(ਸਮਾਜ ਵੀਕਲੀ)
ਸਾਡੀਆਂ ਤਾਂ ਸੋਹਣਿਓ ਨੇ ਅਰਜੀਆਂ ਬੱਸ ਅਰਜੀਆਂ।
ਮੰਨਜੂਰ, ਨਾਮਨਜ਼ੂਰ ਤੁਸੀ ਜੋ ਵੀ ਕਰੋ ਮਰਜੀਆਂ।
ਆਸਾਂ ਤੇ ਉਮੀਦਾਂ ਮੱਲੋਮਲੀ ਵਧੀ ਜਾਂਦੀਆਂ,
ਮੁੜਦੀਆਂ ਨਾ ਮੋੜਿਆਂ ਮੈਂ ਬਹੁਤ ਵਾਰੀ ਵਰਜੀਆਂ।
ਵਾਸ਼ਨਾਵਾਂ ਇਹਨਾਂ ਤੋਂ ਵੀ ਨੇ ਅੱਗੇ ਟੱਪ ਜਾਂਦੀਆਂ,
ਰਹਿੰਦੀਆਂ ਦਿਮਾਗ ‘ਤੇ ਬਿਜਲੀ ਦੇ ਵਾਗੂੰ ਗਰਜੀਆਂ।
ਜੋ ਵੀ ਹੈ ਪਰ ਅਸਲ ਕਾਰਨ ਤੇਰੀਆਂ ਮੁਹੱਬਤਾਂ,
ਵੱਖਰੀ ਹੈ ਗੱਲ ਥੋਨੂੰ ਲਗਦੀਆਂ ਖੁਦਗਰਜ਼ੀਆਂ।
ਲੋੜ ਤੋਂ ਵੱਧ ਕੁਝ ਵੀ ਕਹਿੰਦੇ ਸੌਖਾ ਆਉਂਦਾ ਰਾਸ ਨਹੀਂ,
ਤਾਹੀਉਂ ਸ਼ਾਇਦ ਹੋ ਰਹੀਆਂ ਨੇ ਰੋਮੀ ਤੋਂ ਐਲਰਜੀਆਂ।
ਹੁਣ ਤਾਂ ਘੜਾਮੇਂ ਜਿੰਦਾ ਪਰ ਜਦ ਅਸਲ ਲਾਸ਼ ਬਣ ਗਿਆ,
ਲੋਕਾਂ ਵਾਗੂੰ ਤੂੰ ਵੀ ਗੱਲਾਂ ਕਰ ਲਵੀਂ *ਅਚਰਜੀਆਂ।
ਸਾਡੀਆਂ ਤਾਂ ਸੋਹਣਿਓ ਨੇ ਅਰਜੀਆਂ ਬੱਸ ਅਰਜੀਆਂ।
ਮੰਨਜੂਰ, ਨਾਮਨਜ਼ੂਰ ਤੁਸੀ ਜੋ ਵੀ ਕਰੋ ਮਰਜੀਆਂ।
ਰੋਮੀ ਘੜਾਮੇਂ ਵਾਲ਼ਾ ।
98552-81105