‘ਆਪ’ ਨੇ ਜਲੰਧਰ ਤੋਂ ਜਸਟਿਸ ਜ਼ੋਰਾ ਸਿੰਘ ਨੂੰ ਉਮੀਦਵਾਰ ਐਲਾਨਿਆ

ਆਮ ਆਦਮੀ ਪਾਰਟੀ (ਆਪ) ਵਲੋਂ ਅੱਜ ਤਿੰਨ ਲੋਕ ਸਭਾ ਹਲਕਿਆਂ ਤੋਂ ਪਾਰਟੀ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਨ੍ਹਾਂ ਵਿੱਚ ਜਲੰਧਰ ਲੋਕ ਸਭਾ ਹਲਕੇ ਤੋਂ ਸੇਵਾਮੁਕਤ ਜਸਟਿਸ ਜ਼ੋਰਾ ਸਿੰਘ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ। ਫਤਹਿਗੜ੍ਹ ਸਾਹਿਬ (ਰਾਖਵਾਂ) ਤੋਂ ਬਲਜਿੰਦਰ ਸਿੰਘ ਚੌਂਦਾ ਅਤੇ ਗੁਰਦਾਸਪੁਰ ਹਲਕੇ ਤੋਂ ਪੀਟਰ ਮਸੀਹ ਜੀਦਾ ਨੂੰ ਉਮੀਦਵਾਰ ਬਣਾਇਆ ਹੈ।
ਪਾਰਟੀ ਉਮੀਦਵਾਰਾਂ ਦਾ ਐਲਾਨ ਆਮ ਆਦਮੀ ਪਾਰਟੀ ਦੀ ਅੱਜ ਇੱਥੇ ਪ੍ਰਿੰਸੀਪਲ ਬੁੱਧ ਰਾਮ ਦੀ ਚੇਅਰਮੈਨੀ ਹੇਠ ਕਰੀਬ ਦੋ ਘੰਟੇ ਚੱਲੀ ਕੋਰ ਕਮੇਟੀ ਦੀ ਮੀਟਿੰਗ ਤੋਂ ਬਾਅਦ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਕੀਤਾ। ਉਨ੍ਹਾਂ ਦੱਸਿਆ ਕਿ ਕੋਰ ਕਮੇਟੀ ਵਲੋਂ ਪਹਿਲਾਂ ਹੀ ਮਾਝਾ, ਮਾਲਵਾ ਅਤੇ ਦੋਆਬਾ ਖੇਤਰ ਦੇ ਇਨ੍ਹਾਂ ਤਿੰਨਾਂ ਹਲਕਿਆਂ ਦੇ ਉਮੀਦਵਾਰਾਂ ਬਾਰੇ ਵਿਚਾਰ ਵਟਾਂਦਰਾ ਕਰ ਲਿਆ ਸੀ ਅਤੇ ਤਿੰਨੋਂ ਨਾਂਅ ਪ੍ਰਵਾਨਗੀ ਲਈ ਪਾਰਟੀ ਦੀ ਪੀਏਸੀ ਕੋਲ ਭੇਜੇ ਸਨ। ਪ੍ਰਵਾਨਗੀ ਮਿਲਣ ਤੋਂ ਬਾਅਦ ਅੱਜ ਤਿੰਨੋਂ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਸ੍ਰੀ ਮਾਨ ਨੇ ਕਿਹਾ ਕਿ ਪੰਜ ਲੋਕ ਸਭਾ ਹਲਕਿਆਂ ਤੋਂ ਉਮੀਦਵਾਰਾਂ ਦਾ ਐਲਾਨ ਪਹਿਲਾਂ ਹੀ ਕੀਤਾ ਜਾ ਚੁੱਕਿਆ ਹੈ, ਜਿੰਨ੍ਹਾਂ ਵਿੱਚ ਫਰੀਦਕੋਟ ਤੋਂ ਪ੍ਰੋ. ਸਾਧੂ ਸਿੰਘ, ਸੰਗਰੂਰ ਤੋਂ ਭਗਵੰਤ ਮਾਨ (ਖ਼ੁਦ), ਆਨੰਦਪੁਰ ਸਾਹਿਬ ਤੋਂ ਨਰਿੰਦਰ ਸਿੰਘ ਸ਼ੇਰਗਿੱਲ, ਸ੍ਰੀ ਅੰਮ੍ਰਿਤਸਰ ਤੋਂ ਕੁਲਦੀਪ ਸਿੰਘ ਧਾਲੀਵਾਲ ਅਤੇ ਹੁਸ਼ਿਆਰਪੁਰ ਤੋਂ ਰਵਜੋਤ ਸਿੰਘ ਸ਼ਾਮਲ ਹਨ। ਸ੍ਰੀ ਮਾਨ ਨੇ ਕਿਹਾ ਕਿ ਬਾਕੀ ਰਹਿੰਦੇ ਪੰਜ ਲੋਕ ਸਭਾ ਹਲਕਿਆਂ ਬਠਿੰਡਾ, ਲੁਧਿਆਣਾ, ਖਡੂਰ ਸਾਹਿਬ, ਫਿਰੋਜ਼ਪੁਰ ਅਤੇ ਪਟਿਆਲਾ ਤੋਂ ਉਮੀਦਵਾਰਾਂ ਦਾ ਐਲਾਨ ਦੋ/ਚਾਰ ਦਿਨਾਂ ਵਿੱਚ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਰਹਿੰਦੇ ਪੰਜ ਹਲਕਿਆਂ ਤੋਂ ਪਾਰਟੀ ਉਮੀਦਵਾਰਾਂ ਦੇ ਨਾਵਾਂ ਬਾਰੇ ਵਿਚਾਰ ਹੋ ਚੁੱਕਾ ਹੈ।ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਕਰੀਬ ਦੋ ਘੰਟੇ ਚੱਲੀ, ਜਿਸ ਵਿੱਚ ਚੇਅਰਮੈਨ ਪ੍ਰਿੰਸੀਪਲ ਬੁੱਧ ਰਾਮ, ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ, ਪ੍ਰੋ. ਸਾਧੂ ਸਿੰਘ, ਵਿਧਾਇਕ ਸਰਵਜੀਤ ਕੌਰ ਮਾਣੂੰਕੇ, ਮੀਤ ਹੇਅਰ, ਕੁਲਵੰਤ ਸਿੰਘ ਪੰਡੋਰੀ ਆਦਿ ਸ਼ਾਮਲ ਸਨ।

Previous articleਸੀਪੀਆਈ ਨੇ ਕਨ੍ਹੱਈਆ ਕੁਮਾਰ ਨੂੰ ਬੇਗੂਸਰਾਏ ਤੋਂ ਉਮੀਦਵਾਰ ਐਲਾਨਿਆ
Next articleDemocrat Senator calls Trump coward