ਮੋਦੀ ਸਰਕਾਰ ਦੇ ਅੜੀਅਲ ਰਵੱਈਏ ਤੋਂ ਦੁਖੀ ਕਿਸਾਨ ਜਸਕੀਰਤ ਸਿੰਘ ਨੇ 7 ਏਕੜ ਆਲੂ ਦੀ ਫਸਲ ਖੇਤਾਂ ਵਿਚ ਹੀ ਵਾਹੀ

ਕਿਸਾਨਾਂ ਦੇ ਦੁੱਖ ਨੂੰ ਨਾ ਸਹਾਰਦਿਆਂ ਭਰੇ ਮਨ ਨਾਲ ਲਿਆ ਫ਼ੈਸਲਾ -ਜਸਕੀਰਤ ਸਿੰਘ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਕਾਲੇ ਖੇਤੀ ਕਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਘਰਸ਼ ਕਰ ਰਹੇ, ਕਿਸਾਨਾਂ ਦੇ ਦੁੱਖ ਨੂੰ ਗੰਭੀਰਤਾ ਨਾਲ ਲੈਂਦਿਆਂ ਤੇ ਆਲੂ ਦਾ ਯੋਗ ਭਾਅ ਨਾ ਮਿਲਣ ਤੋਂ ਨਿਰਾਸ਼ ਹੋ ਕੇ ਪਿੰਡ ਗੋਸਲ ਦੇ ਕਿਸਾਨ ਜਸਕੀਰਤ ਸਿੰਘ ਨੇ ਅੱਜ ਸ਼ਾਮ ਆਪਣੀ ਸੱਤ ਏਕੜ ਆਲੂਆਂ ਦੀ ਪੁੱਤਾਂ ਵਾਂਗੂ ਪਾਲੀ ਫਸਲ ਖੇਤਾਂ ਵਿੱਚ ਹੀ ਵਾਹ ਦਿੱਤੀ । ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਸਕੀਰਤ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਉਨ੍ਹਾਂ ਆਪਣੀ ਮਾਲਕੀ ਵਾਲੀ ਸੱਤ ਏਕੜ ਜ਼ਮੀਨ ਵਿਚ ਪੱਚੀ ਸੌ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਆਲੂ ਦਾ ਬੀਜ ਲੈ ਕੇ ਬੀਜਿਆ ਸੀ, ਤੇ ਇਸ ਸਮੇਂ ਆਲੂ ਦਾ ਭਾਅ 800 ਰੁਪਏ ਕੁਇੰਟਲ ਹੈ ਤੇ ਆਉਣ ਵਾਲੇ ਦਿਨ ਭਾਅ ਵਿਚ ਭਾਰੀ ਗਿਰਾਵਟ ਆ ਰਹੀ ।

ਜਿਸ ਕਾਰਨ ਉਸ ਨੂੰ ਆਲੂ ਦਾ ਯੋਗ ਭਾਅ ਮਿਲਣ ਦਾ ਕੋਈ ਆਸਾਰ ਨਹੀਂ ਤੇ ਏਨੇ ਰੇਟ ਨਾਲ ਉਸ ਦੀ ਬੀਜੀ ਫਸਲ ਦੇ ਪੈਸੇ ਪੂਰੇ ਨਹੀਂ ਹੋ ਸਕਦੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਖੇਤੀ ਕਾਨੂੰਨ ਰੱਦ ਨਾ ਕਰਨ ਕਾਰਨ ਕਿਸਾਨ ਅੰਦੋਲਨ ਲੰਮਾ ਹੋ ਰਿਹਾ ਹੈ , ਤੇ ਕਿਸਾਨ ਕੜਾਕੇ ਦੀ ਠੰਢ ਦੌਰਾਨ ਸਰਕਾਰ ਵਿਰੁੱਧ ਡਟੇ ਹੋਏ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਦੁੱਖ ਨੂੰ ਨਾ ਸਹਾਰਦਿਆਂ ਉਸ ਨੇ ਆਪਣੀ ਆਲੂ ਦੀ ਫਸਲ ਖੇਤਾਂ ਵਿਚ ਹੀ ਵਾਹੁਣ ਦਾ ਫ਼ੈਸਲਾ ਲਿਆ ਹੈ ,ਤਾਂ ਮੋਦੀ ਸਰਕਾਰ ਨੂੰ ਇਹ ਸੰਦੇਸ਼ ਮਿਲ ਸਕੇ ਕਿ ਕਿਸਾਨ ਕਿੰਨੇ ਦੁਖੀ ਹਨ ?

ਜਸਕੀਰਤ ਸਿੰਘ ਨੇ ਦੱਸਿਆ ਕਿ ਦਿਨ ਬ ਦਿਨ ਆਰਥਿਕ ਤੌਰ ਤੇ ਕਮਜ਼ੋਰ ਹੋ ਰਹੇ ਕਿਸਾਨ ਖ਼ੁਦਕੁਸ਼ੀਆਂ ਕਰ ਰਹੇ ਹਨ। ਜਿਸ ਲਈ ਸਰਕਾਰ ਸਿੱਧੇ ਤੌਰ ਤੇ ਜ਼ਿੰਮੇਵਾਰ ਹੈ । ਉਨ੍ਹਾਂ ਕਿਹਾ ਕਿ ਆਲੂ ਦੀ ਫਸਲ ਖੇਤਾਂ ਵਿਚ ਵਾਹੁਣ ਦਾ ਫ਼ੈਸਲਾ ਉਸ ਨੇ ਬਹੁਤ ਹੀ ਭਰੇ ਮਨ ਨਾਲ ਲਿਆ ਹੈ। ਜਸਕੀਰਤ ਸਿੰਘ ਨੇ ਦੱਸਿਆ ਕਿ ਆਲੂ ਦੀ ਫ਼ਸਲ ਦਾ ਕੋਈ ਸਮਰਥਨ ਮੁੱਲ ਨਹੀਂ ਤੇ ਨਾ ਹੀ ਇਸ ਦਾ ਕੋਈ ਮੰਡੀਕਰਨ ਹੈ ਤੇ ਇਸ ਹਾਲਤ ਵਿੱਚ ਉਸ ਦੇ ਕੀਤੇ ਗਏ ਖਰਚੇ ਪੂਰੇ ਹੋਣ ਦੀ ਕੋਈ ਉਮੀਦ ਨਹੀਂ ਹੈ ।

Previous articleAustralia win toss, elect to bat in 2nd Test
Next articleAfter a dry 2020, Indian hockey teams aim for Olympic podium in 2021