ਲਾਪਤਾ ਹੋਏ ਵਪਾਰੀ ਦੀ ਕਾਰ ਗੰਗ ਕੈਨਾਲ ’ਚੋਂ ਮਿਲੀ

ਜਲਾਲਾਬਾਦ ਤੋਂ ਲੰਘੇ ਵੀਰਵਾਰ ਤੋਂ ਲਾਪਤਾ ਵਪਾਰੀ ਸੁਮਨ ਮੁਟਨੇਜਾ ਦੀ ਕਾਰ ਪੁਲੀਸ ਨੇ ਅੱਜ ਬਾਅਦ ਦੁਪਹਿਰ ਪਿੰਡ ਖੁੜੰਜ ਨੇੜੇ ਗੰਗਕੈਨਾਲ ’ਚੋਂ ਬਰਾਮਦ ਕਰ ਲਈ ਹੈ ਪਰ ਲਾਪਤਾ ਹੋਏ ਵਪਾਰੀ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।
ਜਾਣਕਾਰੀ ਅਨੁਸਾਰ ਪੁਲੀਸ ਪ੍ਰਸ਼ਾਸਨ ਨੂੰ ਸ਼ੁੱਕਰਵਾਰ ਸ਼ਾਮ ਗੰਗਕੈਨਾਲ ਵਿੱਚ ਕਾਰ ਪਈ ਹੋਣ ਦੀ ਸੂਚਨਾ ਮਿਲੀ ਸੀ। ਉਦੋਂ ਤੋਂ ਹੀ ਪੁਲੀਸ ਵਲੋਂ ਗੋਤਾਖੋਰਾਂ ਦੀ ਮੱਦਦ ਨਾਲ ਕਾਰ ਦੀ ਤਲਾਸ਼ ਕੀਤੀ ਜਾ ਰਹੀ ਸੀ। ਰਾਤ ਨੂੰ ਕਾਰ ਨਹਿਰ ਵਿੱਚ ਪਈ ਹੋਣ ਦੀ ਪੁਸ਼ਟੀ ਹੋ ਗਈ ਸੀ ਪਰ ਹਨੇਰੇ ਵਿੱਚ ਕਾਰ ਬਾਹਰ ਨਹੀਂ ਕੱਢੀ ਜਾ ਸਕੀ। ਅੱਜ ਪੁਲੀਸ ਪ੍ਰਸ਼ਾਸਨ ਨੇ ਆਈ-20 ਕਾਰ ਨਹਿਰ ’ਚੋਂ ਬਾਹਰ ਕੱਢੀ। ਕਾਰ ਦੀਆਂ ਬਾਰੀਆਂ ਦੇ ਸ਼ੀਸ਼ੇ ਅਤੇ ਪਿਛਲੀ ਡਿੱਗੀ ਖੁੱਲ੍ਹੀ ਹੋਈ ਸੀ। ਪੁਲੀਸ ਅਨੁਸਾਰ ਇਸ ਕਾਰ ਨੂੰ ਰੋੜ੍ਹ ਕੇ ਨਹਿਰ ਵਿੱਚ ਸੁੱਟਿਆ ਗਿਆ ਹੈ। ਦੱਸਣਯੋਗ ਹੈ ਕਿ ਜਲਾਲਾਬਾਦ ਵਿੱਚ ਖਾਦ ਅਤੇ ਕੀਟਨਾਸ਼ਕ ਦਵਾਈਆਂ ਦਾ ਡੀਲਰ ਸੁਮਨ ਮੁਟਨੇਜਾ ਵੀਰਵਾਰ ਸ਼ਾਮ ਨੂੰ ਆਪਣੀ ਕਾਰ (ਨੰਬਰ ਪੀਬੀ 22 ਕੇ 4045) ’ਤੇ ਸਵਾਰ ਹੋ ਕੇ ਘਰ ਵੱਲ ਗਿਆ ਸੀ ਪਰ ਰਸਤੇ ਵਿੱਚ ਗਾਇਬ ਹੋ ਗਿਆ।
ਪੁਲੀਸ ਵਲੋਂ ਕੀਤੀ ਗਈ ਮੁੱਢਲੀ ਜਾਂਚ ਤੋਂ ਬਾਅਦ ਪਤਾ ਲੱਗਿਆ ਹੈ ਕਿ ਸੁਮਨ ਮੁਟਨੇਜਾ ਦੀ ਕਾਰ ਰਸਤੇ ਵਿੱਚ ਰੋਕ ਕੇ ਗਾਇਬ ਕੀਤੀ ਗਈ। ਇੱਕ ਸੀਸੀਟੀਵੀ ਫੁਟੇਜ ਵਿੱਚ ਨਜ਼ਰ ਆ ਰਿਹਾ ਹੈ ਕਿ ਇਸ ਘਟਨਾ ਨੂੰ ਅੰਜਾਮ ਦੇਣ ਲਈ ਪਹਿਲਾਂ ਸਵਿੱਫਟ ਡਿਜ਼ਾਇਰ ਕਾਰ ਸੜਕ ’ਤੇ ਰੋਕੀ ਗਈ ਸੀ ਅਤੇ ਕਾਰ ਖ਼ਰਾਬ ਹੋਣ ਦਾ ਬਹਾਨਾ ਬਣਾ ਕੇ ਬੋਨਟ ਚੁੱਕਿਆ ਗਿਆ। ਇਨ੍ਹਾਂ ਕਾਰ ਸਵਾਰਾਂ ਨੇ ਸੁਮਨ ਮੁਟਨੇਜਾ ਦੀ ਕਾਰ ਨੂੰ ਹੱਥ ਦੇ ਕੇ ਰੋਕਿਆ। ਪਹਿਲਾਂ ਦੋ ਵਿਅਕਤੀ ਸੁਮਨ ਮੁਟਨੇਜਾ ਦੀ ਕਾਰ ਕੋਲ ਗਏ ਅਤੇ ਬਾਅਦ ਵਿੱਚ ਉਨ੍ਹਾਂ ’ਚ ਇੱਕ ਵਿਅਕਤੀ ਵਾਪਸ ਆ ਗਿਆ। ਬਾਅਦ ਵਿੱਚ ਦੋਵੇਂ ਕਾਰਾਂ ਹੋਰ ਰਸਤੇ ਰਾਹੀਂ ਤੋਰ ਦਿੱਤੀਆਂ ਗਈਆਂ। ਸੀਸੀਟੀਵੀ ਫੁਟੇਜ ਵਿੱਚ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਫੋਨ ਉਪਰ ਗੱਲ ਕਰਦਾ ਨਜ਼ਰ ਆ ਰਿਹਾ ਹੈ।

Previous articleਆਈਪੀਐੱਲ: ਆਰਸੀਬੀ ਨੇ ਕੇਕੇਆਰ ਨੂੰ ਹਰਾਇਆ
Next articleਕੈਪਟਨ ਵੱਲੋਂ ਐੱਸਐੱਮਐੱਸ ਜਨਤਕ ਕਰਨ ’ਤੇ ਭੜਕੇ ਬਰਾੜ