ਅਸੀਸਾਂ

(ਸਮਾਜ ਵੀਕਲੀ)

ਕਈ ਵਾਰ ਕੋਈ ਨਿੱਕੀ ਜਹੀ ਗੱਲ ਵੀ ਸਾਨੂੰ ਬਹੁਤ ਵੱਡੀ ਖੁਸ਼ੀ ਦੇ ਜਾਂਦੀ ਆ ਇੱਕ ਅਜਿਹੀ ਘਟਨਾ ਮੇਰੇ ਨਾਲ ਵੀ ਹੋਈ ……ਕੁਝ ਦਿਨ ਪਹਿਲਾਂ ਦੀ ਗੱਲ ਆ ਮੈਂ ਬਜਾਰ ਜਾ ਰਹੀ ਸੀ ਰਾਸਤੇ ਵਿਚ ਬਜ਼ੁਰਗ ਮਾਤਾ ਔਖੀ ਹੋ ਕੇ ਤੁਰੀ ਜਾਂਦੀ ਸੀ ਮੈਂ ਕੋਲੋਂ ਦੀ ਐਕਟਿਵਾ ਲੈ ਕੇ ਅੱਗੇ ਲੰਘ ਗਈ. .. ਮੈਂ ਜਦੋਂ ਸ਼ੀਸ਼ੇ ਵਿੱਚ ਦੀ ਪਿੱਛੇ ਦੇਖਿਆ ਮਾਤਾ ਦਾ ਬਹੁਤ ਬੁਰਾ ਹਾਲ ਸੀ. ਉਹ ਪਸੀਨੋ ਪਸੀਨੀ ਹੋਈ ਪਈ ਸੀ. ….ਮੇਰੇ ਕੋਲੋਂ ਅੱਗੇ ਨਾ ਵਧਿਆ ਗਿਆ ਮੈਂ ਓਥੇ ਹੀ ਸਕੂਟਰੀ ਰੋਕ ਲਈ ਜਦੋਂ ਮਾਤਾ ਮੇਰੇ ਕੋਲ ਆਈ ਮੈਂ ਪੁੱਛਿਆ ਮਾਤਾ ਕਿਥੇ ਜਾਣਾ ਤੁਸੀਂ ?

ਕਹਿੰਦੇ ਪੁੱਤ ਬੈਂਕ ਜਾਣਾ ਪੈਨਸ਼ਨ ਲੈਣ. …ਅੱਜ ਕੋਈ ਸਾਧਨ ਹੀ ਨਹੀਂ ਮਿਲਿਆ ..ਮੈਂ ਕਿਹਾ ਕੋਈ ਨਹੀਂ ਮਾਤਾ ਜੀ ਬੈਠ ਜਾਓ. .. ਮੈਂ ਛੱਡ ਆਓਂਦੀ ਆ ਤੁਹਾਨੂੰ ਬੈਂਕ ਅੱਡੇ ਤੋਂ ਵੀ ਥੋੜੀ ਦੂਰ ਆ ਇਸ ਕਰਕੇ ਮੈਂ ਮਾਤਾ ਨੂੰ ਬੈਂਕ ਦੇ ਮੋਹਰੇ ਹੀ ਲਾਹ ਆਈ. ਮਾਤਾ ਨੇ ਮੈਨੂੰ ਪਤਾ ਨਹੀਂ ਕਿੰਨੀਆਂ ਕੁ ਅਸੀਸਾਂ ਦੇ ਦਿੱਤੀਆਂ ਮੈਨੂੰ ਤੇ ਇੰਝ ਲੱਗੇ ਜਿਵੇਂ ਕੋਈ ਬੜਾ ਵੱਡਾ ਤਮਗਾ ਹੀ ਜਿੱਤ ਲਿਆ ਹੋਵੇ ਮੈਂ … ਇਤਫ਼ਾਕ ਕੀ ਹੋਇਆ ਮੈਂ ਜਦੋਂ ਵਾਪਿਸ ਘਰ ਨੂੰ ਚਲੀ ਉਹੀ ਮਾਤਾ ਮੈਨੂੰ ਫੇਰ ਮਿੱਲ ਗਈ ਉਹ ਘਰ ਵਾਪਿਸ ਜਾਣ ਲਈ ਰਿਕਸ਼ੇ ਵਿੱਚ ਬੈਠੇ ਸੀ .. .ਮੈਂ ਮਾਤਾ ਨੂੰ ਹਾਸੇ ਨਾਲ ਬੁਲਾ ਕੇ ਕਿਹਾ ਮਾਤਾ ਜੀ ਮਿੱਲ ਗਈ ਪੈਨਸ਼ਨ ?

