ਆਪਣਾ ਪੰਜਾਬ ਹੋਵੇ, ਐੇਨ.ਡੀ.ਏ. ਦਾ ਖ਼ਾਬ ਹੋਵੇ

ਮੌਜੂਦਾ ਸਮੇਂ ਜਿੱਥੇ ਪੰਜਾਬ ਦੀ ਨੌਜਵਾਨੀ  ਦਾ ਇੱਕ ਵੱਡਾ ਹਿੱਸਾ ਬੋਧਿਕ ਕੰਗਾਲੀ ਵਲ ਅਗਰ ਸਰ ਹੋ ਰਿਹਾ ਹੈ। ਇਸ ਦੇ ਕਾਰਨ ਭਾਵੇਂ ਲੱਚਰ ਸਭਿਆਚਾਰ, ਨਸ਼ੇ, ਗੈਂਗਵਾਰ, ਨੈਤਿਕ ਕਦਰਾਂ ਕੀਮਤਾਂ ਦੀ ਅਣਹੋਂਦ ਹੋਣ ਪਰ ਇਸ ਦਾ ਨੁਕਸਾਨ ਪੰਜਾਬ ਅਤੇ ਪੰਜਾਬੀਅਤ ਨੂੰ ਉਠਾਉਣਾ ਪੈ ਰਿਹਾ ਹੈ। ਪੰਜਾਬੀ ਨੌਜਵਾਨ ਹੱਡ ਭੰਨਵੀਂ ਮਿਹਨਤ ਕਰਨ ਵਾਲੇ ਕਿਸਾਨ, ਬਹਾਦਰ ਫ਼ੌਜੀ ਜਵਾਨ  ਅਤੇ ਅੱਵਲ ਖਿਡਾਰੀ ਕਰਕੇ ਜਾਣੇ ਜਾਂਦੇ ਰਹੇ ਹਨ। 1962, 65, 71 ਅਤੇ ਕਾਰਗਿਲ ਦੀ ਜੰਗ ਵਿੱਚ ਦੁਸ਼ਮਣ ਫ਼ੌਜਾਂ ਦੇ ਆਪਣੀ ਬਹਾਦਰੀ ਨਾਲ ਛੱਕੇ ਛਡਾਉਣ ਵਾਲੇ ਦੁੱਧ-ਮੱਖਣਾਂ ਨਾਲ ਪਲ਼ੇ ਪੰਜਾਬੀ ਨੌਜਵਾਨ ਦੀ ਚੜ੍ਹਤ ਭਾਰਤੀ ਫੌਜ਼ ਵਿੱਚ ਹਮੇਸ਼ਾ ਹੀ ਰਹੀ ਹੈ ਪਰ ਪਿਛਲੇ ਕੁੱਝ ਸਾਲਾ ਤੋਂ ਪੰਜਾਬੀ ਗੱਭਰੂਆ ਦੀ ਭਾਰਤੀ ਫੌਜ਼ ਵਿੱਚ ਗਿਣਤੀ ਲਗਾਤਾਰ ਘੱਟ ਰਹੀ ਹੈ। ਜੋ ਕਿ ਇੱਕ ਚਿੰਤਾ ਦਾ ਵਿਸ਼ਾ ਹੈ।

