ਅਹਿਮਦਾਬਾਦ (ਸਮਾਜ ਵੀਕਲੀ) : ਅਹਿਮਦਾਬਾਦ ਦੇ ਇੱਕ ਨਿੱਜੀ ਹਸਪਤਾਲ ’ਚ ਅੱਜ ਤੜਕੇ ਅੱਗ ਲੱਗਣ ਕਾਰਨ ਕੋਵਿਡ-19 ਦੇ ਅੱਠ ਮਰੀਜ਼ਾਂ ਦੀ ਮੌਤ ਹੋ ਗਈ।
ਅਧਿਕਾਰੀ ਨੇ ਦੱਸਿਆ ਕਿ ਕੋਵਿਡ-19 ਦੇ ਮਰੀਜ਼ਾਂ ਦੇ ਇਲਾਜ ਲਈ ਨਵਰੰਗਪੁਰ ਇਲਾਕੇ ਦੇ ਸ਼੍ਰੇਅ ਹਸਪਤਾਲ ’ਚ ਅੱਜ ਤੜਕੇ ਕਰੀਬ ਸਾਢੇ ਤਿੰਨ ਵਜੇ ਅੱਗ ਲੱਗ ਗਈ। ਹਾਦਸੇ ’ਚ ਆਈਸੀਯੂ ਵਾਰਡ ’ਚ ਦਾਖਲ ਪੰਜ ਪੁਰਸ਼ ਤੇ ਤਿੰਨ ਮਹਿਲਾਵਾਂ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਹਸਪਤਾਲ ’ਚ ਕੋਵਿਡ-19 ਦੇ ਕਰੀਬ 40 ਹੋਰ ਮਰੀਜ਼ਾਂ ਨੂੰ ਬਚਾ ਲਿਆ ਗਿਆ ਹੈ ਅਤੇ ਉਨ੍ਹਾਂ ਨੂੰ ਸ਼ਹਿਰ ਦੇ ਇੱਕ ਹੋਰ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ।
ਅਹਿਮਦਾਬਾਦ ਦੇ ਫਾਇਰ ਬ੍ਰਿਗੇਡ ਵਿਭਾਗ ਨੇ ਕਿਹਾ ਅੱਗ ’ਤੇ ਕਾਬੂ ਪਾ ਲਿਆ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਮੁੱਢਲੀ ਜਾਂਚ ’ਚ ਇਹ ਅੱਗ ਸ਼ਾਰਟ ਸਰਕਿਟ ਕਾਰਨ ਲੱਗੀ ਹੋਣ ਦੀ ਗੱਲ ਸਾਹਮਣੇ ਆਈ ਹੈ। ਇਸੇ ਵਿਚਾਲੇ ਮੁੱਖ ਮੰਤਰੀ ਵਿਜੈ ਰੁਪਾਣੀ ਨੇ ਘਟਨਾ ਦੀ ਜਾਂਚ ਦੇ ਹੁਕਮ ਦਿੰਦਿਆਂ ਤਿੰਨ ਦਿਨਾਂ ਅੰਦਰ ਰਿਪੋਰਟ ਮੰਗੀ ਹੈ।