ਅੰਗਹੀਣਾਂ ਨੂੰ ਡੀ.ਆਈ.ਡੀ. ਪ੍ਰੋਜੈਕਟ ਤਹਿਤ ‘ਯੂਨੀਕ ਕਾਰਡ’ ਜਾਰੀ ਲਈ ਵਿਸ਼ੇਸ਼ ਕੈਂਪ

ਫੋਟੋ ਕੈਪਸ਼ਨ- ਕਪੂਰਥਲਾ ਵਿਖੇ ਅੰਗਹੀਣਾਂ ਲਈ ਲਗਾਏ ਗਏ ਕੈਂਪ ਦਾ ਦ੍ਰਿਸ਼

ਜਿਲਾ ਹਸਪਤਾਲ, ਸਬ ਡਵੀਜਨਲ ਹਸਪਤਾਲ, ਸੀ.ਐਚ.ਸੀ  ਤੇ ਪੀ.ਐਚ.ਸੀ ਪੱਧਰ ‘ਤੇ ਲੱਗ ਰਹੇ ਹਨ ਕੈਂਪ

ਕਪੂਰਥਲਾ (ਸਮਾਜ ਵੀਕਲੀ) (ਹਰਜੀਤ ਸਿੰਘ ਵਿਰਕ) :ਕਪੂਰਥਲਾ ਜਿਲੇ ਅੰਦਰ ਅੰਗਹੀਣਾਂ ਨੂੰ ‘ਯੂਨੀਕ ਕਾਰਡ’ ਜਾਰੀ ਕਰਨ ਲਈ ਵਿਸ਼ੇਸ਼ ਕੈਂਪ ਲਾਏ ਜਾ ਰਹੇ ਹਨ ਤਾਂ ਜੋ ਉਹਨਾਂ ਨੂੰ ਕਿਸੇ ਵੀ ਥਾਂ ਆਨਲਾਇਨ ਅਸੈਸ ਕਰਕੇ ਅੰਗਹੀਣ ਵਿਅਕਤੀ ਆਪਣਾ ਬਣਦਾ ਲਾਭ ਲੈ ਸਕਣ।

ਸਹਾਇਕ ਸਿਵਲ ਸਰਜਨ ਕਮ ਨੋਡਲ ਅਫਸਰ ਯੂ.ਡੀ.ਆਈ.ਡੀ. ਪ੍ਰੋਜੈਕਟ ਡਾ. ਰਮੇਸ਼ ਕੁਮਾਰੀ ਬੰਗਾ ਨੇ ਦੱਸਿਆ ਕਿ ਪਹਿਲਾਂ ਅੰਗਹੀਣ ਵਿਅਕਤੀਆਂ ਨੂੰ ਵਿਭਾਗ ਵੱਲੋਂ ਦਸਤਾਵੇਜ਼ੀ ਸਰਟੀਫਿਕੇਟ ਜਾਰੀ ਕੀਤੇ ਜਾਂਦੇ ਸਨ ਜਿਨਾਂ ਦੀ ਸਾਂਭ ਸੰਭਾਲ ਬਹੁਤ ਜਿਆਦਾ ਸੀ ਪਰ  ਹੁਣ ਸਰਕਾਰ ਵੱਲੋਂ ਸ਼ੁਰੂ ਕੀਤੇ ਯੂ.ਡੀ.ਆਈ.ਡੀ. ਪ੍ਰੋਜੈਕਟ ਤਹਿਤ ਉਨਾਂ ਨੂੰ ਵਿਸ਼ੇਸ਼ ਆਈ.ਡੀ. ਕਾਰਡ ਜਾਰੀ ਕੀਤਾ ਜਾ ਰਿਹਾ ਹੈ, ਜਿਸ ਨੂੰ ਕਿਸੇ ਵੀ ਥਾਂ ਤੇ ਆਨਲਾਈਨ ਚੈਕ ਕੀਤਾ ਜਾ ਸਕੇਗਾ। ਉਨਾਂ ਇਹ ਵੀ ਦੱਸਿਆ ਕਿ ਯੂ.ਡੀ.ਆਈ.ਡੀ. ਕਾਰਡ ਜਾਰੀ ਹੋਣ ਨਾਲ ਅੰਗਹੀਣ ਵਿਅਕਤੀਆਂ ਨੂੰ ਮੈਡੀਕਲ ਸਰਟੀਫਿਕੇਟ ਬਣਵਾਉਣ ਲਈ ਵਾਰ- ਵਾਰ ਹਸਪਤਾਲ ਨਹੀਂ ਆਉਣਾ ਪਏਗਾ।

ਉਨਾਂ ਇਹ ਵੀ ਦੱਸਿਆ ਕਿ ਅੰਗਹੀਣ ਵਿਅਕਤੀ ਖੁਦ ਨੂੰ ਸੇਵਾ ਕੇਂਦਰਾਂ ਤੇ ਸਿਵਲ ਹਸਪਤਾਲ ਵਿਚ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ, ਜਿਸ ਲਈ ਆਧਾਰ ਕਾਰਡ, ਵੋਟਰ ਕਾਰਡ, ਉਮਰ ਦਾ ਪਰੂਫ ਤੇ ਪਾਸਪੋਰਟ ਸਾਈਜ ਫੋਟੋਆਂ ਨਾਲ ਲੈ ਕੇ ਆਉਣਾ ਜ਼ਰੂਰੀ ਹੈ। ਜਿਲੇ ਵਿਚ ਵੱਖ-ਵੱਖ ਥਾਵਾਂ ‘ਤੇ ਇਨਾਂ ਕੈਂਪਾਂ ਨੂੰ ਲਗਾਉਣ ਦਾ ਉਦੇਸ਼ ਅੰਗਹੀਣ ਵਿਅਕਤੀਆਂ ਨੂੰ ਉਨਾਂ ਦੇ ਨਜਦੀਕੀ ਜਗਾ ‘ਤੇ ਹੀ ਕਾਰਡ ਬਣਵਾਉਣ ਦੀ ਸਹੂਲਤ ਦੇਣਾ ਹੈ, ਜਿੱਥੇ ਕਿ ਵੱਖ-ਵੱਖ ਬੀਮਾਰੀਆਂ ਦੇ ਮਾਹਿਰ ਡਾਕਟਰਾਂ ਵੱਲੋਂ ਚੈਕਅਪ ਕਰ ਕੇ ਅੰਗਹੀਣ ਵਿਅਕਤੀਆਂ ਨੂੰ ਉਨਾਂ ਦੀ ਡਿਸਐਬੀਲਿਟੀ ਦੇ ਹਿਸਾਬ ਨਾਲ ਕਾਰਡ ਜਾਰੀ ਕੀਤੇ ਜਾਂਦੇ ਹਨ। ਡਾ. ਰਮੇਸ਼ ਕੁਮਾਰੀ ਬੰਗਾ ਨੇ ਦੱਸਿਆ ਕਿ ਯੂ.ਡੀ.ਆਈ.ਡੀ. ਪ੍ਰੋਜੈਕਟ ਦਾ ਉਦੇਸ਼ ਡਿਸਐਬੀਲਿਟੀ ਸਰਟੀਫਿਕੇਟ ਜਾਰੀ ਕਰਨ ਦੇ ਕੰਮ ਵਿਚ ਪਾਰਦਰਸ਼ਿਤਾ ਤੇ ਇਕਸਾਰਤਾ ਲੈ ਕੇ ਆਉਣਾ ਹੈ।

ਜ਼ਿਕਰਯੋਗ ਹੈ ਕਿ ਸਿਹਤ ਵਿਭਾਗ ਵੱਲੋਂ ਜਿਲਾ ਹਸਪਤਾਲ, ਸਬ ਡਵੀਜਨਲ ਹਸਪਤਾਲ, ਸੀ.ਐਚ.ਸੀ ਤੇ ਪੀ.ਐਚ.ਸੀ ਪੱਧਰ ਤੇ ਇਹ ਕੈਂਪ ਲਗਾਏ ਜਾ ਰਹੇ ਹਨ।

Previous articleਪਰਖ਼ ਨਾ ਸਾਡਾ ਸਬਰ, ਬੜਾ ……
Next articleਇਹ ਕੋਈ ਆਮ ਸਮਾਂ ਨਹੀਂ, ਸਗੋਂ ਇਸ ਵਕਤ ਲੋੜ ਹੈ ਕਿਸਾਨਾਂ ਦੀ ਇਕਜੁਟਤਾ ਦਾ ਹਿੱਸਾ ਬਣਨ ਦੀ।