ਐਨਆਈਏ ਦੀ ਹਿਰਾਸਤ ਖ਼ਿਲਾਫ਼ ਯਾਸੀਨ ਮਲਿਕ ਵੱਲੋਂ ਭੁੱਖ ਹੜਤਾਲ

ਜੰਮੂ ਕਸ਼ਮੀਰ ਲਿਬਰੇਸ਼ਨ ਫਰੰਟ (ਜੇਕੇਐਲਐਫ) ਮੁਖੀ ਯਾਸੀਨ ਮਲਿਕ ਦੇ ਪਰਿਵਾਰ ਨੇ ਸ਼ਨਿਚਰਵਾਰ ਨੂੰ ਦਾਅਵਾ ਕੀਤਾ ਕਿ ਉਹ ਬਹੁਤ ਜ਼ਿਆਦਾ ਬਿਮਾਰ ਹੈ। ਉਨ੍ਹਾਂ ਦੋਸ਼ ਲਾਇਆ ਕਿ ਕੌਮੀ ਜਾਂਚ ਏਜੰਸੀ (ਐਨਆਈਏ) ਵੱਲੋਂ ਗ਼ੈਰਕਾਨੂੰਨੀ ਤੌਰ ’ਤੇ ਹਿਰਾਸਤ ’ਚ ਰੱਖੇ ਜਾਣ ਦੇ ਰੋਸ ਵਜੋਂ ਮਲਿਕ ਵੱਲੋਂ ਭੁੱਖ ਹੜਤਾਲ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਦਿੱਲੀ ਦੀ ਅਦਾਲਤ ਨੇ ਦਹਿਸ਼ਤੀ ਫੰਡਿੰਗ ਕੇਸ ਦੇ ਸਬੰਧ ’ਚ ਮਲਿਕ ਨੂੰ 10 ਅਪਰੈਲ ਨੂੰ 22 ਅਪਰੈਲ ਤਕ ਐਨਆਈਏ ਦੀ ਹਿਰਾਸਤ ’ਚ ਭੇਜ ਦਿੱਤਾ ਸੀ। ਇਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮਲਿਕ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਵੱਖਵਾਦੀ ਆਗੂ ਨਾਲ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਅਤੇ ਉਹ ਪਿਛਲੇ ਚਾਰ ਦਿਨਾਂ ਤੋਂ ਹਸਪਤਾਲ ’ਚ ਜ਼ੇਰੇ ਇਲਾਜ ਹੈ। ਉਨ੍ਹਾਂ ਕਿਹਾ,‘‘ਅਸੀਂ ਜੰਮੂ ’ਚ ਮਲਿਕ ਨੂੰ ਮਿਲਣ ਲਈ ਗਏ ਸੀ ਪਰ ਜਦੋਂ ਅਸੀਂ ਸ਼ਾਮ ਨੂੰ ਉਥੇ ਪੁੱਜੇ ਤਾਂ ਸਾਨੂੰ ਪਤਾ ਲੱਗਾ ਕਿ ਉਸ ਨੂੰ ਦਿੱਲੀ ਲੈ ਗਏ ਹਨ। ਅਸੀਂ ਉਸ ਨੂੰ ਮਿਲੇ ਬਿਨਾਂ ਪਰਤ ਆਏ। ਉਸ ਵੇਲੇ ਤੋਂ ਅਸੀਂ ਉਨ੍ਹਾਂ ਦੇ ਵਕੀਲ ਦੇ ਸੰਪਰਕ ’ਚ ਹੀ ਹਾਂ। ਵਕੀਲ ਰਾਜਾ ਤੁਫ਼ੈਲ ਨੂੰ ਵੀ ਮਲਿਕ ਨਾਲ ਮੁਲਾਕਾਤ ਨਹੀਂ ਕਰਨ ਦਿੱਤੀ ਗਈ ਸੀ।’’ ਪਰਿਵਾਰ ਨੇ ਦੱਸਿਆ ਕਿ ਤੁਫ਼ੈਲ ਨੇ ਸ਼ਨਿਚਰਵਾਰ ਨੂੰ ਅਦਾਲਤ ਤੋਂ ਮੁਲਾਕਾਤ ਦੀ ਇਜਾਜ਼ਤ ਲਈ। ਇਸ ਮਗਰੋਂ ਐਨਆਈਏ ਦੇ ਅਧਿਕਾਰੀਆਂ ਨੇ ਦੱਸਿਆ ਕਿ ਮਲਿਕ ਬਹੁਤ ਬਿਮਾਰ ਹੈ ਕਿਉਂਕਿ ਉਹ 10 ਅਪਰੈਲ ਤੋਂ ਭੁੱਖ ਹੜਤਾਲ ’ਤੇ ਸੀ ਅਤੇ 16 ਅਪਰੈਲ ਨੂੰ ਉਸ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਜੇਕੇਐਲਐਫ ਦੇ ਤਰਜਮਾਨ ਨੇ ਬਿਆਨ ’ਚ ਕਿਹਾ ਕਿ ਜਥੇਬੰਦੀ ਦਾ ਚੇਅਰਮੈਨ ਗੰਭੀਰ ਹਾਲਤ ’ਚ ਦਿੱਲੀ ਦੇ ਰਾਮ ਮਨੋਹਰ ਲੋਹੀਆ ਹਸਪਤਾਲ ’ਚ ਦਾਖ਼ਲ ਹੈ। ਤਰਜਮਾਨ ਨੇ ਕੇਂਦਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਮਲਿਕ ਨੂੰ ਕੁਝ ਹੋਇਆ ਤਾਂ ਇਸ ਦੇ ਗੰਭੀਰ ਸਿੱਟੇ ਨਿਕਲਣਗੇ। ਉਸ ਨੇ ਕਿਹਾ ਕਿ ਜੇਕੇਐਲਐਫ ਵੱਲੋਂ 25 ਅਤੇ 26 ਅਪਰੈਲ ਨੂੰ ਇਸਲਾਮਾਬਾਦ ’ਚ ਦੋ ਦਿਨ ਦੀ ਭੁੱਖ ਹੜਤਾਲ ਕੀਤੀ ਜਾਵੇਗੀ ਅਤੇ ਲੰਡਨ ’ਚ ਭਾਰਤੀ ਸਫ਼ਾਰਤਖਾਨੇ ਦੇ ਬਾਹਰ 28 ਅਪਰੈਲ ਤੋਂ ਪੰਜ ਦਿਨਾਂ ਦਾ ਧਰਨਾ ਦਿੱਤਾ ਜਾਵੇਗਾ। ਉਧਰ ਹੁਰੀਅਤ ਕਾਨਫਰੰਸ ਦੇ ਚੇਅਰਮੈਨ ਮੀਰਵਾਇਜ਼ ਉਮਰ ਫਾਰੂਕ ਨੇ ਮਲਿਕ ਦੀ ਵਿਗੜੀ ਸਿਹਤ ’ਤੇ ਚਿੰਤਾ ਜ਼ਾਹਰ ਕੀਤੀ ਹੈ।

Previous articleਕਾਂਗਰਸ ਦੀ ਵੋਟ ਭਗਤੀ ਤੇ ਸਾਡੀ ਦੇਸ਼ ਭਗਤੀ: ਮੋਦੀ
Next articleਆਈਪੀਐੱਲ: ਆਰਸੀਬੀ ਨੇ ਕੇਕੇਆਰ ਨੂੰ ਹਰਾਇਆ