ਅਸ਼ਵਨੀ ਸ਼ਰਮਾ ਦੀ ਗੱਡੀ ’ਤੇ ਹਮਲਾ

ਹੁਸ਼ਿਆਰਪੁਰ (ਸਮਾਜ ਵੀਕਲੀ) : ਖੇਤੀ ਬਿੱਲਾਂ ਦੀ ਹਮਾਇਤ ਕਰਨਾ ਭਾਰਤੀ ਜਨਤਾ ਪਾਰਟੀ ਨੂੰ ਆਉਣ ਵਾਲੇ ਦਿਨਾਂ ’ਚ ਭਾਰੀ ਪੈ ਸਕਦਾ ਹੈ। ਇਸ ਦਾ ਅੰਦਾਜ਼ਾ ਅੱਜ ਉਸ ਸਮੇਂ ਲੱਗ ਗਿਆ ਜਦੋਂ ਜਲੰਧਰ ਤੋਂ ਪਠਾਨਕੋਟ ਜਾ ਰਹੇ ਪਾਰਟੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਗੱਡੀ ’ਤੇ ਕੁੱਝ ਵਿਅਕਤੀਆਂ ਨੇ ਜੋ ਕਿਸਾਨ ਸਮਰਥਕ ਦੱਸੇ ਜਾਂਦੇ ਹਨ ਨੇ ਚੌਲਾਂਗ ਟੋਲ ਪਲਾਜ਼ਾ ’ਤੇ ਹਮਲਾ ਕਰ ਦਿੱਤਾ ਤੇ ਉਨ੍ਹਾਂ ਦੀ ਗੱਡੀ ਦੀ ਭੰਨਤੋੜ ਕੀਤੀ।

ਅਸ਼ਵਨੀ ਸ਼ਰਮਾ ਨੇ ਇਹ ਹਮਲਾ ਕਿਸਾਨਾਂ ਵਲੋਂ ਕੀਤੇ ਜਾਣ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਇਸ ਨੂੰ ਸਰਕਾਰ ਦੀ ਸਾਜਿਸ਼ ਕਰਾਰ ਦਿੱਤਾ ਹੈ। ਰਾਤ ਕਰੀਬ ਪੌਣੇ 8 ਵਜੇ ਭਾਜਪਾ ਪ੍ਰਧਾਨ ਜਦੋਂ ਜਲੰਧਰ ਵਿੱਚ ਪਾਰਟੀ ਦੀ ਮੀਟਿੰਗ ਕਰ ਕੇ ਪਠਾਨਕੋਟ ਜਾ ਰਹੇ ਸਨ ਤਾਂ ਰਸਤੇ ਵਿਚ ਚੌਲਾਂਗ ਟੋਲ ਪਲਾਜ਼ਾ ’ਤੇ ਉਨ੍ਹਾਂ ਦੀ ਕਰੇਟਾ ਗੱਡੀ ’ਤੇ ਪੱਥਰਾਂ ਤੇ ਬੇਸ ਬਾਲ ਬੱਲਿਆਂ ਨਾਲ ਹਮਲਾ ਹੋਇਆ। ਸ਼ਰਮਾ ਤਾਂ ਵਾਲ-ਵਾਲ ਬਚ ਗਏ ਪਰ ਗੱਡੀ ਦਾ ਭਾਰੀ ਨੁਕਸਾਨ ਹੋਇਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਹੁਸ਼ਿਆਰਪੁਰ ਜ਼ਿਲ੍ਹੇ ਦੇ ਭਾਜਪਾ ਆਗੂ ਮੌਕੇ ’ਤੇ ਪਹੁੰਚ ਗਏ। ਸ਼ਰਮਾ ਖੁਦ ਆਪਣੀ ਸ਼ਿਕਾਇਤ ਲਿਖਵਾਉਣ ਲਈ ਦਸੂਹਾ ਥਾਣੇ ਪੁੱਜੇ ਪਰ ਪੁਲੀਸ ਨਾਲ ਤਕਰਾਰ ਹੋਣ ’ਤੇ ਭਾਜਪਾ ਆਗੂ ਭੜਕ ਗਏ ਅਤੇ ਰੋਸ ਵਜੋਂ ਥਾਣੇ ਦੇ ਬਾਹਰ ਧਰਨੇ ’ਤੇ ਬੈਠ ਗਏ। ਖ਼ਬਰ ਲਿਖੇ ਜਾਣ ਤੱਕ ਇਲਾਕੇ ’ਚ ਤਣਾਅ ਬਣਿਆ ਹੋਇਆ ਸੀ।

ਸ੍ਰੀ ਸ਼ਰਮਾ ਨੇ ਕਿਹਾ ਕਿ ਹਮਲਾ ਕਰਨ ਵਾਲੇ ਕਿਸਾਨ ਕਦੇ ਨਹੀਂ ਹੋ ਸਕਦੇ। ਉਨ੍ਹਾਂ ਦੱਸਿਆ ਕਿ ਉਹ ਅਕਸਰ ਇਸ ਰੂਟ ਤੋਂ ਲੰਘਦੇ ਹਨ ਪਰ ਟੌਲ ਪਲਾਜ਼ਾ ’ਤੇ ਧਰਨੇ ’ਤੇ ਬੈਠੇ ਕਿਸਾਨਾਂ ਨੇ ਨਾਅਰੇਬਾਜ਼ੀ ਤੋਂ ਇਲਾਵਾ ਕਦੀ ਕੁੱਝ ਨਹੀਂ ਕਿਹਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਗੱਡੀ ਦਾ ਦੋ ਹੋਰ ਗੱਡੀਆਂ ਪਿੱਛਾ ਕਰ ਰਹੀਆਂ ਸਨ, ਜਿਵੇਂ ਹੀ ਟੌਲ ਪਲਾਜ਼ਾ ’ਤੇ ਉਨ੍ਹਾਂ ਦੀ ਗੱਡੀ ਹੌਲੀ ਹੋਈ, ਤਾਂ ਕਾਰ ਸਵਾਰਾਂ ਨੇ ਉਸ ’ਤੇ ਹਮਲਾ ਕਰ ਦਿੱਤਾ। ਉਨ੍ਹਾਂ ਸਿੱਧੇ ਤੌਰ ’ਤੇ ਇਸ ਹਮਲੇ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੀ ਸ਼ਹਿ ’ਤੇ ਭਾਜਪਾ ਆਗੂਆਂ ਦੇ ਘਿਰਾਓ ਹੋ ਰਹੇ ਹਨ।

Previous articleਤਿਊਹਾਰਾਂ ਵਿੱਚ ਮੰਗ ਵਧਾਊਣ ਲਈ ਕੇਂਦਰੀ ਮੁਲਾਜ਼ਮਾਂ ਨੂੰ ਗੱਫੇ
Next articleUnion ministers Meghwal, Chaudhary conveners for Raj municipal polls