ਆਈਓਸੀ ’ਤੇ ਖੇਡ ਕੁੰਭ ਰੱਦ ਕਰਨ ਦਾ ਦਬਾਅ ਵਧਿਆ

ਅਮਰੀਕਾ ਦੇ ਪ੍ਰਭਾਵਸ਼ਾਲੀ ਟਰੈਕ ਐਂਡ ਫੀਲਡ ਫੈਡਰੇਸ਼ਨ ਨੇ ਵੀ ਓਲੰਪਿਕ ਖੇਡਾਂ ਮੁਲਤਵੀ ਕਰਨ ਦੀ ਅਪੀਲ ਕੀਤੀ ਹੈ। ਇਸ ਤਰ੍ਹਾਂ ਕੌਮਾਂਤਰੀ ਓਲੰਪਿਕ ਕਮੇਟੀ (ਆਈਓਸੀ) ’ਤੇ ਓਲੰਪਿਕ ਖੇਡਾਂ-2020 ਨੂੰ ਟਾਲਣ ਦਾ ਦਬਾਅ ਵਧ ਗਿਆ ਹੈ, ਜੋ ਜਾਪਾਨ ਦੇ ਸ਼ਹਿਰ ਟੋਕੀਓ ਵਿੱਚ ਹੋਣੀਆਂ ਹਨ। ਓਲੰਪਿਕ ਵਿੱਚ ਹਿੱਸਾ ਲੈਣ ਵਾਲੇ ਸੰਭਾਵੀ ਖਿਡਾਰੀਆਂ ਦੇ ਗਰੁੱਪ ‘ਗਲੋਬਲ ਅਥਲੀਟ’ ਨੇ ਵੀ ਇਸ ਖੇਡ ਕੁੰਭ ਨੂੰ ਅੱਗੇ ਪਾਉਣ ਦੀ ਅਪੀਲ ਦਾ ਸਮਰਥਨ ਕੀਤਾ ਹੈ। ਇਸ ਦੌਰਾਨ ਆਈਓਸੀ ਨੇ ਆਪਣੇ ਮੈਂਬਰ ਦੇਸ਼ਾਂ ਨੂੰ ਖਿਡਾਰੀਆਂ ਦੀਆਂ ਤਿਆਰੀਆਂ ’ਤੇ ਕਰੋਨਾਵਾਇਰਸ ਦੇ ਪੈ ਰਹੇ ਪ੍ਰਭਾਵ ਬਾਰੇ ਪੁੱਛਿਆ ਹੈ।
ਅਮਰੀਕਾ ਦੇ ਟਰੈਕ ਐਂਡ ਫੀਲਡ ਫੈਡਰੇਸ਼ਨ (ਯੂਐੱਸਏਟੀਐੱਫ) ਉਨ੍ਹਾਂ ਪ੍ਰਭਾਵਸ਼ਾਲੀ ਖੇਡ ਫੈਡਰੇਸ਼ਨਾਂ ਵਿੱਚ ਸ਼ਾਮਲ ਹੋ ਗਿਆ ਹੈ, ਜਿਨ੍ਹਾਂ ਨੇ ਖੇਡਾਂ ਨੂੰ ਮੁਲਤਵੀ ਕਰਨ ਲਈ ਕਿਹਾ ਹੈ। ਫੈਡਰੇਸ਼ਨ ਦੇ ਪ੍ਰਧਾਨ ਮੈਕਸ ਸੀਗਲ ਨੇ ਆਪਣੇ ਪੱਤਰ ਵਿੱਚ ਕਿਹਾ ਹੈ ਕਿ ਅਮਰੀਕੀ ਓਲੰਪਿਕ ਅਤੇ ਪੈਰਾਓਲੰਪਿਕ ਕਮੇਟੀ (ਯੂਐੱਸਓਪੀਸੀ) ਨੂੰ ਟੋਕੀਓ ਓਲੰਪਿਕ ਖੇਡਾਂ-2020 ਨੂੰ ਮੁਲਤਵੀ ਕਰਨ ਦੀ ਵਕਾਲਤ ਕਰਨੀ ਚਾਹੀਦੀ ਹੈ। ਯੂਐੱਸਓਪੀਸੀ ਨੇ ਕਿਹਾ ਸੀ ਕਿ 24 ਜੁਲਾਈ ਤੋਂ 9 ਅਗਸਤ ਤੱਕ ਹੋਣ ਵਾਲੀਆਂ ਖੇਡਾਂ ਮੁਲਤਵੀ ਕਰਨ ਦਾ ਫ਼ੈਸਲਾ ਅਜੇ ਜਲਦਬਾਜ਼ੀ ਹੋਵੇਗੀ। ਆਈਓਸੀ ਦੇ ਪ੍ਰਮੁੱਖ ਥੌਮਸ ਬਾਕ ਵੀ ਪਹਿਲਾਂ ਇਸੇ ਤਰ੍ਹਾਂ ਦਾ ਬਿਆਨ ਦੇ ਚੁੱਕੇ ਹਨ। ਸੀਗਲ ਨੇ ਆਪਣੇ ਪੱਤਰ ਵਿੱਚ ਲਿਖਿਆ, ‘‘ਹਰੇਕ ਦੀ ਸਿਹਤ ਅਤੇ ਸੁਰੱਖਿਆ ਨੂੰ ਪਹਿਲ ਦੇਣਾ ਸਹੀ ਅਤੇ ਜ਼ਿੰਮੇਵਾਰੀ ਵਾਲਾ ਕਦਮ ਹੋਵੇਗਾ। ਖ਼ਾਸ ਕਰਕੇ ਇਸ ਮੁਸ਼ਕਲ ਘੜੀ ਦੌਰਾਨ ਪੈਣ ਵਾਲੇ ਪ੍ਰਭਾਵ ਨੂੰ ਪਛਾਨਣਾ ਜੋ ਸਾਡੇ ਖਿਡਾਰੀਆਂ ਅਤੇ ਓਲੰਪਿਕ ਦੀਆਂ ਤਿਆਰੀਆਂ ’ਤੇ ਪੈ ਰਿਹਾ ਹੈ।’’
ਯੂਐੱਸਏਟੀਐੱਫ ਤੋਂ ਇੱਕ ਦਿਨ ਪਹਿਲਾਂ ਅਮਰੀਕਾ ਦੀ ਤੈਰਾਕੀ ਫੈਡਰੇਸ਼ਨ ਨੇ ਯੂਐੱਸਓਪੀਸੀ ਨੂੰ ਓਲੰਪਿਕ ਖੇਡਾਂ ਨੂੰ 2021 ਤੱਕ ਟਾਲਣ ਦਾ ਸਮਰਥਨ ਕਰਨ ਲਈ ਕਿਹਾ ਸੀ। ਫਰਾਂਸ ਦੀ ਤੈਰਾਕੀ ਫੈਡਰੇਸ਼ਨ ਨੇ ਵੀ ਉਸ ਦੀ ‘ਹਾਂ’ ਵਿੱਚ ‘ਹਾਂ’ ਮਿਲਾਉਂਦਿਆਂ ਕਿਹਾ ਸੀ ਕਿ ਮੌਜੂਦਾ ਹਾਲਾਤਾਂ ਵਿੱਚ ਟੂਰਨਾਮੈਂਟ ਕਰਵਾਉਣਾ ਸਹੀ ਨਹੀਂ ਹੋ ਸਕਦਾ ਹੈ। ਸਪੇਨ ਦੇ ਅਥਲੈਟਿਕਸ ਫੈਡਰੇਸ਼ਨ ਨੇ ਫਿਰ ਖੇਡਾਂ ਨੂੰ ਟਾਲਣ ਲਈ ਆਪਣੀ ਆਵਾਜ਼ ਚੁੱਕੀ। ਉਸ ਨੇ ਬਿਆਨ ਵਿੱਚ ਕਿਹਾ, “ਰੌਇਲ ਸਪੈਨਿਸ਼ ਅਥਲੈਟਿਕਸ ਫੈਡਰੇਸ਼ਨ (ਆਰਐੱਫਈਏ) ਦੇ ਨਿਰਦੇਸ਼ਕਾਂ ਦਾ ਬੋਰਡ ਸਪੇਨ ਦੇ ਜ਼ਿਆਦਾਤਰ ਖਿਡਾਰੀਆਂ ਤਰਫੋਂ ਟੋਕੀਓ ਓਲੰਪਿਕ ਖੇਡਾਂ-2020 ਨੂੰ ਮੁਲਤਵੀ ਕਰਨ ਦੀ ਵਕਾਲਤ ਕਰਦਾ ਹੈ।” ਨਾਰਵੇ ਓਲੰਪਿਕ ਕਮੇਟੀ (ਐੱਨਓਸੀ) ਨੇ ਕਿਹਾ ਕਿ ਉਸ ਨੇ ਸ਼ੁੱਕਰਵਾਰ ਨੂੰ ਆਈਓਸੀ ਨੂੰ ਇੱਕ ਪੱਤਰ ਭੇਜਿਆ ਹੈ। ਐੱਨਓਸੀ ਨੇ ਕਿਹਾ, ‘‘ਸਾਡੀਆਂ ਸਪੱਸ਼ਟ ਸਿਫਾਰਿਸ਼ਾਂ ਹਨ ਕਿ ਜਦੋਂ ਤੱਕ ਵਿਸ਼ਵ ਪੱਧਰ ’ਤੇ ਕੋਵਿਡ-19 ਕਾਬੂ ਹੇਠ ਨਹੀਂ ਆਉਂਦਾ, ਉਦੋਂ ਤੱਕ ਟੋਕੀਓ ਓਲੰਪਿਕ ਖੇਡਾਂ ਕਰਵਾਈਆਂ ਨਾ ਜਾਣ।’’ ਬ੍ਰਿਟੇਨ ਦੀ ਅਥਲੈਟਿਕਸ ਫੈਡਰੇਸ਼ਨ ਦੇ ਨਵੇਂ ਮੁਖੀ ਨੇ ਵੀ ਕੋਵਿਡ -19 ਬਾਰੇ ਬੇਯਕੀਨੀ ਵਾਲੇ ਮਾਹੌਲ ਵਿੱਚ ਓਲੰਪਿਕ ਖੇਡਾਂ ਸਬੰਧੀ ਸਵਾਲ ਉਠਾਏ ਹਨ। ਕੋਵਿਡ-19 ਕਾਰਨ ਦੁਨੀਆਂ ਭਰ ਵਿੱਚ 13 ਹਜ਼ਾਰ ਦੇ ਲਗਪਗ ਜਾਨਾਂ ਜਾ ਚੁੱਕੀਆਂ ਹਨ। ਇਸ ਦੌਰਾਨ ਆਈਓਸੀ ਨੇ ਆਪਣੇ ਮੈਂਬਰ ਦੇਸ਼ਾਂ ਨੂੰ ਖਿਡਾਰੀਆਂ ਦੀਆਂ ਤਿਆਰੀਆਂ ’ਤੇ ਕਰੋਨਾਵਾਇਰਸ ਦੇ ਪੈ ਰਹੇ ਪ੍ਰਭਾਵ ਬਾਰੇ ਪੁੱਛਿਆ ਹੈ।
ਆਈਓਸੀ ਨੇ ਇੱਕ ਪ੍ਰਸ਼ਨੋਤਰੀ ਤਿਆਰ ਕੀਤੀ ਹੈ, ਜਿਸ ਦਾ ਸਿਰਲੇਖ ‘ਕੋਵਿਡ-19 ਅਤੇ ਟੋਕੀਓ 2020 ਓਲੰਪਿਕ ਖੇਡਾਂ ਲਈ ਤਿਆਰੀਆਂ’ ਹੈ। ਇਸ ਵਿੱਚ ਆਪਣੇ ਮੈਂਬਰ ਦੇਸ਼ਾਂ ਦੀਆਂ ਓਲੰਪਿਕ ਕਮੇਟੀਆਂ ਤੋਂ ਪੁੱਛਿਆ ਹੈ ਹੈ ਕਿ ‘ਕੋਵਿਡ-19 ਨਾਲ ਸਬੰਧਿਤ ਐਮਰਜੈਂਸੀ ਦਿਸ਼ਾ-ਨਿਰਦੇਸ਼ ਤੁਹਾਡੇ ਖਿਡਾਰੀਆਂ ਦੀ ਸਿਖਲਾਈ ਅਤੇ ਤਿਆਰੀਆਂ ਨੂੰ ਕਿਵੇਂ ਸੀਮਿਤ ਕਰਦੇ ਹਨ।’’ ਆਈਓਸੀ ਨੇ ਆਪਣੀ ਪ੍ਰਸ਼ਨੋਤਰੀ ਵਿੱਚ ਅਭਿਆਸ ਕੈਂਪਾਂ ਨੂੰ ਬਦਲਣ ਜਾਂ ਬਦਲਵੇਂ ਥਾਂ ’ਤੇ ਕਰਵਾਉਣ ਦੀ ਸੰਭਾਵਨਾ ਬਾਰੇ ਪੁੱਛਿਆ ਹੈ। ਹਾਲਾਂਕਿ ਕਮੇਟੀ ਨੇ ਇਹ ਨਹੀਂ ਦੱਸਿਆ ਕਿ ਉਹ ਇਸ ਸਬੰਧੀ ਮਿਲਣ ਵਾਲੇ ਜਵਾਬਾਂ ਦਾ ਕੀ ਕਰੇਗੀ। 

Previous articleJ&K leader urges Shah to release Kashmiri detainees
Next articleਕਰੋਨਾਵਾਇਰਸ ਨੇ ਘਰਾਂ ’ਚ ਬੰਦ ਕੀਤੇ ਇੱਕ ਅਰਬ ਲੋਕ