ਸਾਡੇ ਪਿੰਡ ਨੂੰ ਜਾਣ ਤੋਂ ਪਹਿਲਾਂ ਇਕ ਪਿੰਡ ਹੋਰ ਆਓਂਦਾ ਉਹ ਮਾਤਾ ਉਸ ਪਿੰਡ ਦੀ ਸੀ. ਮਾਤਾ ਮੈਨੂੰ ਦੇਖ ਕੇ ਫਟਾਫਟ ਰਿਕਸ਼ੇ ਵਿਚੋਂ ਉਤਰ ਆਈ ਉਹ ਕਹਿੰਦੀ ਪੁੱਤ ਜਾਈਂ ਨਾ ਇੱਕ ਮਿੰਟ ਰੁੱਕ ਮੈਨੂੰ ਚੰਗਾ ਨਹੀਂ ਲੱਗਾ ਜਦੋਂ ਮਾਤਾ ਰਿਕਸ਼ੇ ਤੋਂ ਉਤਰ ਗਈ ਕਿਉਂਕਿ ਜਦੋਂ ਮਾਤਾ ਉਤਰੀ ਰਿਕਸ਼ੇ ਵਾਲੇ ਦਾ ਮੂੰਹ ਵੀ ਨਾਲ ਹੀ ਉਦਾਸ ਹੋ ਗਿਆ ਤੇ ਮੈਨੂੰ ਲੱਗਾ ਮੈਂ ਗਰੀਬ ਮਾਰ ਕਰ ਦਿੱਤੀ ਪਰ ਮੈਂ ਗਲਤ ਸੀ ਮਾਤਾ ਨੇ ਰੁਮਾਲ ਵਿੱਚੋ ਕੱਢ ਕੇ ਮੈਨੂੰ 20 ਰੁਪਏ ਦਿੱਤੇ ਮੇਰੇ ਸਿਰ ਤੇ ਹੱਥ ਫੇਰਿਆ ਮੈਨੂੰ ਫੇਰ ਬਹੁਤ ਸਾਰੀਆਂ ਅਸੀਸਾਂ ਦਿਤੀਆਂ … ਮੈਂ ਮਾਤਾ ਜੀ ਨੂੰ ਪੈਸੇ ਵਾਪਿਸ ਦਿੰਦੇ ਹੋਏ ਕਿਹਾ ਮਾਤਾ ਜੀ ਮੈਂ ਕੱਲੀ ਨੇ ਵੀ ਬਜਾਰ ਜਾਣਾ ਹੀ ਸੀ

ਫੇਰ ਕੀ ਹੋਇਆ ਜੇ ਤੁਸੀਂ ਮੇਰੇ ਮਗਰ ਬੈਠ ਗਏ ਨਾਲੇ ਅਸੀਸਾਂ ਇਹਨਾਂ ਪੈਸਿਆਂ ਨਾਲੋਂ ਜ਼ਿਆਦਾ ਕੀਮਤ ਰੱਖਦੀਆਂ ਨੇ ਮੇਰੇ ਲਈ … ਮੈਂ ਬਹੁਤ ਮਨਾ ਕੀਤਾ ਪਰ ਮਾਤਾ ਨੇ ਜਬਰਦਸਤੀ ਮੈਨੂੰ ਪੈਸੇ ਦੇ ਦਿੱਤੇ …..ਮੈਂ ਕੋਈ ਸ਼ਾਹੂਕਾਰ ਤੇ ਨਹੀਂ ਪਰ ਦਿਲ ਬਹੁਤ ਵੱਡਾ ਆ ਮੇਰਾ ਮੈਂ ਮਾਤਾ ਦੇ ਉਹ ਪੈਸੇ ਰੱਖ ਲਏ ਤੇ ਆਪਣੇ ਕੋਲੋਂ 50 ਰੁਪਏ ਕੱਢ ਕੇ ਰਿਕਸ਼ੇ ਵਾਲੇ ਨੂੰ ਦੇ ਦਿੱਤੇ ….ਤੇ ਕਿਹਾ, ਤੁਸੀਂ ਇਹ ਪੈਸੇ ਰੱਖ ਲਵੋ ਮੈਂ ਮਾਤਾ ਜੀ ਨੂੰ ਛੱਡ ਦਿੰਦੀ ਆ ਉਹਨਾਂ ਦੇ ਪਿੰਡ … ਅੱਜ ਤੇ ਜਿਵੇਂ ਰੱਬ ਮੇਰੇ ਤੇ ਮੇਹਰਬਾਨ ਹੋਇਆ ਪਿਆ ਸੀ

ਰਿਕਸ਼ੇ ਵਾਲੇ ਨੇ ਵੀ ਅਸੀਸਾਂ ਦੀ ਝੜੀ ਲਾ ਦਿੱਤੀ .. ਮੈਂ ਮਨ ਹੀ ਮਨ ਖੁਸ਼ ਹੁੰਦੀ ਨੇ ਰੱਬ ਦਾ ਸ਼ੁਕਰਾਨਾ ਕੀਤਾ ਤੇ ਮਾਤਾ ਜੀ ਨੂੰ ਕਿਹਾ ਆਜੋ ਤੁਹਾਨੂੰ ਫੇਰ ਵਾਪਿਸ ਛੱਡ ਦਿੰਦੀ ਆ. ਮੇਰੇ ਮਨ ਅੰਦਰ ਅਲਗ ਜਹੀ ਸੰਤੁਸ਼ਟੀ ਸੀ ਮਾਤਾ ਦੀਆਂ ਤੇ ਰਿਕਸ਼ੇ ਵਾਲੇ ਦੀਆਂ ਅਸੀਸਾਂ ਇੰਝ ਲੱਗ ਰਹੀਆਂ ਸੀ ਜਿਵੇਂ ਪਰਮਾਤਮਾ ਦਾ ਅਸ਼ੀਰਵਾਦ ਹੀ ਮਿੱਲ ਗਿਆ ਹੋਵੇ !!

ਸਰਬਜੀਤ ਕੌਰ ਹਾਜੀਪੁਰ
ਸ਼ਾਹਕੋਟ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਹਿਰੂ ਯੁਵਾ ਕੇਂਦਰ ਬਲਾਕ ਧੂਰੀ ਵੱਲੋਂ IVEP ਪ੍ਰੋਗਰਾਮ ਵਿਖੇ ਕਰਵਾਇਆ ਗਿਆ
Next articleਕੁਝ ਕੁੜੀਆਂ