        ਅਜਿਹੇ ਵਿੱਚ ਕਈ ਪਰਿਵਾਰ ਆਪਣੇ ਸੰਸਕਾਰਾਂ ਅਤੇ ਵਿਰਸੇ ਨਾਲ ਆਪਣੀ ਨੌਜਵਾਨੀ ਨੂੰ ਜੋੜਨ ਵਿੱਚ ਕਾਮਯਾਬ ਵੀ ਹੋਏ ਹਨ ਜਿੰਨਾ ਦੇ ਬੱਚੇ ਅਜਿਹੀ ਗੈਰ-ਇਖ਼ਲਾਕੀ ਕਾਲੀ ਘੁੱਪ ਹਨੇਰੀ ਸਮਾਜ ਵਿੱਚ ਝੁੱਲਣ ਦੇ ਬਾਵਜੂਦ ਆਪਣੀ ਕਾਮਯਾਬੀ ਦਾ ਲੋਹਾ ਮਨਵਾ ਰਹੇ ਹਨ। ਅਜਿਹਾ ਹੀ ਇੱਕ ਨੌਜਵਾਨ ਹੈ : ਅਰਸ਼ਦੀਪ ਸਿੰਘ, ਜਿਸ ਨੇ ਐਨ.ਡੀ.ਏ (ਨੈਸ਼ਨਲ ਡਿਫੈਂਸ ਅਕੈਡਮੀ) ਦੀ ਦਾਖਲਾ ਪ੍ਰੀਖਿਆ ਵਿੱਚ ਜਿੱਤ ਦਾ ਝੰਡਾ ਗੱਡ ਕੇ ਆਪਣਾ, ਆਪਣੇ ਪਰਿਵਾਰ, ਪਿੰਡ ਅਤੇ ਪੂਰੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਸਵ: ਸੇਵਾ ਮੁਕਤ ਅਧਿਆਪਕ ਸੁਰਜੀਤ ਸਿੰਘ ਅਤੇ ਸਾਬਕਾ ਸਰਪੰਚ ਸਰਦਾਰਨੀ ਗੁਰਮੀਤ ਕੌਰ ਦਾ ਪੋਤਰਾ ਜ਼ਿਲ੍ਹਾ ਹੁਸ਼ਿਆਰਪੁਰ ਦੀ ਤਹਿਸੀਲ ਗੜ੍ਹਸ਼ੰਕਰ ਦੇ ਪਿੰਡ ਹਵੇਲੀ ਦਾ ਵਸਨੀਕ ਹੈ। ਹਵੇਲੀ ਪਿੰਡ ਫੁੱਟਬਾਲ ਦੀ ਨਰਸਰੀ ਕਰ ਕੇ ਜਾਣੇ ਜਾਂਦੇ ਕਸਬੇ ਮਾਹਿਲਪੁਰ ਤੋਂ ਮਹਿਜ਼ 2 ਕਿੱਲੋਮੀਟਰ ਦੀ ਵਿੱਥ ਤੇ ਹੈ।

ਪੇਸ਼ੇ ਵਜੋਂ ਅਧਿਆਪਕ ਸ਼੍ਰੀ ਅਰਵਿੰਦਰ ਸਿੰਘ ਅਤੇ ਉਨ੍ਹਾਂਂ ਦੀ ਧਰਮ ਪਤਨੀ ਸ਼੍ਰੀਮਤੀ ਚਰਨਜੀਤ ਕੌਰ ਦਾ ਇਹ ਹੋਣਹਾਰ ਸਪੁੱਤਰ ਆਪਣੀ ਕਾਮਯਾਬੀ ਲਈ ਪ੍ਰਮਾਤਮਾ ਦਾ ਸ਼ੁਕਰ ਮਨਾਉਂਦਾ ਹੋਇਆ, ਇਸ ਨੂੰ ਆਪਣੇ ਪਰਿਵਾਰ ਅਤੇ ਅਧਿਆਪਕਾਂ ਦੀ ਅਸੀਸ ਮੰਨ ਕੇ ਸਤਿਕਾਰਦਾ ਹੈ। ਜੇਕਰ ਅਰਸ਼ਦੀਪ ਸਿੰਘ ਦੇ ਵਿੱਦਿਅਕ ਸਫ਼ਰ ਦੀ ਸ਼ੁਰੂਆਤ ਦੀ ਗੱਲ ਕਰੀਏ ਤਾਂ ਉਸ ਨੇ ਆਪਣੀ ਅੱਠਵੀਂ ਤੱਕ ਦੀ ਪੜਾਈ ਮਾਹਿਲਪੁਰ ਦੇ ਗੁਰੂ ਨਾਨਕ ਨੈਸ਼ਨਲ ਪਬਲਿਕ ਸਕੂਲ ਤੋਂ ਪ੍ਰਾਪਤ ਕੀਤੀ। ਇਸ ਤੋਂ ਬਾਅਦ, ਉਸ ਨੇ ਸੈਨਿਕ ਸਕੂਲ ਕਪੂਰਥਲਾ ਤੋਂ ਨਾਨ ਮੈਡੀਕਲ ਵਿਸ਼ੇ ਨਾਲ ਬਾਰ੍ਹਵੀਂ ਪਾਸ ਕਰਨ ਉੱਪਰੰਤ ਐਨ.ਡੀ.ਏ ਦੀ ਪ੍ਰਵੇਸ਼ ਪ੍ਰੀਖਿਆ ਦਿੱਤੀ, ਜਿਸ ਵਿੱਚ ਉਸ ਦੀ ਸਫਲਤਾ ਨੇ ਇਹ ਸਿੱਧ ਕਰ ਦਿੱਤਾ ਕਿ ਜੇਕਰ ਇਨਸਾਨ ਕੁੱਝ ਕਰਨ ਦਾ ਅਹਿਦ ਆਪਣੇ ਮਨ ਅੰਦਰ ਧਾਰ ਲਏ, ਤਾਂ ਕੁਦਰਤ ਵੀ ਉਸ ਦੀ ਸਹਾਇਤਾ ਕਰਦੀ ਹੈ। ਐਨ.ਡੀ.ਏ ਦੀ ਦੀ ਤਿਆਰੀ ਕਰਨ ਦੇ ਨਾਲ-ਨਾਲ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਮਾਹਿਲਪੁਰ ਤੋਂ ਆਪਣੀ ਗਰੈਜੂਏਸ਼ਨ ਦੀ ਪੜਾਈ ਵੀ ਕਰ ਰਿਹਾ ਸੀ।

