ਅੰਨਦਾਤਾ ਨੂੰ ਅਸੀਂ ਹੁਣ ਊਰਜਾਦਾਤਾ ਵੀ ਬਣਾ ਰਹੇ ਹਾਂ: ਮੋਦੀ

ਤਿਰੂਵਨੰਤਪੁਰਮ (ਸਮਾਜ ਵੀਕਲੀ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਭਾਰਤ ਵਾਤਾਵਰਨ ਤਬਦੀਲੀ ਦੀ ਸਮੱਸਿਆ ਨਾਲ ਨਜਿੱਠਣ ਲਈ ਸੌਰ ਊਰਜਾ ਦੇ ਮਹੱਤਵ ਵੱਲ ਧਿਆਨ ਦੇ ਰਿਹਾ ਹੈ ਅਤੇ ਦੇਸ਼ ਕਿਸਾਨਾਂ ਨੂੰ ਵੀ ਸੌਰ ਊਰਜਾ ਨਾਲ ਜੋੜਿਆ ਜਾ ਰਿਹਾ ਹੈ। ਇਹ ਗੱਲ ਉਨ੍ਹਾਂ ਆਨਲਾਈਨ ਸਮਾਗਮ ਦੌਰਾਨ ਕੇਰਲਾ ’ਚ ਬਿਜਲੀ ਅਤੇ ਸ਼ਹਿਰੀ ਖੇਤਰ ’ਚ ਕਈ ਅਹਿਮ ਪ੍ਰਾਜੈਕਟਾਂ ਦਾ ਉਦਘਾਟਨ ਕਰਨ ਤੇ ਨੀਂਹ ਪੱਥਰ ਰੱਖਣ ਮੌਕੇ ਕਹੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਅਗਲੇ ਛੇ ਸਾਲਾਂ ਅੰਦਰ ਭਾਰਤ ਦੀ ਸੌਰ ਊਰਜਾ ਦੀ ਸਮਰੱਥਾ 13 ਗੁਣਾ ਵੱਧ ਜਾਵੇਗੀ। ਉਨ੍ਹਾਂ ਕਿਹਾ, ‘ਭਾਰਤ ਸੂਰਜੀ ਊਰਜਾ ਦੀ ਵਰਤੋਂ ਵੱਲ ਧਿਆਨ ਦੇ ਰਿਹਾ ਹੈ। ਅਸੀਂ ਸੂਰਜੀ ਊਰਜਾ ਦੀ ਵਰਤੋਂ ਵਧਾ ਕੇ ਵਾਤਾਵਰਨ ਖ਼ਿਲਾਫ਼ ਜੰਗ ’ਚ ਹਿੱਸਾ ਪਾਉਣਾ ਚਾਹੁੰਦੇ ਹਾਂ ਤੇ ਨਾਲ ਹੀ ਆਪਣੇ ਕਾਰੋਬਾਰੀਆਂ ਨੂੰ ਹੁਲਾਰਾ ਦੇਣਾ ਚਾਹੁੰਦੇ ਹਾਂ।’

ਉਨ੍ਹਾਂ ਕਿਹਾ, ‘ਦੇਸ਼ ਦੇ ਕਿਸਾਨਾਂ ਨੂੰ ਸੌਰ ਊਰਜਾ ਦੇ ਖੇਤਰ ਨਾਲ ਜੋੜਨ ਲਈ ਕੰਮ ਵੀ ਚੱਲ ਰਿਹਾ ਹੈ। ਅਸੀਂ ਆਪਣੇ ਅੰਨਦਾਤਾ ਨੂੰ ਊਰਜਾਦਾਤਾ ਵੀ ਬਣਾਉਣਾ ਚਾਹੁੰਦੇ ਹਾਂ।’

ਉਨ੍ਹਾਂ ਕਿਹਾ ਕਿ ਭਾਰਤ ਨੇ ਕੌਮਾਂਤਰੀ ਸੋਲਰ ਗੱਠਜੋੜ ਰਾਹੀਂ ਸਾਰੀ ਦੁਨੀਆਂ ਨੂੰ ਨੇੜੇ ਲਿਆਂਦਾ ਹੈ। ਪ੍ਰਧਾਨ ਮੰਤਰੀ ਨੇ ਅੱਜ 320 ਕੇਵੀ ਪੁਗਾਲੁਰ (ਤਾਮਿਲ ਨਾਡੂ)-ਤ੍ਰਿਸੂਰ (ਕੇਰਲਾ) ਬਿਜਲੀ ਪ੍ਰਾਜੈਕਟ, 50 ਮੈਗਾਵਾਟ ਕਸਾਰਗੋਡ ਸੌਰ ਊਰਜਾ ਪ੍ਰਾਜੈਕਟ ਅਤੇ ਅਰੂਵਿਕਾਰਾ ’ਚ 75 ਐੱਮਐੱਲਡੀ ਜਲ ਸੋਧ ਪਲਾਂਟ ਦਾ ਉਦਘਾਟਨ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਤਿਰੂਵਨੰਤਪੁਰਮ ’ਚ ਏਕੀਕ੍ਰਿਤ ਕਮਾਨ ਤੇ ਕੰਟਰੋਲ ਕੇਂਦਰ ਅਤੇ ਤਿਰੂਵਨੰਤਪੁਰਮ ’ਚ ਸਮਾਰਟ ਸੜਕ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ।

Previous articleਸੰਯੁਕਤ ਕਿਸਾਨ ਮੋਰਚੇ ਵੱਲੋਂ 23 ਨੂੰ ‘ਪਗੜੀ ਸੰਭਾਲ’ ਦਿਵਸ ਮਨਾਉਣ ਦਾ ਸੱਦਾ
Next articleਭਾਰਤ ਤੇ ਚੀਨ ਦਰਮਿਆਨ ਹੋਰ ਇਲਾਕੇ ਖਾਲੀ ਕਰਨ ਲਈ ਵਾਰਤਾ ਅੱਜ