ਲਾਹੋਵਲ (ਸਮਾਜ ਵੀਕਲੀ): ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਅਸਾਮ ਦੇ ਡਿਬਰੂਗੜ੍ਹ ਜ਼ਿਲ੍ਹੇ ਵਿਚ ਕਾਲਜ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਜੇ ਉਨ੍ਹਾਂ ਦੀ ਪਾਰਟੀ ਅਸਾਮ ਵਿਚ ਸੱਤਾ ਉਤੇ ਕਾਬਜ਼ ਹੁੰਦੀ ਹੈ ਤਾਂ ਉਹ ਯਕੀਨੀ ਬਣਾਉਣਗੇ ਕਿ ਨਾਗਰਿਕਤਾ ਸੋਧ ਐਕਟ (ਸੀਏਏ) ਰਾਜ ਵਿਚ ਲਾਗੂ ਨਾ ਹੋਵੇ। ਕਾਂਗਰਸ ਆਗੂ ਨੇ ਕਿਹਾ ਕਿ ਕੋਈ ਵੀ ਧਰਮ ਨਫ਼ਰਤ ਨਹੀਂ ਸਿਖਾਉਂਦਾ।
ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ‘ਲੋਕਾਂ ਵਿਚ ਪਾੜ ਪਾਉਣ ਲਈ ਨਫ਼ਰਤ ਵੇਚ ਰਹੀ ਹੈ।’ ਰਾਹੁਲ ਨੇ ਆਰਐੱਸਐੱਸ ਦਾ ਨਾਂ ਲਏ ਬਗੈਰ ਕਿਹਾ ‘ਨਾਗਪੁਰ ਵਿਚ ਇਕ ਤਾਕਤ ਹੈ ਜੋ ਕਿ ਪੂਰੇ ਮੁਲਕ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ।’ ਪਰ ਨੌਜਵਾਨਾਂ ਨੂੰ ਇਸ ਕੋਸ਼ਿਸ਼ ਦਾ ਪਿਆਰ ਤੇ ਵਿਸ਼ਵਾਸ ਨਾਲ ਵਿਰੋਧ ਕਰਨਾ ਪਵੇਗਾ ਕਿਉਂਕ ਉਹੀ ਮੁਲਕ ਦਾ ਭਵਿੱਖ ਹਨ। ਗਾਂਧੀ ਅਸਾਮ ਦੇ ਦੋ ਦਿਨਾ ਦੌਰੇ ਉਤੇ ਹਨ ਤੇ ਭਲਕੇ ਮੈਨੀਫੈਸਟੋ ਰਿਲੀਜ਼ ਕਰ ਸਕਦੇ ਹਨ। ਇਕ ਟਵੀਟ ਰਾਹੀਂ ਰਾਹੁਲ ਨੇ ਕਿਹਾ ਕਿ ਗ਼ੈਰ-ਯੋਜਨਾਬੱਧ ਢੰਗ ਨਾਲ ਲਾਇਆ ਗਿਆ ਲੌਕਡਾਊਨ ਅਜੇ ਵੀ ਮੁਲਕ ਨੂੰ ਡਰਾ ਰਿਹਾ ਹੈ।
ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਲੱਖਾਂ ਪਰਿਵਾਰਾਂ ਨੇ ਕੇਂਦਰ ਸਰਕਾਰ ਦੀ ‘ਅਯੋਗਤਾ ਤੇ ਦੂਰਅੰਦੇਸ਼ੀ ਦੀ ਘਾਟ’ ਦਾ ਖ਼ਮਿਆਜ਼ਾ ਭੁਗਤਿਆ ਹੈ। ਜ਼ਿਕਰਯੋਗ ਹੈ ਕਿ ਸਰਕਾਰ ਨੇ ਪਿਛਲੇ ਸਾਲ 24 ਮਾਰਚ ਨੂੰ ਕਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਦੇਸ਼ ਵਿਆਪੀ ਤਾਲਾਬੰਦੀ ਕਰ ਦਿੱਤੀ ਸੀ। ਦੱਸਣਯੋਗ ਹੈ ਕਿ ਲੌਕਡਾਊਨ ਦੇ ਮੁੱਦੇ ’ਤੇ ਗਾਂਧੀ ਲਗਾਤਾਰ ਸਰਕਾਰ ਨੂੰ ਨਿਸ਼ਾਨਾ ਬਣਾਉਂਦੇ ਰਹੇ ਹਨ ਤੇ ਕਹਿੰਦੇ ਰਹੇ ਹਨ ਕਿ ਇਸ ਕਾਰਨ ਗਰੀਬਾਂ ਤੇ ਪ੍ਰਵਾਸੀ ਮਜ਼ਦੂਰਾਂ ਨੂੰ ਬਹੁਤ ਔਖ ਝੱਲਣੀ ਪਈ।
ਰਾਹੁਲ ਨੇ ਟਵੀਟ ਕਰ ਕੇ ਇਨ੍ਹਾਂ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ। ਗਾਂਧੀ ਨੇ ਇਕ ਮੀਡੀਆ ਰਿਪੋਰਟ ਦਾ ਵੀ ਹਵਾਲਾ ਦਿੱਤਾ ਜਿਸ ਵਿਚ ਯੂਨੀਸੈੱਫ ਦਾ ਅਧਿਐਨ ਪ੍ਰਕਾਸ਼ਿਤ ਕੀਤਾ ਗਿਆ ਹੈ। ਇਸ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਕੋਵਿਡ-19 ਕਾਰਨ ਭਾਰਤ ਵਿਚ ਬੱਚਿਆਂ ਦੀਆਂ ਸਭ ਤੋਂ ਵੱਧ ਮੌਤਾਂ ਹੋ ਸਕਦੀਆਂ ਹਨ। ਇਸ ਤੋਂ ਇਲਾਵਾ ਜਣੇਪੇ ਵੇਲੇ ਵੀ ਕਾਫ਼ੀ ਮੌਤਾਂ ਹੋਣ ਦੀ ਸੰਭਾਵਨਾ ਹੈ। ਇਹ ਅੰਕੜੇ ਦੱਖਣੀ ਏਸ਼ਿਆਈ ਦੇਸ਼ਾਂ ਬਾਰੇ ਹਨ।