      ਫੁੱਟਬਾਲ ਖੇਡਣ ਅਤੇ ਕਿਤਾਬਾਂ ਪੜ੍ਹਨ ਦਾ ਸ਼ੋਕ ਰੱਖਣ ਵਾਲਾ ਇਹ ਨੌਜਵਾਨ, ਭਾਰਤੀ ਫੌਜ਼ ਵਿੱਚ ਆਪਣੀ ਮਿਹਨਤ ਨਾਲ ਉੱਚ ਅਹੁਦਿਆਂ ਉਪਰ ਪਹੁੰਚਣ ਦਾ ਚਾਹਵਾਨ ਹੈ। ਆਪਣੀ ਜ਼ਿੰਦਗੀ ਵਿੱਚ ਪ੍ਰੇਰਨਾ ਸਰੋਤ ਉਹ ਪਰਮਵੀਰ ਵਿਜੇਤਾ ਸੇਵਾ ਮੁਕਤ ਆਨਰੇਰੀ ਕੈਪਟਨ ਸ. ਬਾਨਾ ਸਿੰਘ ਨੂੰ ਮੰਨਦਾ ਹੈ। ਜ਼ਿਕਰਯੋਗ ਹੈ ਕਿ ਬਾਨਾ ਸਿੰਘ ਜੀ ਨੂੰ ਸਿਆਚਿਨ ਵਿੱਚ ‘ਓਪਰੇਸ਼ਨ ਰਾਜੀਵ’ ਦੌਰਾਨ ਵਿਖਾਈ ਗਈ ਸੂਰਬੀਰਤਾ ਕਾਰਨ ਭਾਰਤੀ ਸੈਨਾ ਦੇ ਸਭ ਤੋਂ ਵੱਡੇ ਸਨਮਾਨ ਪਰਮਵੀਰ ਚੱਕਰ ਨਾਲ 1988 ਵਿੱਚ ਸਨਮਾਨਿਆ ਗਿਆ। ਆਪਣੇ ਇਸ ਪ੍ਰੇਰਨਾ ਸ਼ਖ਼ਸੀਅਤ ਨੂੰ ਅਰਸ਼ਦੀਪ ਸਿੰਘ ਜਦੋਂ ਦਸਵੀਂ ਜਮਾਤ ਵਿੱਚ ਮਿਲਿਆ ਤਾਂ ਇਸ ਮੁਲਾਕਾਤ ਦਾ ਉਸ ਦੇ ਜੀਵਨ ਉੱਪਰ ਸਕਾਰਾਤਮਿਕ ਪ੍ਰਭਾਵ ਪਿਆ। ਅਰਸ਼ਦੀਪ ਸਿੰਘ ਨੇ ਸੈਨਿਕ ਸਕੂਲ ਪੜ੍ਹਦੇ ਹੀ ਆਪਣਾ ਮਨ ਭਾਰਤੀ ਫੌਜ਼ ਵਿੱਚ ਜਾਣ ਦਾ ਬਣਾ ਲਿਆ ਸੀ। ਜੋ ਕਿ ਹੁਣ ਹਕੀਕਤ ਵਿੱਚ ਹੋਣ ਜਾ ਰਿਹਾ ਹੈ। ਉਹ ਆਪਣੀ ਇਸ ਉਪਲਬਧੀ ਸਮੇਂ ਆਪਣੇ ਅਧਿਆਪਕ ਚਾਚੇ-ਚਾਚੀ ਸ੍ਰੀ ਗੁਰਵਿੰਦਰਪਾਲ ਸਿੰਘ ਅਤੇ ਸ਼੍ਰੀਮਤੀ ਮਨਪ੍ਰੀਤ ਕੌਰ ਦਾ ਜ਼ਿਕਰ ਕਰਨੋਂ ਵੀ ਨਹੀਂ ਭੁੱਲਦਾ, ਜਿੰਨਾ ਨੇ ਆਪਣੇ ਨਿੱਜੀ ਤਜਰਬੇ ਰਾਹੀ ਉਸ ਨੂੰ ਹਮੇਸ਼ਾ ਅੱਗੇ ਵਧਣ ਦੀ ਪ੍ਰੇਰਨਾ ਦਿੱਤੀ।

