ਆਈਪੀਐੱਲ ਦੇ ਖੇਡੇ ਮੈਚ ਵਿੱਚ ਰੌਇਲ ਚੈਲੰਜਰਜ਼ ਬੰਗਲੌਰ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ 10 ਦੌੜਾਂ ਨਾਲ ਹਰਾ ਦਿੱਤਾ ਹੈ। ਬੰਗਲੌਰ ਦੀ ਜਿੱਤ ਵਿੱਚ ਕਪਤਾਨ ਵਿਰਾਟ ਕੋਹਲੀ ਵੱਲੋਂ ਬਣਾਏ ਸੈਂਕੜੇ ਨੇ ਵਿਸ਼ੇਸ਼ ਯੋਗਦਾਨ ਪਾਇਆ। ਇਸ ਤੋਂ ਇਲਾਵਾ ਮੁਈਨ ਅਲੀ 66 ਦੌੜਾਂ ਬਣਾਉਣ ਵਿੱਚ ਕਾਮਯਾਬ ਰਿਹਾ ਅਤੇ ਇਸ ਤਰ੍ਹਾਂ ਬੰਗਲੌਰ ਨੇ 4 ਵਿਕਟਾਂ ਪਿੱਛੇ 213 ਦੌੜਾਂ ਦਾ ਸਕੋਰ ਬਣਾਇਆ। ਇਸ ਦੇ ਜਵਾਬ ਵਿੱਚ 214 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉੱਤਰੀ ਕੋਲਕਾਤਾ ਨਾਈਟ ਰਾਈਡਰਜ਼ 20 ਓਵਰਾਂ ਵਿੱਚ ਪੰਜ ਵਿਕਟਾਂ ਉੱਤੇ 203 ਦੌੜਾਂ ਬਣਾ ਕੇ ਆਊਟ ਹੋ ਗਈ।
ਕਪਤਾਨ ਵਿਰਾਟ ਕੋਹਲੀ ਦੇ ਪੰਜਵੇਂ ਸੈਂਕੜੇ ਅਤੇ ਮੋਈਨ ਅਲੀ ਦੀ ਤੂਫ਼ਾਨੀ ਪਾਰੀ ਦੀ ਬਦੌਲਤ ਰੌਇਲ ਚੈਲੰਜਰਜ਼ ਬੰਗਲੌਰ ਨੇ ਹੌਲੀ ਸ਼ੁਰੂਆਤ ਤੋਂ ਉਭਰਦਿਆਂ ਕੋਲਕਾਤਾ ਨਾਈਟ ਰਾਈਡਰਜ਼ ਖ਼ਿਲਾਫ਼ ਚਾਰ ਵਿਕਟਾਂ ’ਤੇ 213 ਦੌੜਾਂ ਦਾ ਸਕੋਰ ਬਣਾਇਆ। ਕੋਹਲੀ ਨੇ 58 ਗੇਂਦਾਂ ’ਤੇ 100 ਦੌੜਾਂ ਬਣਾਈਆਂ, ਜਿਸ ਵਿੱਚ ਨੌਂ ਚੌਕੇ ਅਤੇ ਚਾਰ ਛੱਕੇ ਸ਼ਾਮਲ ਹਨ। ਮੋਈਨ ਅਲੀ ਨੇ ਸਿਰਫ਼ 28 ਗੇਂਦਾਂ ’ਤੇ ਪੰਜ ਚੌਕਿਆਂ ਅਤੇ ਛੇ ਛੱਕਿਆਂ ਦੀ ਮਦਦ ਨਾਲ 66 ਦੌੜਾਂ ਬਣਾਈਆਂ। ਇਨ੍ਹਾਂ ਦੋਵਾਂ ਦੇ ਯਤਨ ਨਾਲ ਬੰਗਲੌਰ ਆਖ਼ਰੀ ਦਸ ਓਵਰਾਂ ਵਿੱਚ 143 ਦੌੜਾਂ ਬਣਾਉਣ ਵਿੱਚ ਸਫਲ ਰਿਹਾ। ਇਸ ਵਿੱਚ 91 ਦੌੜਾਂ ਆਖ਼ਰੀ ਪੰਜ ਓਵਰਾਂ ਵਿੱਚ ਬਣੀਆਂ। ਕੋਹਲੀ ਨੇ ਸ਼ੁਰੂ ਤੋਂ ਜ਼ਿੰਮੇਵਾਰੀ ਸੰਭਾਲ ਰੱਖੀ ਸੀ। ਬੰਗਲੌਰ ਨੇ ਸ਼ੁਰੂ ਵਿੱਚ ਪਾਰਥਿਵ ਪਟੇਲ (11 ਦੌੜਾਂ) ਅਤੇ ਅਕਸ਼ਦੀਪ ਨਾਥ (13 ਦੌੜਾਂ) ਦੀਆਂ ਵਿਕਟਾਂ ਗੁਆ ਲਈ। ਇਸ ਤਰ੍ਹਾਂ ਬੰਗਲੌਰ ਦਾ ਨੌਂ ਓਵਰਾਂ ਮਗਰੋਂ ਸਕੋਰ ਦੋ ਵਿਕਟਾਂ ’ਤੇ 60 ਦੌੜਾਂ ਸੀ। ਮੋਈਨ ਅਲੀ ਨੇ ਆਉਂਦਿਆਂ ਦੌੜਾਂ ਦੀ ਗਤੀ ਤੇਜ਼ ਕਰ ਦਿੱਤੀ ਅਤੇ ਮੈਚ ਦਾ ਦ੍ਰਿਸ਼ ਹੀ ਬਦਲ ਗਿਆ। ਮੋਈਨ ਦੇ ਆਊਟ ਹੋਣ ਮਗਰੋਂ ਕੋਹਲੀ ਨੇ ਹਮਲਾਵਰ ਰੁਖ਼ ਅਪਣਾਇਆ। ਉਸ ਨੇ ਮਾਰਕਸ ਸਟੌਈਨਿਸ (ਨਾਬਾਦ 17 ਦੌੜਾਂ) ਨਾਲ ਚੌਥੀ ਵਿਕਟ ਲਈ 64 ਦੌੜਾਂ ਦੀ ਭਾਈਵਾਲੀ ਕੀਤੀ। ਆਂਦਰੇ ਰੱਸਲ ਹੀ ਕੋਲਕਾਤਾ ਲਈ ਕਿਫ਼ਾਇਤੀ ਗੇਂਦਬਾਜ਼ ਰਿਹਾ। ਉਸ ਨੇ ਤਿੰਨ ਓਵਰਾਂ ਵਿੱਚ 17 ਦੌੜਾਂ ਦੇ ਕੇ ਇੱਕ ਵਿਕਟ ਲਈ। ਚਾਵਲਾ ਤੋਂ ਸਿਰਫ਼ ਇੱਕ ਓਵਰ ਕਰਵਾਇਆ ਗਿਆ, ਜਦਕਿ ਕੁਲਦੀਪ ਨੇ ਚਾਰ ਓਵਰਾਂ ਵਿੱਚ 59 ਦੌੜਾਂ ਦਿੱਤੀਆਂ। ਪੀਯੂਸ਼ ਚਾਵਲਾ ਅਤੇ ਪ੍ਰਸਿੱਧ ਕ੍ਰਿਸ਼ਨਾ ਨੂੰ ਛੱਡ ਕੇ ਬਾਕੀ ਚਾਰ ਗੇਂਦਬਾਜ਼ਾਂ (ਹੈਰੀ ਗੁਰਨੇ, ਸੁਨੀਲ ਨਾਰਾਇਣ, ਆਂਦਰੇ ਰੱਸਲ ਤੇ ਕੁਲਦੀਪ ਯਾਦਵ) ਨੇ ਇੱਕ-ਇੱਕ ਵਿਕਟ ਲਈ।
Sports ਆਈਪੀਐੱਲ: ਆਰਸੀਬੀ ਨੇ ਕੇਕੇਆਰ ਨੂੰ ਹਰਾਇਆ