ਅੰਮ੍ਰਿਤਸਰ :- ਭਾਰਤ ਦੀ ਆਜ਼ਾਦੀ ਲਹਿਰ ਵਿੱਚ ਅਮਰੀਕਾ ਵਿੱਚ ਸ਼ੁਰੂ ਕੀਤੀ ਗਈ ਗਦਰ ਪਾਰਟੀ ਦਾ ਵਿਸ਼ੇਸ਼ ਸਥਾਨ ਹੈ, ਇਸ ਲਈ ਇਸ ਪਾਰਟੀ ਦੇ ਬਾਨੀ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਦਾ 4 ਜਨਵਰੀ 2020 ਨੂੰ ਮਨਾਇਆ ਜਾ ਰਿਹਾ 150 ਵਾਂ ਜਨਮ ਦਿਹਾੜਾ ਸਰਕਾਰੀ ਤੌਰ ‘ਤੇ ਮਨਾਇਆ ਜਾਣਾ ਚਾਹੀਦਾ ਹੈ। ਇਸ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕੈਬਨਿਟ ਮੰਤਰੀਆਂ ਸ੍ਰੀ ਓਮ ਪ੍ਰਕਾਸ਼ ਸੋਨੀ, ਸ. ਸੁਖਬਿੰਦਰ ਸਿੰਘ ਸੁਖ ਸਰਕਾਰੀਆ, ਸ. ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸ. ਸੁਖਬਿੰਦਰ ਸਿੰਘ ਸਰਕਾਰੀਆ ਤੇ ਵਿਧਾਇਕ ਡਾ. ਰਾਜਕੁਮਾਰ ਨੂੰ ਲਿਖੇ ਪੱਤਰ ਵਿੱਚ ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਕਿਹਾ ਕਿ ਜਿੱਥੇ ਇਹ ਦਿਹਾੜਾ ਸਰਕਾਰੀ ਤੌਰ ‘ਤੇ ਮਨਾਇਆ ਜਾਵੇ, ਉਥੇ ਬਾਬਾ ਜੀ ਦੀ ਫੋਟੋ ਪਾਰਲੀਮੈਂਟ ਹਾਉਸ ਵਿੱਚ ਲਵਾਉਣ ਲਈ ਕੇਂਦਰ ਸਰਕਾਰ ਪਾਸ ਪਹੁੰਚ ਕੀਤੀ ਜਾਵੇ ਤਾਂ ਜੁ ਉਨ੍ਹਾਂ ਨੂੰ ਬਣਦਾ ਮਾਨ ਸਤਿਕਾਰ ਦਿੱਤਾ ਜਾ ਸਕੇ।
ਅੰਮ੍ਰਿਤਸਰ-ਅਟਾਰੀ ਸੜਕ ‘ਤੇ ਖਾਸਾ ਚੌਂਕ ਵਿੱਚ ਬਾਬਾ ਜੀ ਦਾ ਆਦਮ-ਕੱਦ ਬੁੱਤ ਲਾਉਣ ਲਈ ਲੋੜੀਂਦੇ ਫੰਡ ਜਾਰੀ ਕੀਤੇ ਜਾਣ । ਇੱਥੇ ਦਸਣਯੋੇਗ ਹੈ ਕਿ ਵੱਖ ਵੱਖ ਸਮਿਆਂ ‘ਤੇ ਮੁੱਖ ਮੰਤਰੀਆਂ ਜਿਵੇਂ ਮਰਹੂਮ ਸ. ਬੇਅੰਤ ਸਿੰਘ, ਸ. ਪ੍ਰਕਾਸ਼ ਸਿੰਘ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਹ ਬੁੱਤ ਲਾਉਣ ਦੇ ਐਲਾਨ ਕੀਤੇ ਗਏ ਜਿਨ੍ਹਾਂ ‘ਤੇ ਅਜੇ ਤੀਕ ਅਮਲ ਨਹੀਂ ਹੋਇਆ ਤੇ ਉਹ ਅਖ਼ਬਾਰਾਂ ਦਾ ਸ਼ਿੰਗਾਰ ਬਣੇ ਹੋਏ ਹਨ । ਮੰਚ ਆਗੂ ਦੀ ਇਹ ਵੀ ਮੰਗ ਹੈ ਕਿ ਪਿੰਡ ਵਿੱਚ ਬਾਬਾ ਜੀ ਦੇ ਨਾਂ ‘ਤੇ ਕੋਈ ਵੱਡੀ ਵਿੱਦਿਅਕ ਸੰਸਥਾ ਖੋਲ੍ਹੀ ਜਾਵੇ। ਏਸੇ ਤਰ੍ਹਾਂ ਬਾਬਾ ਜੀ ਦੇ ਨਾਂ ‘ਤੇ ਪਿੰਡ ਵਿਚ ਖੇਡ ਸਟੇਡੀਅਮ ਬਣਾਇਆ ਜਾਵੇ।
ਗੁਰੂ ਨਾਨਕ ਦੇਣ ਯੂਨੀਵਰਸਿਟੀ ਦੀ ਸਹਾਇਤਾ ਨਾਲ ਬਾਬਾ ਜੀ ਵੱਲੋਂ ਪਿੰਡ ਵਿੱਚ ਸਥਾਪਿਤ ਲਾਇਬ੍ਰੇਰੀ ਦਾ ਆਧੁਨੀਕਰਨ ਕੀਤਾ ਜਾਵੇ। ਪਿੰਡ ਨੂੰ ਸਮਾਰਟ ਪਿੰਡ ਐਲਾਨਿਆਂ ਜਾਵੇ ਤਾਂ ਜੋ ਇਸ ਦਾ ਸਰਬਪੱਖੀ ਵਿਕਾਸ ਹੋ ਸਕੇ।
ਪਿੰਡ ਦੇ ਸਕੂਲ ਨੂੰ ਸਮਾਰਟ ਸਕੂਲ ਬਣਾਇਆ ਜਾਵੇ ਜਿਸ ਦਾ ਐਲਾਨ ਸ੍ਰੀ ਓਮ ਪ੍ਰਕਾਸ਼ ਸੋਨੀ ਨੇ ਜਦ ਉਹ ਸਿੱਖਿਆ ਮੰਤਰੀ ਹੁੰਦੇ ਸਨ ਕੀਤਾ ਸੀ। ਪਿੰਡ ਦੇ ਪਾਣੀ ਨੂੰ ਮੁੜ ਵਰਤੋਂ ਵਿੱਚ ਲਿਆਉਣ ਲਈ ਅਧੂਰੇ ਪਏ ਪ੍ਰੋਜੈਕਟ ਨੂੰ ਵੀ ਪੂਰਾ ਕੀਤਾ ਜਾਵੇ।