ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਜ਼ਿਲ੍ਹਾ ਹੁਸ਼ਿਆਰਪੁਰ ਦੀ ਛੋਟੀ ਜਿਹੀ ਅਬਾਦੀ ਵਾਲੇ ਪਿੰਡ ਬੈਂਸ ਖੁਰਦ ਵਿਖੇ ਪਿਤਾ ਸਰਦਾਰ ਅਮਰ ਸਿੰਘ ਦੇ ਗ੍ਰਹਿ ਅਤੇ ਮਾਤਾ ਗੁਰਦਿਆਲ ਕੌਰ ਜੀ ਦੀ ਕੁੱਖੋਂ ਫੰਗਣ ਸਿੰਘ ਨੇ ਜਨਮ ਲਿਆ। ਜੋ ਅੱਜਕੱਲ ਹੁਸ਼ਿਆਰਪੁਰ ਜ਼ਿਲ੍ਹੇ ਦਾ ਮਾਣ ਬਣਿਆ ਹੈ। ਫੰਗਣ ਸਿੰਘ ਤਿੰਨ ਭਰਾ ਅਤੇ ਦੋ ਭੈਣਾਂ ਹਨ, ਸਿੱਖਿਆ ਪਿੰਡ ਦੇ ਸਕੂਲ ਤੋਂ ਪ੍ਰਾਪਤ ਕੀਤੀ ਅਤੇ ਪਿਤਾ ਨਾਲ ਖੇਤੀਬਾੜੀ ਕਰਨ ਲੱਗ ਪਏ, ਨਾਲ – ਨਾਲ ਲਿਖਣ ਦਾ ਸ਼ੌਂਕ ਪੈਦਾ ਹੋ ਗਿਆ।
ਪਰ ਰੋਜ਼ੀ ਰੋਟੀ ਲਈ ਇਸ ਕਲਮਕਾਰ ਨੇ ਵਤਨੋਂ ਦੂਰ ਜਾਣ ਦਾ ਫੈਸਲਾ ਕਰ ਲਿਆ ਅਤੇ ਅਮਰੀਕਾ ਡੇਰੇ ਲਗਾ ਲਏ। ਉਹਨਾਂ ਦਾ ਵਿਆਹ ਜਸਬੀਰ ਕੌਰ ਨਾਲ ਹੋਇਆ ਜਿਸ ਤੋਂ ਦੋ ਪੁੱਤਰਾਂ ਪ੍ਰਿਤਪਾਲ ਸਿੰਘ, ਨਵਦੀਪ ਸਿੰਘ ਨੇ ਜਨਮ ਲਿਆ ਪਰ ਦੀ ਜਿੰਮੇਵਾਰੀ ਨੂੰ ਬਹੁਤ ਵਧੀਆ ਢੰਗ ਨਾਲ ਕਰਨ ਲਈ ਧਾਮੀ ਨੇ ਟਰੱਕ ਡਰਾਈਵਰ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਨਾਲ ਹੀ ਲਿਖਣ ਦਾ ਸ਼ੌਂਕ ਜਾਰੀ ਰੱਖਿਆ। ਫੰਗਣ ਸਿੰਘ ਧਾਮੀ ਨੇ ਆਪਣੇ ਗੀਤ ਜਿੰਨ੍ਹਾਂ ਵਿਚ ‘ਮੁੱਖੋਂ ਭੁੱਲ ਗਿਆ ਲੈਣਾ ਤੇਰਾ ਨਾਮ ਰੱਬਾ, ਸਿੰਘ ਦਿਨੇ ਵਿਖਾਉਂਦੇ ਤਾਰੇ, ਨਾਨਕ ਯਾਰ ਗਰੀਬਾਂ ਦਾ , ਸ਼ਹੀਦ ਊੁਧਮ ਸਿੰਘ, ਪੁੱਤ ਪੰਜਾਬ ਦਾ, ਸਾਕਾ ਜ਼ਲਿ੍ਹਆਂ ਵਾਲੇ ਬਾਗ ਦਾ, ਦੁਨੀਆਂ ਪੈਸਾ ਪੈਸਾ ਕਰਦੀ, ਵਿਸ਼ੇਸ਼ ਹਨ।
ਧਾਮੀ ਦੇ ਗੀਤਾਂ ਨੂੰ ਵੱਖ ਵੱਖ ਕਲਾਕਾਰਾਂ ਨੇ ਰਿਕਾਰਡ ਕਰਵਾਇਆ ਹੈ। ਕਦੇ ਆਪਣੇ ਪਿਤਾ ਦੇ ਨਾਮ ਤੇ ਤੇਲੂ ਦੀਆਂ ਬੈਂਸਾਂ ਪਿੰਡ ਵਿਚ ਮਸ਼ਹੂਰ ਹੋਏ ਅਤੇ ਹੁਣ ਧਾਮੀ ਦੇ ਨਾਮ ਦੀ ਪਿੰਡ ਚਰਚਾ ਹੈ। ਅੱਜਕੱਲ ਫੰਗਣ ਸਿੰਘ ਧਾਮੀ ਕੈਲੇਫੋਰਨੀਆਂ ਦੇ ਸ਼ਹਿਰ ਸੈਕਰਾਮੈਂਟੋ ਵਿਚ ਆਪਣੇ ਪਰਿਵਾਰ ਨੂਹਾਂ ਪੁੱਤਰਾਂ ਨਾਲ ਰਹਿ ਰਹੇ ਹਨ ਅਤੇ ਉਨ੍ਹਾਂ ਦੀ ਧਰਮ ਪਤਨੀ ਬੀਬੀ ਜਸਵੀਰ ਕੌਰ ਕੁਝ ਸਮਾਂ ਪਹਿਲਾਂ ਉਨ੍ਹਾਂ ਨੂੰ ਸਦੀਵੀਂ ਵਿਛੋੜਾ ਦੇ ਗਏ। ਹੁਣ ਜਲਦੀ ਹੀ ਧਾਮੀ ਦੇ ਲਿਖੇ ਗੀਤ ਇੰਟਰਨੈਸ਼ਨਲ ਗਾਇਕ ਸੁਖਵਿੰਦਰ ਪੰਛੀ ਦੀ ਅਵਾਜ਼ ਵਿਚ ਆ ਰਹੇ ਹਨ ਅਤੇ ਉਨ੍ਹਾਂ ਦੇ ਲਿਖੇ ਗੀਤਾਂ ਦੀ ਕਿਤਾਬ ਵੀ ਜਲਦੀ ਹੀ ਰਿਲੀਜ਼ ਹੋਵੇਗੀ। ਪਰਮਾਤਮਾ ਅਜਿਹੀ ਸੁਹਿਰਦ ਕਲਮ ਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇ ਤਾਂ ਕਿ ਉਹ ਆਉਣ ਵਾਲੇ ਸਮੇਂ ਵਿਚ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਸੇਵਾ ਕਰ ਸਕੇ।