ਜਿੱਥੇ ਅੱਜ ਦੇ ਪੰਜਾਬੀ ਨੌਜਵਾਨ ਪੜ੍ਹ-ਲਿਖ ਕੇ ਪਰਵਾਸ ਨੂੰ ਤਰਜੀਹ ਦੇ ਰਹੇ ਹਨ ਉੱਥੇ ਅਰਸ਼ਦੀਪ ਦੇ ਕਹਿਣ ਮੁਤਾਬਿਕ ਜੇਕਰ ਆਪਣੇ ਦੇਸ ਵਿਚ ਸਖਤ ਮਿਹਨਤ ਕਰਨ ਨਾਲ ਜ਼ਿੰਦਗੀ ਵਿੱਚ ਉੱਚਾ ਮੁਕਾਮ ਮਿਲਦਾ ਹੋਵੇ ਤਾਂ ਵਿਦੇਸ਼ ਦੀ ਬਜਾਏ ਆਪਣੇ ਦੇਸ਼ ਨੂੰ ਹੀ ਪਹਿਲ ਦੇਣੀ ਚਾਹੀਦੀ ਹੈ। ਇਸ ਨੌਜਵਾਨ ਨਾਲ ਗੱਲਬਾਤ ਕਰਨ ਤੋਂ ਬਾਅਦ ਉਸ ਵਿੱਚ ਮਿਹਨਤ, ਦ੍ਰਿੜ੍ਹ ਇਰਾਦੇ, ਸਬਰ, ਲਗਨ, ਅਣਖ ਅਤੇ ਸਵੈ-ਵਿਸ਼ਵਾਸ ਵਾਲੇ ਇਖ਼ਲਾਕੀ ਗੁਣ ਆਪ-ਮੁਹਾਰੇ ਝਲਕ ਪੈਂਦੇ ਹਨ। ਅੱਜ ਦੇ ਸਮੇਂ ਪੰਜਾਬ ਨੂੰ ਅਜਿਹੇ ਹੀ ਸਿਰੜੀ ਅਤੇ ਮਿਹਨਤੀ ਨੌਜਵਾਨਾ ਦੀ ਲੋੜ ਮਹਿਸੂਸ ਹੋ ਰਹੀ ਹੈ ਜੋ ਕਿ ਆਉਣ ਵਾਲੀ ਨਵੀ ਪੀੜੀ ਦਾ ਚਾਨਣ -ਮੁਨਾਰਾ ਬਣ ਕੇ, ਉਨ੍ਹਾ ਦਾ ਰਾਹ ਰੁਸ਼ਨਾ ਸਕਣ…ਆਮੀਨ!

ਜਗਜੀਤ ਸਿੰਘ ਗਨੇਸ਼ਪੁਰ,
ਗਨੇਸ਼ਪੁਰ ਭਾਰਟਾ, ਹੁਸ਼ਿਆਰਪੁਰ
ਮੋਬਾਇਲ-94655-76022

Previous articleਪ੍ਰਿੰਸ ਹੈਰੀ ਨੇ ਛੱਡਿਆ ਯੂਕੇ, ਪਤਨੀ ਤੇ ਬੇਟੇ ਨਾਲ ਕੈਨੇਡਾ ‘ਚ ਰਹਿਣਗੇ
Next articleਸ਼ਾਹੀਨ ਬਾਗ ਦੀਆਂ ਬਹਾਦਰ ਔਰਤਾਂ