾਇਆ ਜਾਣਾ ਚਾਹੀਦਾ ਸੀ। ਇਸ ਪਲਾਂਟ ਦੀ ਤਬਦੀਲੀ ਲਈ ਕਾਫ਼ੀ ਸੰਘਰਸ਼ ਵੀ ਹੋਏ। ਇਸ ਸੰਘਰਸ਼ ਨਾਲ ਜੁੜੇ ਰਹੇ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਐਡਵੋਕੇਟ ਰਣਜੀਤ ਸਿੰਘ ਜਲਾਲ ਨੇ ਕਿਹਾ ਕਿ ਇਸ ਪ੍ਰਾਜੈਕਟ ਨੂੰ ਆਬਾਦੀ ਤੋਂ ਦੂਰ ਲਿਜਾਣ ਲਈ ਕਾਫ਼ੀ ਸੰਘਰਸ਼ ਕੀਤਾ। ਹੁਣ ਨਿਗਮ ਅਤੇ ਪਲਾਂਟ ਵਾਲੀ ਕੰਪਨੀ ਵੀ ਆਪਸ ’ਚ ਹੋਏ ਸਮਝੌਤੇ ਤਹਿਤ ਇੱਕ-ਦੂਜੇ ਸਿਰ ਦੋਸ਼ ਮੜ ਰਹੇ ਹਨ। ਨਿਯਮ ਤਾਂ ਇਹ ਹੈ ਕਿ ਇਸ ਪਲਾਂਟ ‘ਚ ਕੂੜਾ ਸੁੱਟਣਾ ਸ਼ੁਰੂ ਕਰਨ ਤੋਂ ਪਹਿਲਾਂ ਹੇਠਾਂ ਫਰਸ਼ ਲਾਇਆ ਜਾਂਦਾ ਹੈ ਤਾਂ ਜੋ ਕੂੜੇ ਦਾ ਰਿਸਾਅ ਧਰਤੀ ਹੇਠਲੇ ਪਾਣੀ ਵਿੱਚ ਨਾ ਹੋਵੇ ਪਰ ਇਥੇ ਅਜਿਹਾ ਨਹੀਂ ਹੈ। ਪਲਾਂਟ ਦੇ ਨਾਲ ਲੱਗਦੇ ਵਾਰਡ ਨੰਬਰ 13 ਦੇ ਕੌਂਸਲਰ ਰਾਜਬਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਇਥੋਂ ਦੇ ਵਿਧਾਇਕ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਚੋਣ ਮਨੋਰਥਪੱਤਰ ਵਿੱਚ ਵਾਅਦਾ ਕੀਤਾ ਸੀ ਕਿ ਕਚਰਾ ਪਲਾਂਟ ਨੂੰ ਤਬਦੀਲ ਕੀਤਾ ਜਾਵੇਗਾ ਪਰ ਹਾਲੇ ਕੁੱਝ ਵੀ ਨਹੀਂ ਹੋਇਆ। ਉਨ੍ਹਾਂ ਮੰਗ ਕੀਤੀ ਕਿ ਇਸ ਪਲਾਂਟ ਨੂੰ ਜਲਦੀ ਇੱਥੋਂ ਬਦਲਿਆ ਜਾਣਾ ਚਾਹੀਦਾ ਹੈ। ਇਸ ਪਲਾਂਟ ਕੋਲ ਲੰਘਦੇ ਸੂਏ ਦੀ ਪਟੜੀ ਤੋਂ ਹੀ ਕੂੜਾ ਲਿਜਾਣ ਵਾਲੇ ਵਾਹਨ ਗੁਜ਼ਰਦੇ ਹਨ ਤੇ ਕਈ ਵਾਰ ਕੂੜਾ ਉੱਠ ਕੇ ਸੂਏ ‘ਚ ਵੀ ਚਲਾ ਜਾਂਦਾ ਹੈ, ਜਿਸ ਦਾ ਪਾਣੀ ਅੱਗੇ ਕਈ ਥਾਈਂ ਵਾਟਰ ਵਰਕਸਾਂ ਲਈ ਸਪਲਾਈ ਹੁੰਦਾ ਹੈ। ਸੂਏ ਦੇ ਨਾਲ-ਨਾਲ ਪਹਿਲਾਂ ਕੰਧ ਵੀ ਕੱਢੀ ਗਈ ਸੀ ਪਰ ਹੁਣ ਕੰਧ ਵੀ ਨਹੀਂ ਹੈ।
INDIA ਆਬਾਦ ਲੋਕਾਂ ਦੀ ਜ਼ਿੰਦਗੀ ਹੋਈ ਬਰਬਾਦ